ਮੈਗਸੀਪਾ ਵੱਲੋਂ ਸੂਚਨਾ ਅਧਿਕਾਰ ਐਕਟ-2005 ਸਬੰਧੀ ਡਾਇਟ ਮੋਗਾ ਵਿਖੇ ਇੱਕ ਰੋਜ਼ਾ ਜਾਗਰੂਕਤਾ ਪ੍ਰੋਗਰਾਮ ਆਯੋਜਿਤ

ਮੋਗਾ 2 ਮਈ (ਜਸ਼ਨ)-ਸੂੁਚਨਾ ਦੇ ਅਧਿਕਾਰ ਸਬੰਧੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਾਣਕਾਰੀ ਦੇਣ ਲਈ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾ ਪੰਜਾਬ (ਮਗਸੀਪਾ) ਵੱਲੋਂ ਸਥਾਨਕ ਜ਼ਿਲਾ ਇੰਸਟੀਚਿਊਟ ਆਫ਼ ਐਜੂਕੇਸ਼ਨ ਐਂਡ ਟ੍ਰੇਨਿੰਗ (ਡਾਇਟ) ਵਿਖੇ ਇੱਕ ਰੋਜ਼ਾ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਉਨਾਂ ਨੂੰ ਸੂਚਨਾ ਦੇ ਅਧਿਕਾਰ ਐਕਟ-2005 ਪ੍ਰਤੀ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮਗਸੀਪਾ ਦੇ ਕੋਰਸ ਡਾਇਰੈਕਟਰ (ਆਰ.ਟੀ.ਆਈ)-ਕਮ-ਰੀਜ਼ਨਲ ਸੈਂਟਰ ਬਠਿੰਡਾ ਸ. ਜਰਨੈਲ ਸਿੰਘ ਨੇ ਦੱਸਿਆ ਕਿ ਪ੍ਰਸਾਸ਼ਨ ਦੇ ਕੰਮਾਂ ਵਿੱਚ ਪਾਰਦਰਸ਼ਤਾ, ਖੁੱਲਾਪਨ ਅਤੇ ਜਵਾਬਦੇਹੀ ਲਿਆਉਣ ਲਈ ਸੂਚਨਾ ਦਾ ਅਧਿਕਾਰ ਐਕਟ ਬਹੁਤ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਉਨਾਂ ਕਿਹਾ ਕਿ ਇਸ ਐਕਟ ਰਾਹੀਂ ਕੋਈ ਵੀ ਵਿਅਕਤੀ ਕਿਸੇ ਵੀ ਕਿਸਮ ਦੀ ਸੂੁਚਨਾ ਪ੍ਰਾਪਤ ਕਰਨ ਦਾ ਹੱਕਦਾਰ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਇਹ ਜਾਪਦਾ ਹੈ ਕਿ ਉਸ ਦੇ ਕੰਮ ਪ੍ਰਤੀ ਅਣਗਹਿਲੀ ਹੋ ਰਹੀ ਹੈ ਤਾਂ ਉਹ ਇਸ ਐਕਟ ਰਾਹੀਂ ਉਸ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਉਨਾਂ ਕਿਹਾ ਕਿ ਇਸ ਐਕਟ ਰਾਹੀਂ ਪੜਿਆ ਲਿਖਿਆ ਜਾਂ ਅਨਪੜ ਕੋਈ ਵੀ ਵਿਅਕਤੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਉਨਾਂ ਕਿਹਾ ਕਿ ਜੇਕਰ ਅਸੀਂ ਆਪਣੇ-ਆਪਣੇ ਵਿਭਾਗ ਦਾ ਪੂਰਾ ਰਿਕਾਰਡ ਸਹੀ ਤਰੀਕੇ ਨਾਲ ਮੈਨਟੇਨ ਰੱਖਦੇ ਹਾਂ, ਤਾਂ ਸੂਚਨਾ ਦੇਣ ਵੇਲੇ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਮੌਕੇ ਉਨਾਂ ਵੱਲੋਂ ਸੈਮੀਨਾਰ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫ਼ੀਕੇਟ ਵੀ ਤਕਸੀਮ ਕੀਤੇ ਗਏ। ਇਸ ਸੈਮੀਨਾਰ ਦੌਰਾਨ ਮਗਸੀਪਾ ਦੇ ਜ਼ਿਲਾ ਰੀਸੋਰਸ ਪਰਸਨ ਹਰਮਿੰਦਰ ਸਿੰਘ ਅਤੇ ਪ੍ਰੋਜੈਕਟ ਕੋ-ਆਰਡੀਨੇਟਰ ਮਨਦੀਪ ਸਿੰਘ ਨੇ ਸੂਚਨਾ ਦੇ ਅਧਿਕਾਰ ਐਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭ ਤੋਂ ਜ਼ਰੂਰੀ ਹੈ ਕਿ ਲੋਕਾਂ ਵਿੱਚ ਇਸ ਐਕਟ ਪ੍ਰਤੀ ਜਾਗਰੂਕਤਾ ਹੋਵੇ। ਉਨਾਂ ਕਿਹਾ ਕਿ ਸੂਚਨਾ ਮੰਗਣ ਲਈ ਪ੍ਰੋਫਾਰਮਾ ਸਾਫ਼-ਸੁਥਰੇ ਢੰਗ ਨਾਲ ਅੰਗਰੇਜ਼ੀ ਜਾਂ ਪੰਜਾਬੀ ਵਿੱਚ ਭਰ ਕੇ ਦਿੱਤਾ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪ੍ਰੋਫਾਰਮੇ ਵਿੱਚ ਨਾਮ, ਪਤਾ ਅਤੇ ਮਿਤੀ ਸਹੀ ਰੂਪ ਵਿੱਚ ਦਰਸਾਇਆ ਗਿਆ ਹੋਣਾ ਚਾਹੀਦਾ ਹੈ ਤੇ ਇਹ ਵੀ ਸ਼ਪੱਸਟ ਹੋਣਾ ਚਾਹੀਦਾ ਹੈ ਕਿ ਮੰਗੀ ਗਈ ਸੂਚਨਾ ਕਿਸ ਵਿਸ਼ੇ ਨਾਲ ਸਬੰਧਤ ਹੈ। ਉਨਾਂ ਕਿਹਾ ਕਿ ਸੂਚਨਾ ਮੰਗਣ ਵਾਲੇ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਵਿਭਾਗ ਤੋਂ ਸੂਚਨਾ ਪ੍ਰਾਪਤ ਕਰਨੀ ਹੈ। ਇਸ ਮੌਕੇ ਉਹਨਾਂ ਥਰਡ ਪਾਰਟੀ ਸੂਚਨਾ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਇਸ ਮੌਕੇ ਡਾਇਟ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ,ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।