ਆਸ਼ਾ ਵਰਕਰਾਂ ਵੱਲੋਂ ਧਰਨੇ ਅਤੇ ਕੰਮ ਦਾ ਬਾਈਕਾਟ ਜਾਰੀ ਰੱਖਣ ਦਾ ਐਲਾਨ

ਮੋਗਾ ,2 ਮਈ (ਪੀ ਸੀ ਗਿੱਲ) - ਜ਼ਿਲਾ ਮੋਗਾ ਦੇ ਸਮੂਹ ਬਲਾਕਾਂ ਦੀਆਂ ਆਗੂ ਆਸ਼ਾ ਵਰਕਰਾਂ ਤੇ ਫੇਸਿਲੀਟੇਟਰਾਂ ਨੇ ਅੱਜ ਸਿਵਲ ਹਸਪਤਾਲ ਮੋਗਾ ਵਿਖੇ ਇਕੱਤਰ ਹੋ ਕੇ ਮੀਜ਼ਲ , ਰੁਬੇਲਾ ਟੀਕਾਕਰਨ ਮੁਹਿੰਮ ਸਮੇਤ ਸਮੂਹ ਕੰਮਾਂ ਦੇ ਕੀਤੇ ਜਾ ਰਹੇ ਬਾਈਕਾਟ ਨੂੰ ਚਾਲੂ ਰੱਖਣ ਦਾ ਫੈਸਲਾ ਕੀਤਾ ਹੈ । ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਹਰਮੰਦਰ ਕੌਰ ਲੰਡੇਕੇ ਨੇ ਕਿਹਾ ਕਿ ਕੁਝ ਫੁੱਟ ਪਾਊ ਤਾਕਤਾਂ ਆਸ਼ਾ ਵਰਕਰਾਂ ਨੂੰ ਕੰਮ ਚਾਲੂ ਕਰਨ ਦੇ ਐਲਾਨ ਸਬੰਧੀ ਬਿਆਨ ਦੇ ਕੇ ਗੁਮਰਾਹ ਕਰ ਰਹੀਆਂ ਹਨ ਜਦ ਕਿ ਜ਼ਿਲਾ ਮੋਗਾ ਦੀਆਂ ਸਮੂਹ ਬਲਾਕ ਕਮੇਟੀਆਂ ਨਾਲ ਕਿਸੇ ਨੇ ਵੀ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਹੈ । ਬਲਾਕ ਪ੍ਰਧਾਨ ਢੁੱਡੀਕੇ ਕੁਲਵਿੰਦਰ ਕੌਰ ਰਾਮੂੰਵਾਲਾ ਨਵਾਂ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਕੋਈ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਪੂਰਨ ਤੌਰ ਤੇ ਕੰਮ ਦਾ ਬਾਈਕਾਟ ਰਹੇਗਾ ਕਿਉਂ ਕਿ ਆਸ਼ਾ ਵਰਕਰ ਤੇ ਫੈਸਿਲੀਟੇਟਰ ਬਹੁਤ ਹੀ ਨਿਗੂਣੇ ਭੱਤਿਆਂ ਤੇ ਕੰਮ ਕਰਨ ਲਈ ਮਜ਼ਬੂਰ ਹਨ ਤੇ ਕੰਮ ਦਾ ਬੋਝ ਬਹੁਤ ਹੀ ਜ਼ਿਆਦਾ ਹੈ । ਆਸ਼ਾ ਫੇਸਿਲੀਟੇਟਰ ਰਾਮ ਪਿਆਰੀ ਬੁੱਘੀਪੁਰਾ ਨੇ ਕਿਹਾ ਕਿ ਵੱਖ ਵੱਖ ਬਲਾਕਾਂ ਆਪੋ ਆਪਣੀ ਵਾਰੀ ਸਿਰ ਰੋਸ ਧਰਨੇ ਜਾਰੀ ਰੱਖੇ ਜਾਣਗੇ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੇ ਤਾਂ ਧਰਨਿਆਂ ਦੌਰਾਨ ਵੀ ਕਰ ਸਕਦੀ ਹੈ । ਇਸ ਸਮੇਂ ਕੁਲਦੀਪ ਕੌਰ ਬਲਾਕ ਪ੍ਰਧਾਨ ਡਰੋਲੀ ਭਾਈ , ਗਗਨਦੀਪ ਕੌਰ ਬਲਾਕ ਪ੍ਰਧਾਨ ਕੋਟ ਈਸੇ ਖਾਂ , ਅਮਰਜੀਤ ਕੌਰ ਬਲਾਕ ਪ੍ਰਧਾਨ ਬਾਘਾ ਪੁਰਾਣਾ , ਹਰਪਾਲ ਕੌਰ ਪ੍ਰਧਾਨ ਪੱਤੋ ਹੀਰਾ ਸਿੰਘ , ਨੀਤੂ ਬਲਾਕ ਪ੍ਰਧਾਨ ਮੋਗਾ ਸ਼ਹਿਰੀ , ਸੰਦੀਪ ਕੌਰ ਤਾਰੇਵਾਲਾ , ਅਰਵਿੰਦਰ ਕੌਰ ਰਾਮੂੰਵਾਲਾ ਨਵਾਂ , ਰਜਿੰਦਰ ਕੌਰ ਬਹੋਨਾ , ਰਾਣੋ , ਹਰਜਿੰਦਰ ਕੌਰ ਤੇ ਸਰਬਜੀਤ ਕੌਰ ਤਿੰਨੇ ਚੜਿੱਕ , ਗੁਰਪਰੀਤ ਕੌਰ ,ਬਲਵਿੰਦਰ ਕੌਰ , ਰਮਨਦੀਪ ਕੌਰ , ਰੁਪਿੰਦਰ ਕੌਰ , ਬੇਅੰਤ ਕੌਰ , ਕਰਮਜੀਤ ਕੌਰ , ਗਗਨਦੀਪ ਕੌਰ , ਨਸੀਬ ਕੌਰ ਆਦਿ ਹਾਜ਼ਰ ਸਨ