ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਗਰੀਬ ਮਜ਼ਦੂਰਾਂ ਵੱਲੋਂ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਕੱਢਿਆ ਗਿਆ ਝੰਡਾ ਮਾਰਚ

ਸਮਾਲਸਰ,4 ਮਈ (ਜਸਵੰਤ ਗਿੱਲ)-ਕਸਬਾ ਸਮਾਲਸਰ ਦੀ ਪੰਚਾਇਤ ਵੱਲੋਂ ਕੀਤੀ ਜਾ ਰਹੀ ਪੰਚਾਇਤੀ ਬੋਲੀ ਦਾ ਵਿਰੋਧ ਕਰਦਿਆ ਕਸਬੇ ਦੇ ਗਰੀਬ ਮਜ਼ਦੂਰਾਂ ਨੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਝੰਡਾ ਮਾਰਚ ਕੱਢਕੇ ਆਪਣੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਰੱਦ ਕਰਵਾ ਲਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਯੂਨੀਅਨ ਦੇ ਜਿਲ੍ਹਾ ਸੈਕਟਰੀ ਮੰਗਾ ਸਿੰਘ ਵੈਰੋਕੇ,ਬਲਾਕ ਸਕੱਤਰ ਬਲਕਾਰ ਸਿੰਘ ਸਮਾਲਸਰ,ਇਕਾਈ ਪ੍ਰਧਾਨ ਮੇਜਰ ਸਿੰਘ ਨੇ ਦੱਸਿਆ ਕਿ ਅੱਜ ਕਸਬੇ ਦੀ ਪੰਚਾਇਤ ਵੱਲੋਂ ਪੰਚਾਇਤੀ ਜ਼ਮੀਨ ਦੀ ਬੋਲੀ ਲਗਵਾਈ ਜਾ ਰਹੀ ਸੀ ਜਿਸ ਦੇ ਵਿਰੋਧ ਵੱਜੋਂ ਕਸਬੇ ਦੇ ਗਰੀਬ ਮਜ਼ਦੂਰਾਂ ਨੇ ਪਿੰਡ ਵਿੱਚ ਝੰਡਾ ਮਾਰਚ ਕਰਕੇ ਆਪਣੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਜੋ ਕਿ ਮਜ਼ਦੂਰਾਂ ਦੀ ਰਾਖਵੀਂ ਹੈ ਦੀ ਬੋਲੀ ਰੱਦ ਕਰਵਾ ਦਿੱਤੀ ਹੈ।ਉਨ੍ਹਾਂ ਕਿਹਾ ਕਿ ਹਰ ਸਾਲ ਪੰਚਾਇਤ ਇਸ ਜ਼ਮੀਨ ਦੀ ਬੋਲੀ ਕਿਸੇ ਗਰੀਬ ਵਿਅਕਤੀ ਤੋਂ ਲਗਵਾ ਕੇ ਜ਼ਮੀਨ ਕਿਸੇ ਅਮੀਰ ਨੂੰ ਦੇ ਦਿੰਦੀ ਸੀ ਪਰ ਇਸ ਵਾਰ ਮਜ਼ਦੂਰਾਂ ਨੇ ਇਕੱਠੇ ਹੋ ਕੇ ਇਸ ਦਾ ਵਿਰੋਧ ਕੀਤਾ ਤੇ ਜ਼ਮੀਨ ਦੀ ਬੋਲੀ ਰੱਦ ਕਰਵਾ ਦਿੱਤੀ ਹੈ।ਉਨ੍ਹਾਂ ਕਿਹਾ ਕਿ ਗਰੀਬ ਮਜ਼ਦੂਰਾਂ ਦੀ ਇਹ ਜਿੱਤ ਉਨ੍ਹਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟਾਂ ਲਈ ਅੱਗੇ ਵੱਧਣ ਦਾ ਹੌਸ਼ਲਾ ਦੇਵੇਗੀ।ਬਲਕਾਰ ਸਿੰਘ ਅਤੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਗਰੀਬ ਮਜ਼ਦੂਰਾਂ ਦੀ ਮੰਗ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨਹੀਂ ਹੋਣ ਦਿੱਤੀ ਜਾਵੇਗੀ,ਕਿਉਂਕਿ ਜ਼ਮੀਨ ਦਾ ਸਵਾਲ ਮਜ਼ਦੂਰਾਂ ਦੇ ਮਾਣ ਸਨਮਾਨ ਦੀ ਗੱਲ ਹੈ,ਹੁਣ ਮਜ਼ਦੂਰ ਇੱਕ ਜੰਗ ਜਿੱਤ ਕੇ ਘਰਾਂ ਨੂੰ ਨਹੀਂ ਪਰਤਣਗੇ ਸਗੋਂ ਜ਼ਮੀਨ ਪ੍ਰਾਪਤੀ ਦੀ ਜੰਗ ਲੜ੍ਹਣ ਲਈ ਤਿਆਰੀਆਂ ਖਿੱਚਣਗੇ।ਉਨ੍ਹਾਂ ਕਿਹਾ ਕਿ ਜਦੋਂ ਤੱਕ ਮਜ਼ਦੂਰਾਂ ਨੂੰ ਪੰਜ-ਪੰਜ ਮਰਲੇ ਪਲਾਟ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਆਪਣਾ ਸੰਘਰਸ ਜਾਰੀ ਰੱਖੇਗੀ।ਮੰਗਾ ਸਿੰਘ ਵੈਰੋਕੇ ਅਤੇ ਬਲਕਾਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਸਰਪੰਚ ਅਮਰਜੀਤ ਕੌਰ ਨੇ ਮਜ਼ਦੂਰਾਂ ਦੇ ਵਿਰੋਧ ਅੱਗੇ ਝੁਕਦਿਆ ਪੰਜ-ਪੰਜ ਮਰਲੇ ਦੇ ਪਲਾਟਾਂ ਸਬੰਧੀ ਆਪਣਾ ਮਤਾ ਪਾ ਦਿੱਤਾ ਹੈ ਅਤੇ ਦੂਸਰੇ ਸਰਪੰਚਾਂ ਨੇ ਵੀ ਜਲਦ ਹੀ ਮਤਾ ਪਾਉਣ ਦਾ ਭਰੋਸਾ ਦਿੱਤਾ ਹੈ।ਇਸ ਮੌਕੇ ਛਿੰਦਰ ਸਿੰਘ,ਪੱਪੀ ਸਿੰਘ,ਜੈਬ ਸਿੰਘ,ਰਜਿੰਦਰਪਾਲ ਸਿੰਘ,ਬੂਟਾ ਸਿੰਘ,ਬਾਬਾ ਮਲਕੀਤ ਸਿੰਘ,ਪ੍ਰੇਮ ਸਿੰਘ,ਮਿੱਠੂ ਸਿੰਘ,ਦੇਬੀ ਸਿੰਘ,ਤਰਸੇਮ ਸਿੰਘ,ਹਰਚਰਨ ਕੌਰ,ਕੁਲਵਿੰਦਰ ਕੌਰ,ਸੁਖਜੀਤ ਕੌਰ,ਜਸਵੀਰ ਕੌਰ,ਜਮੇਰ ਕੌਰ,ਬਸੰਤ ਕੌਰ ਅਤੇ ਗੁਰਦੇਵ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਗਰੀਬ ਮਜ਼ਦੂਰ ਹਾਜ਼ਰ ਸਨ।