ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਨੇ ਮਰੀਜ਼ ਦੇ ਇਲਾਜ ਲਈ ਕੀਤੀ ਆਰਥਿਕ ਮੱਦਦ

ਫਰੀਦਕੋਟ/ਕੋਟਕਪੂਰਾ, 4 ਮਈ (ਟਿੰਕੂ ਪਰਜਾਪਤੀ) :- ਹਾਂਗਕਾਂਗ ਵਿੱਚ ਰਹਿ ਰਹੇ ਪੰਜਾਬੀਆਂ ਵੱਲੋਂ ਪੰਜਾਬ ਦੇ ਲੋੜਵੰਦਾਂ ਲਈ ਚਲਾਈ ਜਾ ਰਹੀ ਸੰਸਥਾ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਲੋੜਵੰਦ ਮਰੀਜ਼ ਦੇ ਇਲਾਜ ਲਈ 15 ਹਜਾਰ ਰੁਪਏ ਨਾਲ ਆਰਥਿਕ ਮਦਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਤਿੰਦਰ ਸਿੰਘ ਬਰਾੜ ਅਤੇ ਬਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਮੋਗਾ ਜਿਲੇ ਦੇ ਪਿੰਡ ਬੌਡੇ ਦੇ ਲੋੜਵੰਦ ਮਰੀਜ਼ ਸਤਨਾਮ ਸਿੰਘ ਵੱਲੋਂ ਮੱਦਦ ਲਈ ਪਹੁੰਚ ਕੀਤੀ ਗਈ ਸੀ, ਜਿਸ ਦੀ ਪੜਤਾਲ ਲਈ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸੇਵਾਦਾਰ ਭਾਈ ਸ਼ਿਵਜੀਤ ਸਿੰਘ ਸੰਘਾ ਦੀ ਜਿੰਮੇਵਾਰੀ ਲਾਈ ਗਈ। ਭਾਈ ਸੰਘਾ ਨੇ ਦੱਸਿਆ ਕਿ ਮਰੀਜ਼ ਸਤਨਾਮ ਸਿੰਘ ਪਿੰਡ ਲੋਪੋਂ ਦੇ ਅੱਡੇ ਵਿੱਚ ਹਾਕਰ ਦਾ ਕੰਮ ਕਰਦਾ ਸੀ ਅਤੇ ਟਰਾਲੀ ਦੇ ਡਾਲੇ ਵਿੱਚ ਲੱਤਾਂ ਅਉਣ ਕਾਰਨ ਜਖਮੀਂ ਹੋ ਗਿਆ। ਇਲਾਜ ਦੌਰਾਨ ਉਸਦੀਆਂ ਲੱਤਾਂ ਦੀ ਚਮੜੀ ਖਰਾਬ ਹੋਣੀ ਸ਼ੁਰੂ ਹੋ ਗਈ, ਜਿਸਦੇ ਇਲਾਜ ਲਈ ਉਹ ਮੋਗਾ, ਪਟਿਆਲਾ ਅਤੇ ਲੁਧਿਆਣਾ ਵਿੱਚ ਦਾਖਲ ਰਿਹਾ ਹੈ। ਇਸ ਦੌਰਾਨ ਉਸਦੀ ਸਾਰੀ ਜਮਾਂ ਪੂੰਜੀ ਖਰਚ ਹੋ ਗਈ। ਗੁਰੂ ਗੋਬਿੰਦ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਦੇ ਚਮੜੀ ਵਿਭਾਗ ’ਚ ਦਾਖਲ ਤਿੰਨ ਬੱਚੀਆਂ ਦੇ ਇਸ ਬਾਪ ਨੇ ਇਲਾਜ ਵਿੱਚ ਮਦਦ ਲਈ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਨੂੰ ਅਪੀਲ ਕੀਤੀ, ਜਿਸ ’ਤੇ ਟਰੱਸਟ ਵੱਲੋਂ 15 ਹਜਾਰ ਰੁਪਏ ਦੀ ਮੱਦਦ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਹਰਪ੍ਰੀਤ ਸਿੰਘ ਭਿੰਡਰ ਵੱਲੋਂ ਮਰੀਜ਼ ਦੇ ਸਪੁਰਦ ਕੀਤੀ ਗਈ। ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਦੇ ਸਮੂਹ ਸੇਵਾਦਾਰ ਵੀਰਾਂ ਦਾ ਧੰਨਵਾਦ ਕੀਤਾ।