ਕਿਸਾਨਾਂ ਨੂੰ ਜਮਾਂਬੰਦੀਆਂ ਲੈਣ ਲਈ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ: ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ, 2 ਮਈ (ਪੱਤਰ ਪਰੇਰਕ)- ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਦੀ ਕਿਸਾਨੀ ਨੂੰ ਪੈਰਾਂ ’ਤੇ ਖੜੇ ਕਰਨ, ਕਿਸਾਨਾਂ ਨੂੰ ਸਹਾਇਕ ਧੰਦਿਆਂ ਜੋੜਨ ਅਤੇ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਸਹਿਕਾਰਤਾ ਲਹਿਰ ਖੜੀ ਕੀਤੀ ਜਾਵੇਗੀ ਅਤੇ ਸਹਿਕਾਰੀ ਅਦਾਰਿਆਂ ਵਿੱਚ ਪੇਸ਼ੇਵਾਰ ਪਹੁੰਚ ਅਪਣਾਉਦਿਆਂ ਤੇਜ਼ ਤਰਾਰ ਮਾਰਕਟਿੰਗ ਰਣਨੀਤੀ ਅਪਣਾਈ ਜਾਵੇਗੀ। ਉਨਾਂ ਇਹ ਗੱਲ ਅੱਜ ਸਹਿਕਾਰਤਾ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਸਹਿਕਾਰੀ ਅਦਾਰਿਆਂ ਦੇ ਮੁਖੀਆਂ ਨਾਲ ਸੈਕਟਰ-34 ਸਥਿਤ ਮਿਲਕਫੈਡ ਦੇ ਦਫਤਰ ਵਿਖੇ ਮੀਟਿੰਗ ਕਰਨ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਕਹੀ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਹੱਦ ਕਰਜ਼ਾ ਲੈਣ ਲਈ ਜਮਾਂਬੰਦੀਆਂ ਹਾਸਲ ਕਰਨ ਲਈ ਖੱਜਲ ਖੁਆਰ ਨਹੀਂ ਹੋਣਾ ਪਵੇਗਾ। ਹੱਦ ਕਰਜ਼ਾ ਲੈਣ ਲਈ ਜਮਾਂਬੰਦੀਆਂ ਹਾਸਲ ਕਰਨ ਲਈ ਫਰਦ ਕੇਂਦਰਾਂ ’ਚ ਪਹੰੁਚ ਕਰਨ ਵਾਲੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਸਹਿਕਾਰਤਾ ਮੰਤਰੀ ਨੇ ਐਲਾਨ ਕੀਤਾ ਕਿ ਨਵੀਆਂ ਜਮਾਂਬੰਦੀਆਂ ਦੀ ਉਨਾਂ ਕਿਸਾਨਾਂ ਨੂੰ ਜ਼ਰੂਰਤ ਨਹੀਂ ਹੈ ਜਿਨਾਂ ਦੀ ਪੜਤਾਲ ਪਹਿਲਾਂ ਹੀ ਪਟਵਾਰੀਆਂ ਦੁਆਰਾ ਕੀਤੀ ਜਾ ਚੁੱਕੀ ਹੈ ਜਾਂ ਉਨਾਂ ਦੀ ਜ਼ਮੀਨ ਦਾ ਰਿਕਾਰਡ ਪੋਰਟਲ ਉਪਰ ਚੜ ਚੁੱਕਾ ਹੈ। ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਉਨਾਂ ਮੁੱਖ ਸਕੱਤਰ ਨੂੰ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕਰਨ ਲਈ ਕਿਹਾ ਹੈ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਜਮਾਂਬੰਦੀ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਤੁਰੰਤ ਮੁਹੱਈਆ ਕਰਵਾਈ ਜਾਵੇ ਅਤੇ ਕਿਸੇ ਵੀ ਕਿਸਾਨ ਨੂੰ ਖੱਜਲ ਖੁਆਰ ਨਾ ਹੋਣ ਪਵੇ। ਉਨਾਂ ਕਿਹਾ ਕਿ ਜ਼ਿਲੇ ਦੇ ਸਹਿਕਾਰੀ ਬੈਂਕਾਂ ਕੋਲ ਪਹਿਲਾਂ ਤੋਂ ਹੀ ਇਨਾਂ ਕਿਸਾਨਾਂ ਦੀ ਜ਼ਮੀਨ ਮਾਲਕੀ ਵਾਲੀ ਰਿਪੋਰਟ ਜਿਸ ਨੂੰ ਕਿ ਆਧਾਰ ਮੰਨਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਸਿਰਫ਼ ਉਥੇ ਜਿਥੇ ਕਿਸਾਨ ਮਾਲ ਮਹਿਕਮੇ ਦੀ ਮੌਜੂਦਾ ਰਿਪੋਰਟ ਪ੍ਰਤੀ ਸਹਿਮਤ ਨਾ ਹੋਣ, ਨਵੀਂ ਜਮਾਬੰਦੀ ਦੀ ਲੋੜ ਹੋਵੇਗੀ। ਉਨਾਂ ਸਪੱਸ਼ਟ ਕੀਤਾ ਕਿ ਜੇ ਕਿਸੇ ਕਿਸਾਨ ਦੀ ਪ੍ਰਸ਼ਾਸਕੀ ਸੁਧਾਰ ਦੇ ਪੋਰਟਲ ਤੋਂ ਡਾਊਨਲੋਡ ਸੂਚੀ ਵਿੱਚ ਉਸਦੀ ਮਾਲਕੀ ਦੇ ਰਕਬੇ ਸਬੰਧੀ ਫਰਕ ਹੈ ਤਾਂ ਕੇਵਲ ਉਸ ਕਿਸਾਨ ਨੂੰ ਹੀ ਨਵੀਂ ਜਮਾਂਬੰਦੀ ਲੈਣ ਦੀ ਲੋੜ ਹੈ। ਸ. ਰੰਧਾਵਾ ਨੇ ਕਿਹਾ ਸਹਿਕਾਰੀ ਬੈਂਕਾਂ ਨੂੰ ਮਜ਼ਬੂਤ ਕਰਨ ਲਈ ਰਿਕਵਰੀ ਵਧਾਈ ਜਾਵੇਗੀ ਅਤੇ ਨਿੱਜੀ ਬੈਂਕਾਂ ਵਾਂਗ ਪੇਸ਼ੇਵਾਰ ਪਹੁੰਚ ਅਪਣਾਈ ਜਾਵੇਗੀ। ਉਨਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਉਨਾਂ ਵੱਡੇ ਡਿਫਾਲਟਰਾਂ ਦੀ ਸੂਚੀ ਤਿਆਰ ਕੀਤੀ ਹੈ ਜਿਹੜੀ ਵੱਡੇ ਕਿਸਾਨ ਹਨ ਅਤੇ ਕਰਜ਼ੇ ਦੀ ਕੋਈ ਵੀ ਕਿਸ਼ਤ ਨਹੀਂ ਮੋੜੀ। ਇਨਾਂ ਵੱਡੇ ਕਿਸਾਨਾਂ ਵੱਲ 276 ਕਰੋੜ ਰੁੁੁਪਏ ਦਾ ਕਰਜ਼ਾ ਖੜਾ ਹੈ। ਉਨਾਂ ਕਿਹਾ ਕਿ ਹਰ ਮਹੀਨੇ 20 ਵੱਡੇ ਕਿਸਾਨਾਂ ਖਿਲਾਫ ਕਾਰਵਾਈ ਆਰੰਭੀ ਜਾਵੇਗੀ ਅਤੇ ਇਸ ਵਾਰ ਜਿਹੜੇ 20 ਕਿਸਾਨ ਲਏ ਹਨ ਉਨਾਂ ਵੱਲ 10 ਤੋਂ 12 ਕਰੋੜ ਰੁਪਏ ਤੱਕ ਦਾ ਕਰਜ਼ਾ ਖੜਾ ਹੈ। ਉਨਾਂ ਕਿਹਾ ਕਿ ਇਹ ਕਿਸਾਨ ਕਰਜ਼ਾ ਮੋੜਨ ਦੇ ਕਾਬਲ ਹਨ ਪ੍ਰੰਤੂ ਇਨਾਂ ਵੱਲੋਂ ਮੋੜਿਆ ਨਹੀਂ ਗਿਆ ਅਤੇ ਇਨਾਂ ਨੇ ਆਪਣੇ ਵੱਖ-ਵੱਖ ਪਰਿਵਾਰਕਾਂ ਮੈਂਬਰਾਂ ਦੇ ਨਾਂ ਉਤੇ ਕਰਜ਼ਾ ਲਿਆ ਹੈ। ਇਸ ਸੂਚੀ ਵਿੱਚ ਪਹਿਲਾ ਨੰਬਰ ਮੁਕਤਸਰ ਜ਼ਿਲੇ ਦੇ ਦਿਆਲ ਸਿੰਘ ਕੋਲਿਆਵਾਲੀ ਦਾ ਆਉਦਾ ਹੈ ਜਿਸ ਵੱਲ ਇਕ ਕਰੋੜ ਰੁਪਏ ਦਾ ਕਰਜ਼ਾ ਖੜਾ ਹੈ। ਸ. ਰੰਧਾਵਾ ਨੇ ਦੱਸਿਆ ਕਿ ਸੂਬੇ ਵਿੱਚ 3543 ਸਹਿਕਾਰੀ ਸੁਸਾਇਟੀਆਂ ਹਨ ਜਿਨਾਂ ਵਿੱਚੋਂ 1993 ਮੁਨਾਫੇ ਵਿੱਚ ਹਨ ਅਤੇ 1550 ਘਾਟੇ ਵਿੱਚ ਚੱਲ ਰਹੀਆਂ ਹਨ। ਉਨਾਂ ਕਿਹਾ ਕਿ ਵਿਭਾਗ ਵੱਲੋਂ ਘਾਟੇ ਵੱਲੋਂ ਸੁਸਾਇਟੀਆਂ ਨੂੰ ਪੈਰਾਂ ’ਤੇ ਖੜੇ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਜਦੋਂ ਕਿ ਮੁਨਾਫੇ ਵਾਲੀਆਂ ਸੁਸਾਇਟੀਆਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨਾਂ ਕਿਹਾ ਕਿ 1450 ਸੁਸਾਇਟੀਆਂ ਅਜਿਹੀਆਂ ਹਨ ਜਿੱਥੇ ਐਗਰੋ ਸਰਵਿਸ ਸੈਂਟਰ ਹਨ। ਸਹਿਕਾਰੀ ਬੈਂਕਾਂ ਨੂੰ ਮਜ਼ਬੂਤ ਕਰਨ ਲਈ ਸਹਿਕਾਰਤਾ ਮੰਤਰੀ ਨੇ ਫੈਸਲਾ ਕੀਤਾ ਕਿ ਸਰਕਾਰੀ ਵਿਭਾਗਾਂ ਦੀ ਰਕਮ ਇਨਾਂ ਬੈਂਕਾਂ ਵਿੱਚ ਜਮਾਂ ਕਰਵਾਉਣ ਅਤੇ ਮੁਲਾਜ਼ਮਾਂ ਦੇ ਤਨਖਾਹ ਵਾਲੇ ਖਾਤੇ ਇਨਾਂ ਬੈਂਕਾਂ ਵਿੱਚ ਖੋਲਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਸਬੰਧੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਆਪਣੇ ਵਿਭਾਗ ਦੀ ਰਕਮ ਸਹਿਕਾਰੀ ਬੈਂਕਾਂ ਵਿੱਚ ਜਮਾਂ ਕਰਵਾਉਣ ਦੀ ਸਹਿਮਤੀ ਦਿੱਤੀ ਹੈ। ਸ. ਰੰਧਾਵਾ ਜਿਨਾਂ ਕੋਲ ਜੇਲਾਂ ਦਾ ਵਿਭਾਗ ਵੀ ਹੈ, ਨੇ ਕਿਹਾ ਕਿ ਜੇਲ ਵਿਭਾਗ ਦੇ ਮੁਲਾਜ਼ਮਾਂ ਦੇ ਤਨਖਾਹ ਵਾਲੇ ਖਾਤੇ ਸਹਿਕਾਰੀ ਬੈਂਕਾਂ ਵਿੱਚ ਖੁੱਲਵਾਏ ਜਾਣਗੇ ਅਤੇ ਹਰ ਜੇਲ ਵਿੱਚ ਸਹਿਕਾਰੀ ਬੈਂਕ ਦਾ ਏ.ਟੀ.ਐਮ. ਸਥਾਪਤ ਕੀਤਾ ਜਾਵੇਗਾ। ਸ਼ੂਗਰਫੈਡ ਬਾਰੇ ਜਾਣਕਾਰੀ ਦਿੰਦਿਆਂ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕੁਝ ਖੰਡ ਮਿੱਲਾਂ ਬੰਦ ਪਈਆਂ ਹਨ ਜਿੱਥੇ ਚੱਲਣ ਦੀ ਸੰਭਾਵਨਾ ਹੈ, ਉਸ ਬਾਰੇ ਮਾਹਿਰਾਂ ਦੀ ਰਾਏ ਲੈਣ ਉਪਰੰਤ ਸਕਰਾਤਮਕ ਫੈਸਲਾ ਲਿਆ ਜਾਵੇਗਾ। ਉਨਾਂ ਕਿਹਾ ਕਿ ਬਟਾਲਾ ਵਿਖੇ ਨਵੀਂ ਖੰਡ ਮਿੱਲ ਸਥਾਪਤ ਕੀਤੀ ਜਾਵੇਗੀ। ਉਨਾਂ ਇਹ ਵੀ ਕਿਹਾ ਕਿ ਜੇਕਰ ਕਣਕ ਤੇ ਝੋਨੇ ਵਾਂਗ ਗੰਨੇ ਦਾ ਵੀ ਘੱਟੋ-ਘੱਟ ਸਮਰਥਨ ਮੁੱਲ ਕਿਸਾਨਾਂ ਨੂੰ ਫਸਲ ਵੇਚਣ ਸਾਰ ਹੀ ਮਿਲ ਜਾਵੇ ਤਾਂ ਖੰਡ ਮਿੱਲਾਂ ਹੋਰ ਸੁਰਜੀਤ ਹੋ ਸਕਦੀਆਂ ਹਨ। ਉਨਾਂ ਕਿਹਾ ਕਿ ਵੇਰਕਾ ਦੁੱਧ ਨੂੰ ਕੌਮੀ ਰਾਜਧਾਨੀ ਨਵੀਂ ਦਿੱਲੀ ਦੀ ਮਾਰਕਿਟ ਵਿੱਚ ਭੇਜਿਆ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਵਿੱਚ ਵੇਰਕਾ ਪਹਿਲਾ ਹੀ ਸਿਖਰਲਾ ਬਰਾਂਡ ਹੈ ਅਤੇ ਵੇਰਕਾ ਹੁਣ ਆਪਣਾ ਦਾਇਰਾ ਹੋਰ ਵਧਾਏਗਾ।

ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ-ਵਿੱਤ ਕਮਿਸ਼ਨਰ ਸਹਿਕਾਰਤਾ ਸ੍ਰੀ ਡੀ.ਪੀ.ਰੈਡੀ, ਰਜਿਸਟਰਾਰ ਸਹਿਕਾਰੀ ਸੁਸਾਇਟੀ ਸ੍ਰੀ ਅਰਵਿੰਦਰ ਸਿੰਘ ਬੈਂਸ, ਮਾਰਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਰਾਹੁਲ ਤਿਵਾੜੀ, ਵਿਸ਼ੇਸ਼ ਸਕੱਤਰ ਸਹਿਕਾਰਤਾ ਸ੍ਰੀ ਗਗਨਦੀਪ ਸਿੰਘ ਬਰਾੜ, ਵਧੀਕ ਰਜਿਸਟਰਾਰ (ਪ੍ਰਸ਼ਾਸਕੀ) ਸ੍ਰੀ ਵਿਮਲ ਸੇਤੀਆ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਐਸ.ਕੇ.ਬਾਤਿਸ਼,  ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਹਰਿੰਦਰ ਸਿੰਘ ਸਿੱਧੂ, ਵਧੀਕ ਰਜਿਟਰਾਰ (ਸਹਿਕਾਰੀ ਸੁਸਾਇਟੀ) ਸ੍ਰੀਮਤੀ ਨਿਸ਼ਾ ਰਾਣੀ, ਪਨਕੋਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਮੁਨੇਸ਼ਵਰ ਚੰਦਰ, ਪੰਜਾਬ ਰਾਜ ਸਹਿਕਾਰੀ ਸਿਖਲਾਈ ਸੰਸਥਾ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਮਨਜੀਤ ਸਿੰਘ ਤੇ ਵਧੀਕ ਮੁੱਖ ਆਡੀਟਰ ਸ੍ਰੀ ਸਰਬਜੀਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਸਹਿਕਾਰਤਾ ਮੰਤਰੀ ਅਤੇ ਸਮੁੱਚੇ ਅਧਿਕਾਰੀਆਂ ਨੇ ਵਿਭਾਗ ਦਾ ਪੰਦਰਵਾੜਾ ਰਸਾਲਾ ‘ਪੰਜਾਬ ਕੋਆਪ੍ਰੇਸ਼ਨ’ ਦਾ ਮਈ ਮਹੀਨੇ ਦੇ ਪਹਿਲੇ ਅੱਧ ਦਾ ਅੰਕ ਵੀ ਰਿਲੀਜ਼ ਕੀਤਾ।