ਮੋਗਾ ਦੇ 35 ਕਰੋੜ ਦੇ ਵਿਕਾਸ ਕਾਰਜ ਚੜ ਰਹੇ ਹਨ ਰਾਜਨੀਤੀ ਦੀ ਭੇਂਟ,15 ਦਿਨਾਂ ਚ’ ਟੈਂਡਰ ਨਾ ਲਗਾਏ ਤਾਂ ਕਰਾਂਗੇ ਸੰਘਰਸ਼: ਸਚਦੇਵਾ

ਮੋਗਾ, 3 ਮਈ  (ਪੱਤਰ ਪਰੇਰਕ)-ਪਿਛਲੇ ਕਈ ਦਹਾਕਿਆਂ ਤੋਂ ਮੋਗਾ ਨੂੰ ਸੋਹਣਾ ਬਨਾਉਣ ਦਾ ਸੁਪਣਾ ਦੇਖਣ ਵਾਲੇ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਆਸ ਦਿਨੋਂ-ਦਿਨ ਟੁੱਟਦੀ ਜਾ ਰਹੀ ਹੈ ਅਜ਼ਾਦੀ ਦੇ 70 ਸਾਲ ਬਾਅਦ ਵੀ ਮੋਗਾ ਨਿਵਾਸੀ ਟੁੱਟੀਆਂ ਸੜਕਾਂ, ਨਾ ਪੀਣ ਯੋਗ ਪਾਣੀ, ਬੰਦ ਸਟਰੀਟ ਲਾਈਟਾਂ ਅਤੇ ਅਵਾਰਾ ਪਸ਼ੂਆਂ ਜਿਹੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹਨ। ਮੋਗਾ ਦਾ ਵਿਕਾਸ ਪਹਿਲਾਂ ਦੋ ਸਿਆਸੀ ਪਰਿਵਾਰਾਂ ਦੀ ਖਿੱਚੋਤਾਨ ਦਾ ਸ਼ਿਕਾਰ ਹੁੰਦਾ ਰਿਹਾ ਅਤੇ ਸਰਕਾਰ ਬਦਲਣ ਤੋਂ ਬਾਅਦ ਕੁੱਝ ਪ੍ਰਸ਼ਾਸ਼ਨਿਕ ਅਧਿਕਾਰੀ ਵਿਕਾਸ ਵਿਰੋਧੀ ਰਾਜਨੀਤੀਕ ਲੀਡਰਾਂ ਦੀ ਸ਼ਹਿ ਤੇ ਵਿਕਾਸ ਕਾਰਜਾਂ ਵਿੱਚ ਜਾਣਬੁੱਝ ਕੇ ਅੜਚਨਾ ਪਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਾਰ ਤੋਂ ਸਟੇਟ ਅਵਾਰਡ ਨਾਲ ਸਨਮਾਨਿਤ ਸੰਸਥਾ ‘ਐਂਟੀ ਕਰੱਪਸ਼ਨ ਅਵੇਰਨੈਸ ਔਰਗਨਾਈਜੇਸ਼ਨ, ਪੰਜਾਬ’ ਅਤੇ ‘ਸੋਹਣਾ ਮੋਗਾ ਸੋਸਾਇਟੀ’ ਦੇ ਚੇਅਰਮੈਨ ਕੌਂਸਲਰ ਗੁਰਪ੍ਰੀਤ ਸਿੰਘ ਸਚਦੇਵਾ ਨੇ ਆਪਣੇ ਗ੍ਰਹਿ ਵਿਖੇ ਇਕ ਹੰਗਾਮੀ ਮੀਟਿੰਗ ਦੋਰਾਨ ਪੱਤਰਕਾਰਾਂ ਨਾਲ ਰੂਬਰੂ ਹੁੰਦੇ ਸਮੇਂ ਕਹੇ। ਇਸ ਸਮੇਂ ਗੁਰਪ੍ਰੀਤ ਸਿੰਘ ਸਚਦੇਵਾ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਕੁੱਝ ਲੀਡਰਾਂ ਵੱਲੋਂ ਸਿਆਸੀ ਲਾਹਾ ਲੈਣ ਲਈ ਮੋਗਾ ਨਿਵਾਸੀਆਂ ਦੀਆਂ ਸਮੱਸਿਆਵਾਂ ਨੂੰ ਅਣਦੇਖਿਆ ਕਰਕੇ, ਨਗਰ ਨਿਗਮ ਮੋਗਾ ਦਾ ਢੰਗ-ਟਪਾਊ ਨੀਤੀ ਨਾਲ ਕੰਮ ਚਲਾਇਆ ਜਾ ਰਿਹਾ ਹੈ। ਮੋਗਾ ਨਗਰ ਨਿਗਮ ਵੱਲੋਂ ਸਾਲ 2018-19 ਦਾ 67 ਕਰੋੜ ਦਾ ਬਜਟ ਪਾਸ ਕੀਤਾ ਗਿਆ ਸੀ ਜੋ ਕਿ ਮੋਗਾ ਨਿਵਾਸੀਆਂ ਦੇ ਖੂਨ ਪਸੀਨੇ ਦੀ ਕਮਾਈ ਦੇ ਪੈਸੇ ਹਨ। ਇਹਨਾਂ ਵਿੱਚੋਂ 33 ਕਰੋੜ ਰੁ: ਵਿਕਾਸ ਕਾਰਜਾਂ ਲਈ ਰਾਖਵਾਂ ਰੱਖਿਆ ਗਿਆ ਹੈ ਅਤੇ 35 ਕਰੋੜ ਦੇ ਕੰਮਾਂ ਦੇ ਸਿਰਫ ਟੈਂਡਰ ਲਗਾਉਣੇ ਬਾਕੀ ਹਨ ਜੇਕਰ ਇਸ ਸਾਲ ਇਹ ਟੈਂਡਰ ਲਗਾਕੇ ਇਮਾਨਦਾਰੀ ਨਾਲ ਸਾਰੇ ਪੈਸੇ ਖਰਚ ਹੋ ਜਾਣ ਤਾਂ ਮੋਗੇ ਦੀ ਨੁਹਾਰ ਬਦਲ ਜਾਵੇਗੀ। ਗੁਰਪ੍ਰੀਤ ਸਿੰਘ ਸਚਦੇਵਾ ਨੇ ਕਿਹਾ ਕਿ ਮਾੜੇ ਰਾਜਨੀਤਕ ਹਲਾਤਾਂ ਕਾਰਣ ਕਈ-ਕਈ ਮਹੀਨੇ ਨਗਰ ਨਿਗਮ ਹਾਊਸ ਦੀ ਮੀਟਿੰਗ ਨਹੀਂ ਹੁੰਦੀ ਅਤੇ ਮੀਟਿੰਗ ਵਿੱਚ ਜੋ ਮਤੇ ਪਾਸ ਹੁੰਦੇ ਹਨ ਤਾਂ ਉਹਨਾਂ ਨੂੰ ਕਈ-ਕਈ ਮਹੀਨੇ ਸਥਾਨਕ ਸਰਕਾਰਾਂ ਵਿਭਾਗ ਚੰਡੀਗੜ ਵੱਲੋਂ ਰੋਕ ਲਿਆ ਜਾਂਦਾ ਹੈ ਜੇਕਰ ਚੰਡੀਗਡ ਤੋਂ ਕੁੱਝ ਮਤੇ ਪਾਸ ਹੋਕੇ ਆ ਵੀ ਜਾਂਦੇ ਹਨ ਤਾਂ ਕਈ-ਕਈ ਮਹੀਨੇ ਟੈਂਡਰ ਨਹੀਂ ਲਗਾਏ ਜਾਂਦੇ, ਜੇਕਰ ਟੈਂਡਰ ਲੱਗ ਜਾਂਦੇ ਹਨ ਤਾਂ ਠੇਕੇਦਾਰਾਂ ਨੂੰ ਵਰਕ ਆਡਰ ਜਾਰੀ ਕਰਨ ਵਿੱਚ ਕਈ ਮਹੀਨੇ ਲਗਾ ਦਿੱਤੇ ਜਾਂਦੇ ਹਨ ਅਤੇ ਕਈ ਠੇਕੇਦਾਰ ਵਰਕ ਆਡਰ ਲੈਣ ਤੋਂ ਬਾਅਦ ਵੀ ਕਈ-ਕਈ ਮਹੀਨੇ ਕੰਮ ਸ਼ੁਰੂ ਨਹੀਂ ਕਰਦੇ ਅਤੇ ਅਧਿਕਾਰੀਆਂ ਵੱਲੋਂ ਮਿਲੀਭੁਗਤ ਕਰਕੇ ਨਾ ਠੇਕੇਦਾਰਾਂ ਨੂੰ ਕੋਈ ਜੁਰਮਾਨਾ ਕੀਤਾ ਜਾਂਦਾ ਹੈ ਤੇ ਨਾਂਹੀ ਕਿਸੇ ਨੂੰ ਬਲੈਕ ਲਿਸਟ ਕੀਤਾ ਜਾਂਦਾ ਹੈ। ਹੋਰ ਤਾਂ ਹੋਰ ਮੋਗਾ ਨਗਰ ਨਿਗਮ ਸਬੰਧੀ ਸ਼ਿਕਾਇਤ ਦਰਜ ਕਰਵਉਣ ਲਈ ਜਾਰੀ ਕੀਤਾ ਹੈਲਪਲਾਈਨ ਨੰਬਰ ਵੀ ਬਿੱਲ ਨਾ ਜਮਾਂ ਕਰਵਾਉਣ ਕਾਰਣ ਪਿਛਲੇ 10 ਮਹੀਨਿਆਂ ਤੋਂ ਬੰਦ ਹੈ। ਉਨਾਂ ਅੱਗੇ ਕਿਹਾ ਕਿ ਮਾੜੇ ਹਲਾਤਾ ਨੂੰ ਦੇਖਦੇ ਹੋਏ ਮੋਗਾ ਨਿਵਾਸੀਆਂ ਨੂੰ ਕੁੱਝ ਰਾਹਤ ਦਵਾਉਣ ਲਈ ਸਾਡੀ ਸੰਸਥਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਤਾਰ ਇੰਟਰਲੋਕਿੰਗ ਟਾਇਲਾਂ, ਸੀਮੈਂਟ, ਬੱਜਰੀ ਨਾਲ ਦਰਜਨ ਦੇ ਕਰੀਬ ਸੜਕਾ ਦੀ ਮੁਰੰਮਤ ਕਰਕੇ ਖੱਡੇ ਭਰੇ ਗਏ ਹਨ। ਪਿਛਲੇ 4 ਮਹੀਨਿਆਂ ਤੋਂ ਆਪਣੇ ਹੱਥੀ ਆਪਣੇ ਖਰਚੇ ਤੇ ਸ਼ਹਿਰ ਨਿਵਾਸੀ ਸੜਕਾਂ ਦੀ ਮੁਰੰਮਤ ਕਰ ਰਹੇ ਹਨ ਅਤੇ ਜਿੰਮੇਦਾਰ ਅਧਿਕਾਰੀ ਤੇ ਲੀਡਰ ਬੇਸ਼ਰਮਾਂ ਦੀ ਤਰਾਂ ਤਮਾਸ਼ਾ ਦੇਖ ਰਹੇ ਹਨ ਜੋ ਬਰਦਾਸ਼ਤਯੋਗ ਨਹੀਂ। ਉਹਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 15 ਦਿਨਾਂ ਦੇ ਅੰਦਰ-ਅੰਦਰ 35 ਕਰੋੜ ਦੇ ਟੈਂਡਰ ਨਾ ਲਗਾਏ ਗਏ ਅਤੇ ਟੈਂਡਰ ਲੱਗੇ ਹੋਏ ਕੰਮ ਸ਼ੁਰੂ ਨਾ ਕਰਵਾਏ ਗਏ ਤਾਂ ਇਸ ਧੱਕੇਸ਼ਾਹੀ ਵਿਰੁੱਧ ਇੰਕਲਾਬੀ ਚੇਤਨਾ ਲਹਿਰ ਸ਼ੁਰੂ ਕਰਕੇ ਮੋਗਾ ਨਿਵਾਸੀਆਂ ਨੂੰ ਲਾਂਮਬੰਦ ਕੀਤਾ ਜਾਵੇਗਾ ਅਤੇ ਜਿੰਮੇਦਾਰ ਅਧਿਕਾਰੀਆਂ ਅਤੇ ਲੀਡਰਾਂ ਵਿਰੱੁਧ ਮੋਰਚਾ ਖੋਲਿਆ ਜਾਵੇਗਾ। ਇਸ ਸਮੇਂ ਉਹਨਾਂ ਨਾਲ ਇਸ ਸਮੇਂ ਪ੍ਰੇਮ ਗਰਗ, ਜਰਨੈਲ ਸਿੰਘ ਸਰਾਂ, ਰਕੇਸ਼ ਕੁਮਾਰ ਛਾਬੜਾ, ਸਤਨਾਮ ਸਿੰਘ ਗਿੱਲ, ਰਕੇਸ਼ ਨਾਢਾ, ਵਿਨੋਦ ਕੁਮਾਰ, ਪਰਮਜੀਤ ਪੰਮੀ, ਦੀਪਕ ਅਰੋੜਾ, ਮੰਗਲ ਸਿੰਘ, ਜੋਨੀ, ਅਮਰਜੀਤ ਸੂਦ, ਪਿਆਰਾ ਸਿੰਘ, ਵਰਿੰਦਰ ਕੁਮਾਰ, ਸੰਜੇ ਗਰਗ, ਰਜਿੰਦਰ ਸਿੰਘ, ਰਿਤੇਸ਼ ਕੁਮਾਰ, ਦਵਿੰਦਰ ਸਿੰਘ ਬਿੱਲਾ, ਦੇਵ ਚੰਦਰ, ਰਾਜ ਮਨੀ, ਸਵਰਨਜੀਤ ਸਿੰਘ, ਜਸਵੰਤ ਸਿੰਘ ਢੱਲਾ, ਹਰਸ਼ਦੀਪ ਸ਼ਰਮਾ, ਟਹਿਲ ਸਿੰਘ, ਅਜੀਤ ਸਿੰਘ, ਮਨਪ੍ਰੀਤ, ਗੁਰਬਚਨ ਸਿੰਘ, ਕੁਲਭੂਸ਼ਨ ਸਿੰਗਲਾ, ਬਲਵਿੰਦਰ ਸਿੰਘ ਭੱਲੀ, ਅਖਿਲ ਗੁਪਤਾ, ਮੰਯਕ ਗੋਇਲ, ਰਾਜ ਮਨੀ, ਜਨਕ ਰਾਜ, ਸ਼ੁਬਮ ਗੁਪਤਾ ਆਦਿ ਹਾਜ਼ਰ ਸਨ।