ਅੜਚਣਾਂ ਦੇ ਬਾਵਜੂਦ 15 ਸਕੂਲਾਂ ‘ਚ 1215 ਬੱਚਿਆਂ ਨੂੰ ਲਾਇਆ ਖਸਰਾ ਤੇ ਰੁਬੈਲਾ ਦਾ ਟੀਕਾ

ਮੋਗਾ, 1 ਮਈ (ਜਸ਼ਨ)  ਖਸਰਾ ਤੇ ਰੁਬੈਲਾ ਦੇ ਟੀਕਾਕਰਨ ਸਬੰਧੀ ਕੀਤੇ ਜਾ ਰਹੇ ਝੂਠੇ ਪ੍ਰਚਾਰ, ਕੁਝ ਸਕੂਲ ਮੁਖੀਆਂ ਦੇ ਨਾਂਹ ਪੱਖੀ ਵਤੀਰੇ, ਆਸ਼ਾ ਵਰਕਰਾਂ ਵੱਲੋਂ ਟੀਕਾਕਰਨ ਦੇ ਕੀਤੇ ਬਾਈਕਾਟ ਅਤੇ ਕਈ ਥਾਵਾਂ ‘ਤੇ ਮਾਪਿਆਂ ਵੱਲੋਂ ਟੀਕਾਕਰਨ ਦਾ ਵਿਰੋਧ ਕਰਨ ਦੇ ਬਾਵਜੂਦ ਸਿਹਤ ਵਿਭਾਗ ਵੱਲੋਂ ਬਲਾਕ ਮੋਗਾ-2 (ਸਿਹਤ ਬਲਾਕ ਡਰੋਲੀ ਭਾਈ) ਦੇ 15 ਸਕੂਲਾਂ ਵਿੱਚ 1215 ਬੱਚਿਆਂ ਨੂੰ ਮੁਹਿੰਮ ਦੇ ਪਹਿਲੇ ਦਿਨ ਇਹ ਟੀਕੇ ਲਗਾਏ ਗਏ। ਮੁਹਿੰਮ ਦੇ ਪਹਿਲੇ ਦਿਨ ਅੱਜ ਜਿਉਂ ਹੀ ਸਵੇਰੇ ਟੀਕਾਕਰਨ ਸ਼ੁਰੂ ਹੋਇਆ ਤਾਂ ਕੁਝ ਸਕੂਲਾਂ, ਜਿਥੇ ਇਹ ਟੀਕਾਕਰਨ ਹੋਣਾ ਸੀ, ਵਿੱਚ ਮਾਪੇ ਇਕੱਠੇ ਹੋ ਗਏ ਤੇ ਟੀਕਾਕਰਨ ਟੀਮਾਂ ਤੇ ਅਧਿਆਪਕਾਂ ਨਾਲ ਬਹਿਸ-ਮੁਬਹਿਸਾ ਹੋਣ ਲੱਗੇ। ਟੀਕਾਕਰਨ ਟੀਮਾਂ ਤੇ ਉਹਨਾਂ ਦੇ ਸੁਪਰਵਾਈਜ਼ਰਾਂ ਵੱਲੋਂ ਮੌਕਾ ਸੰਭਾਲਦਿਆਂ ਮਾਪਿਆਂ ਨੂੰ ਟੀਕੇ ਦੇ ਫਾਇਦਿਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਝੁਠੇ ਪ੍ਰਚਾਰ ਤੇ ਅਫਵਾਹਾਂ ਦੀ ਸਚਾਈ ਤੋਂ ਜਾਣੂੰ ਕਰਵਾਇਆ ਗਿਆ ਤਾਂ ਮਾਪੇ ਰਾਜੀ ਹੋ ਗਏ ਅਤੇ ਟੀਕਾਕਰਨ ਸ਼ੁਰੂ ਹੋ ਗਿਆ। ਇਸ ਦੌਰਾਨ ਸਿੰਘਾਂਵਾਲਾ ਪਿੰਡ ਦੇ ਸਕੂਲ ਵਿੱਚ ਸਿਹਤ ਕਾਮੇ ਤੇ ਪੈਰਾਮੈਡੀਕਲ ਯੂਨੀਅਨ ਪੰਜਾਬ ਦੇ ਆਗੂ ਸ਼੍ਰੀ ਮਤੀ ਮਨਵਿੰਦਰ ਕਟਾਰੀਆ ਨੇ ਲੋਕਾਂ ਨੂੰ ਜਾਗਰੂਕ ਕਰਕੇ ਟੀਕਾਕਰਨ ਕੀਤਾ। ਇਸੇ ਤਰਾਂ ਖਸਰਾ ਤੇ ਰੁਬੈਲਾ ਟੀਕਾਕਰਨ ਦੇ ਨੋਡਲ ਅਫਸਰ ਡਾ. ਹਰਪ੍ਰੀਤ ਕੌਰ ਨੇ ਛੋਟਾ ਘਰ, ਡਰੋਲੀ ਭਾਈ, ਡਗਰੂ ਤੇ ਸਲੀਣਾ ਪਿੰਡਾਂ ਦੇ ਸਕੂਲਾਂ ਵਿੱਚ ਮਾਪਿਆਂ ਤੇ ਅਧਿਆਪਕਾਂ ਨੂੰ ਸਮਝਾ ਕੇ ਟੀਕਾਕਰਨ ਸ਼ੁਰੂ ਕਰਵਾਇਆ। ਇਲਾਕੇ ਦੇ ਸਭ ਤੋਂ ਵੱਡੇ ਪਿੰਡ ਘੱਲ ਕਲਾਂ ਦੇ ਸਰਕਾਰੀ ਹਾਈ ਸਕੂਲ (ਲੜਕੇ) ਵਿੱਚ ਵੀ ਮਾਪੇ ਇਕੱਠੇ ਹੋ ਗਏ, ਜਿਸ ਕਾਰਨ ਉਥੇ ਬਲਾਕ ਟਾਸਕ ਫੋਰਸ ਦੀ ਟੀਮ ਸੀਨੀਅਰ ਮੈਡੀਕਲ ਅਫਸਰ ਡਾ ਇੰਦਰਵੀਰ ਗਿੱਲ ਦੀ ਅਗਵਾਈ ਵਿੱਚ ਪਹੁੰਚੀ ਜਦਕਿ ਬਲਾਕ ਵਿੱਚ ਜਿਲੇ ਤੋਂ ਨਿਗਰਾਨ ਵਜੋਂ ਜਿਲਾ ਸਿਹਤ ਅਫਸਰ ਡਾ. ਅਰਵਿੰਦਰਪਾਲ ਸਿੰਘ ਗਿੱਲ, ਡਾਕਟਰਾਂ ਦੀ ਯੂਨੀਅਨ ਪੀ.ਸੀ.ਐਮ.ਐਸ. ਦੇ ਪੰਜਾਬ ਪ੍ਰਧਾਨ ਡਾ. ਗਗਨਦੀਪ ਸਿੰਘ ਗਿੱਲ ਤੇ ਜਿਲਾ ਅਪਿਡਿਮੋਲੋਜਿਸਟ ਡਾ. ਮਨੀਸ਼ ਅਰੋੜਾ ਪਹੁੰਚੇ ਤੇ ਸਰਪੰਚ ਬਲਜੀਤ ਸਿੰਘ ਦੀ ਹਾਜ਼ਰੀ ਵਿੱਚ ਪਿੰਡ ਵਾਸੀਆਂ ਨੂੰ ਟੀਕਾਕਰਨ ਦੇ ਫਾਇਦੇ ਤੇ ਕੂੜ ਪ੍ਰਚਾਰ ਤੇ ਝੂਠੀਆਂ ਅਫਵਾਹਾਂ ਤੋਂ ਸੁਚੇਤ ਕੀਤਾ ਤਾਂ ਮਾਪੇ ਟੀਕਾਕਰਨ ਲਈ ਰਾਜ਼ੀ ਹੋ ਗਏ ਤੇ ਉਥੇ ਕਿਸੇ ਹੋਰ ਦਿਨ ਟੀਕਾਕਰਨ ਸੈਸ਼ਨ ਲਾਉਣ ਦਾ ਫੈਸਲਾ ਕੀਤਾ ਗਿਆ। ਇਸੇ ਤਰਾਂ ਜੈ ਸਿੰਘ ਵਾਲਾ ਤੇ ਚੰਦ ਨਵਾਂ ਦੇ ਸਕੂਲਾਂ ਵਿੱਚ ਵੀ ਟੀਕਾਕਰਨ ਨਹੀਂ ਹੋ ਸਕਿਆ ਤੇ ਕਿਸੇ ਹੋਰ ਦਿਨ ਟੀਕਾਕਰਨ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ।