ਟਰੇਡ ਯੂਨੀਅਨ ਕੌਂਸਲ ਮੋਗਾ ਨੇ ਮਈ ਦਿਵਸ ਪੂਰੀ ਸ਼ਰਧਾ ਨਾਲ ਮਨਾਇਆ

ਮੋਗਾ, 2 ਮਈ (ਜਸ਼ਨ) ‘ਕਿਰਤੀਆਂ ਦਾ ਕੌਮਾਂਤਰੀ ਕਿਰਤ ਦਿਨ’ ਟਰੇਡ ਯੂਨੀਅਨ ਕੌਂਸਲ ਮੋਗਾ ਵੱਲੋਂ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਪੂਰੇ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵੇਲੇ ਕਿਰਤੀਆਂ ਦਾ ਲਾਲ ਝੰਡਾ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੇ ਜ਼ਿਲਾ ਪ੍ਰਧਾਨ ਬਚਿੱਤਰ ਸਿੰਘ ਧੋਥੜ ਅਤੇ ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਪ੍ਰਧਾਨ ਚਮਕੌਰ ਸਿੰਘ ਡਗਰੂ ਨੇ ਝੁਲਾਇਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ’ਤੇ ਪਹੁੰਚੇ ਮੈਂਬਰ ਪਾਰਲੀਮੈਂਟ ਸਾਧੂ ਸਿੰਘ ਜੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਅਸੀਂ ਕਿਰਤ ਦੀ ਇਤਿਹਾਸਕ ਮਹੱਤਤਾ ਨੂੰ ਦਰਸਾਉਂਦੇ ਦਿਨ ਤੇ ਜੁੜੇ ਹਾਂ।ਉਨਾਂ ਇਸ ਦਿਨ ਨੂੰ ਮਨਾਉਣ ਲਈ ਜੁੜੇ ਲੋਕਾਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਸਾਨੂੰ ਕਿਰਤ ਦੀ ਲੁੱਟ ਕਰਨ ਵਾਲੀ ਰਾਜਨੀਤੀ ਦੇ ਮਨਸੂਬਿਆਂ ਨੂੰ ਪਛਾਣਨ ਦੀ ਜ਼ਰੂਰਤ ਹੈ। ਉਨਾਂ ਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਚਿੰਤਾ ਵੀ ਜਾਹਰ ਕੀਤੀ। ਇਸ ਮੌਕੇ ਟਰੇਡ ਯੂਨੀਅਨ ਕੌਂਸਲ ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ ਅਤੇ ਜ.ਸਕੱਤਰ ਬਲਕਰਨ ਮੋਗਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਕਾਲੀ ਭਾਜਪਾ ਤੇ ਕਾਂਗਰਸ ਇਕੋ ਸਿੱਕੇ ਦੇ ਦੋ ਪਾਸੇ ਹਨ। ਇਨਾਂ ਦੀਆਂ ਆਰਥਿਕ ਨੀਤੀਆਂ ਨੇ ਦੇਸ਼ ਦੀ ਅਰਥਵਿਵਸਥਾ ਨੂੰ ਤਬਾਹੀ ਦੇ ਕੰਢੇ ਤੇ ਖੜਾ ਕਰ ਦਿੱਤਾ ਹੈ। ਦੇਸ ਵਿੱਚ ਰੁਜ਼ਗਾਰ ਮੁਖੀ ਰਾਜਨੀਤੀ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਠੇਕੇਦਾਰੀ ਤੇ ਆਊਟ ਸੋਰਸਿੰਗ ਦੀਆਂ ਨੀਤੀਆਂ ਨੂੰ ਬੰਦ ਕਰਕੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ। ਹਰ ਕੰਮ ਮੰਗਦੇ ਹੱਥ ਨੂੰ ਰੁਜ਼ਗਾਰ ਦਿੱਤਾ ਜਾਵੇ। ਆਂਗਣਵਾੜੀ, ਆਸ਼ਾ ਵਰਕਰਜ਼ ਆਦਿ ਕਾਮਿਆਂ ਨੂੰ ਤੀਜੇ ਦਰਜ਼ੇ ਦੇ ਮੁਲਾਜ਼ਮ ਦਾ ਦਰਜ਼ਾ ਦਿੱਤਾ ਜਾਵੇ। ਰੇਹੜੀ ਫੜੀ, ਰਿਕਸ਼ਾ ਪੁਲਰ, ਛੋਟੇ ਕਾਰੋਬਾਰੀਆਂ, ਕਿਸਾਨਾਂ, ਮਜ਼ਦੂਰਾਂ ਲਈ ਵਿਆਪਕ ਯੋਜਨਾਬੰਦੀ ਰਾਹੀਂ ਉਨਾਂ ਦੇ ਸਥਾਈ ਕੰਮ ਦੀ ਗਰੰਟੀ ਕੀਤੀ ਜਾਵੇ। ਹਰ ਇਕ ਲਈ ਸਾਲ ਵਿੱਚ 200 ਦਿਨ ਘੱਟੋ ਘੱਟ ਕੰਮ ਦੀ ਗਰੰਟੀ ਕੀਤੀ ਜਾਵੇ ਅਤੇ ਹਰ ਇਕ ਲਈ ਘੱਟੋ ਘੱਟ 600 ਰੁਪਏ ਦਿਹਾੜੀ ਦੀ ਗਰੰਟੀ ਕੀਤੀ ਜਾਵੇ।  ਇਸ ਮੌਕੇ ਕੇਂਦਰ ਵੱਲੋਂ ਸੰਵਿਧਾਨਕ ਕਾਨੂੰਨਾਂ ਨੂੰ ਕਾਰਪੋਰੇਟਰਾਂ ਦੇ ਹੱਕ ਵਿੱਚ ਅਤੇ ਮਜ਼ਦੂਰਾਂ ਦੇ ਵਿਰੁੱਧ ਸੋਧਣ ਦਾ ਵੀ ਵਿਰੋਧ ਕੀਤਾ ਗਿਆ। ਇਹ ਵੀ ਮੰਗ ਕੀਤੀ ਗਈ ਕਿ ਦੇਸ ਦੇ ਸਾਰੇ ਨਾਗਰਿਕਾਂ ਤੇ ਕਾਨੂੰਨ ਨੂੰ ਇਕਸਾਰ ਲਾਗੂ ਕੀਤਾ ਜਾਵੇ। ਇਸ ਮੌਕੇ ਵਿਸ਼ੇਸ਼ ਮਤੇ ਰਾਹੀਂ ਦੇਸ ਵਿਚ ਕਠੂਆ, ਯੂਪੀ ਆਦਿ ਥਾਵਾਂ ਤੇ ਬਲਾਤਕਾਰ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਕੇਂਦਰ ਸਰਕਾਰ ਦੀ ਨੰਗੀ ਚਿੱਟੀ  ਰਾਜਨੀਤਿਕ ਸ਼ਹਿ ਗਰਦਾਨਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੇ ਜਾਣ ਦੀ ਮੰਗ ਕੀਤੀ ਗਈ। ਇਸ ਮੌਕੇ ਸੰਬੋਧਨ ਕਰਨਾ ਵਾਲਿਆਂ ਵਿੱਚ ਵਰਿੰਦਰ ਕੌੜਾ, ਭੂਪਿੰਦਰ ਸਿੰਘ ਸੇਖੋਂ, ਬਚਿੱਤਰ ਸਿੰਘ ਧੋਥੜ, ਪਨਬਸ ਦੇ ਆਗੂ ਬਲਜਿੰਦਰ ਸਿੰਘ, ਜਸਵੀਰ ਸਿੰਘ ਲਾਡੀ, ਲਖਵੀਰ ਸਿੰਘ ਲੱਖਾ, ਚਮਨਲਾਲ ਸੰਗੇਲੀਆ, ਪ੍ਰਕਾਸ਼ ਚੰਦ ਦੌਲਤਪੁਰਾ, ਹਰੀਬਹਾਦਰ ਬਿੱਟੂ, ਬੂਟਾ ਸਿੰਘ ਭੱਟੀ, ਗੁਰਮੇਲ ਸਿੰਘ ਨਾਹਰ, ਚਮਕੌਰ ਸਿੰਘ ਡਗਰੂ, ਜਸਵਿੰਦਰ ਕੌਰ, ਨਿੰਦਰ ਕੌਰ, ਗੁਰਚਰਨ ਕੌਰ, ਗੁਰਪ੍ਰੀਤ ਕੌਰ, ਜਗਸੀਰ ਸਿੰਘ ਖੋਸਾ, ਜਸਪਾਲ ਸਿੰਘ ਘਾਰੂ, ਅਮਨਦੀਪ ਨੈਸਲੇ, ਸ਼ਿੰਦਰ ਕੌਰ ਦੁੱਨੇਕੇ ਆਦਿ ਸ਼ਾਮਲ ਸਨ।