ਸਰਕਾਰ ਦੀ ਅਣਗਹਿਲੀ ਕਾਰਨ ਹਜਾਰਾਂ ਟਨ ਕਣਕ ਖਰਾਬ ਹੋਈ: ਐਡਵੋਕੇਟ ਨਸੀਬ ਬਾਵਾ ਪ੍ਰਧਾਨ ਆਪ ਮੋਗਾ

ਮੋਗਾ,3 ਮਈ (ਜਸ਼ਨ):  ਕੱਲ ਪੰਜਾਬ ਵਿਚ ਜਬਰਦਸਤ ਹਨੇਰੀ ਅਤੇ ਮੀਂਹ ਕਾਰਨ ਕਿਸਾਨਾਂ ਅਤੇ ਸਰਕਾਰ ਦੀ ਹਜਾਰਾਂ ਟਨ ਕਣਕ ਭਿਜ ਕੇ ਖਰਾਬ ਹੋਈ ਹੈ। ਜੋ ਮੰਡੀਆਂ ਵਿਚੋਂ ਸਮੇਂ ਸਿਰ ਕਣਕ ਦੀ ਲਿਫਟਿੰਗ ਨਾਂ ਹੋਣ ਕਾਰਨ ਹੋਈ ਹੈ। ਆਮ ਆਦਮੀ ਪਾਰਟੀ ਦੇ ਜਿ਼ਲ੍ਹਾ ਪ੍ਰਧਾਨ ਨੇ ਇਸ ਨੂੰ ਸਰਕਾਰ ਅਤੇ ਪ੍ਰਸਾਸ਼ਨ ਦੀ ਸਾਂਝੀ ਜਿੰਮੇਵਾਰੀ ਕਰਾਰ ਦਿੱਤਾ ਹੈ ਕਿਉਂਕਿ ਕਣਕ ਦੀ ਕਟਾਈ ਨੂੰ ਪੂਰਿਆਂ ਹੋਇਆ ਕ੍ਰੀਬ ਇਕ ਹਫਤਾ ਹੋ ਚੁੱਕਾ ਹੈ ਅਤੇ ਹਰ ਕਿਸਾਨ ਨੇ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਨੂੰ ਸਮੇਂ ਸਿਰ ਮੰਡੀਆਂ ਵਿਚ ਲੈ ਕੇ ਆਂਦਾ ਹੈ। ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੇ ਇਕ ਹਫਤਾ ਪਹਿਲਾਂ ਦੌਰਾ ਕਰਕੇ ਸਰਕਾਰ ਅਤੇ ਪ੍ਰਸਾਸ਼ਨ ਦੇ ਧਿਆਨ ਵਿਚ ਲਿਆਂਦਾ ਸੀ ਕਿ ਮੰਡੀਆਂ ਵਿਚੋਂ ਕਣਕ ਦੀ ਲਿਫਟਿੰਗ ਬਹੁਤ ਧੀਮੀ ਹੈ ਅਤੇ ਇਸ ਨਾਲ ਮੌਸਮ ਦੀ ਮਾਰ ਪੈ ਸਕਦੀ ਹੈ। ਮਾਨਯੋਗ ਡਿਪਟੀ ਕਮਿਸ਼ਨ ਮੋਗਾ ਦੀ ਹਦਾਇਤ ਦੇ ਬਾਵਜੂਦ ਕਰਮਚਾਰੀਆਂ ਨੇ ਅਣਗਹਿਲੀ ਕੀਤੀ। ਇਸ ਤੋਂ ਬਿਨਾਂ ਮੌਸਮ ਵਿਭਾਗ ਨੇ ਵੀ ਪਿਛਲੇ ਦੋ ਦਿਨ ਤੋਂ ਪੰਜਾਬ ਵਿਚ ਮੀਂਹ ਦੀ ਸੰਭਾਵਨਾ ਬਾਰੇ ਦੱਸ ਦਿੱਤਾ ਸੀ ਪ੍ਰੰਤੂ ਫਿਰ ਵੀ ਪ੍ਰਸਾਸ਼ਨ ਦੀ ਅਣਗਹਿਲੀ ਕਾਰਨ ਹਜਾਰਾਂ ਟਨ ਕਣਕ ਪੰਜਾਬ ਵਿਚ ਖਰਾਬ ਹੋ ਚੁੱਕੀ ਹੈ, ਜਿਸ ਦਾ ਸਿਧਾ ਅਸਰ ਹਰ ਇਕ ਵਿਅਕਤੀ ਦੀ ਅਰਥ ਵਿਵਸਥਾ ਤੇ ਪਵੇਗਾ ਕਿਉਂਕਿ ਭਿਜੀ ਹੋਈ ਕਣਕ ਇਨਸਾਨ ਦੇ ਖਾਣ ਦੇ ਕਾਬਲ ਨਹੀਂ ਰਹਿੰਦੀ ਅਤੇ ਇਹ ਸਿਲ੍ਹੀ ਕਣਕ ਸਟੋਰਾਂ ਵਿਚ ਰੱਖਣ ਨਾਲ ਸੜ ਜਾਂਦੀ ਹੈ। ਵਰਨਣ ਯੋਗ ਹੈ ਕਿ ਇਕ ਕਿਸਾਨ ਛੇ ਮਹੀਨੇ ਫਸਲ ਦੀ ਪਰਵਰਸ਼ ਕਰਦਾ ਹੈ ਅਤੇ ਬੜੇ ਯਤਨਾਂ ਨਾਲ ਫਸਲ ਕੱਢ ਕੇ ਮੰਡੀ ਵਿਚ ਲੈ ਕੇ ਆਉਂਦਾ ਹੈ ਪ੍ਰੰਤੂ ਪ੍ਰਸਾਸ਼ਨ ਕੁਝ ਕੁ ਦਿਨ ਵੀ ਇਸ ਦੀ ਪਰਵਾਹ ਨਹੀਂ ਕਰਦਾ। ਆਮ ਆਦਮੀ ਪਾਰਟੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਜਿਹੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਜਿਨਾਂ ਦੀ ਅਣਗਹਿਲੀ ਕਾਰਨ ਕਣਕ ਦਾ ਭਾਰੀ ਨੁਕਸਾਨ ਹੋਇਆ ਹੈ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ