ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਕਰੋੜਾਂ ਰੁਪਏ ਦੀ ਆਰਥਿਕ ਸਹਾਇਤਾ ਕਰਕੇ ਵਿਦਿਆਰਥੀਆਂ ਨੂੰ ਕਰ ਰਹੀ ਐ ਸਿੱਖਿਅਤ-ਕਰਨਲ ਬਾਬੂ ਸਿੰਘ

ਮੋਗਾ,1 ਮਈ (ਜਸ਼ਨ)-ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਦਿੱਲੀ ਅਤੇ ਸਿੱਖ ਹਿਊਮਨ ਡਿਵੈਲਮੈਂਟ ਫਾਊਂਡੇਸ਼ਨ ਯੂ.ਐਸ.ਏ. ਅਤੇ ਕੈਨੇਡਾ ਦੀਆਂ ਕਈ ਜੱਥੇਬੰਦੀਆਂ, ਪ੍ਰਵਾਸੀ  ਭਾਰਤੀ ਲੋਕਾਂ ਵਲੋਂ ਦਿੱਤੀ ਗਈ ਸਹਾਇਤਾ ਰਾਸੀ ਵਿਚੋਂ 69 ਵਿਦਿਆਰਥੀਆਂ ਨੂੰ 15.60 ਲੱਖ ਰੁਪੈ ਵਜੀਫੇ ਦੇ ਚੈਕ ਵੰਡੇ ਗਏ। ਪਿਛਲੇ ਸਾਲ 3972 ਵਿਦਿਆਰਥੀਆਂ ਦੀ ਸਿੱਖਿਆ ਵਾਸਤੇ ਮਦੱਦ ਲਈ 3.82 ਕਰੋੜ ਰੁਪੈ ਆਰਥਿਕ ਤੌਰ ਤੇ ਕੰਮਜੋਰ ਹੋਣਹਾਰ ਵਿਦਿਆਰਥੀਆਂ  ਨੂੰ ਵਜੀਫੇ/ਫੀਸ਼ਾਂ ਸਕੂਲਾਂ,ਕਾਲਜਾਂ ਅਤੇ ਕਿੱਤਾ ਮੁੱਖੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਖਰਚ ਕੀਤੇ ਗਏ।  ਇਹ ਜਾਣਕਾਰੀ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਦੇ ਪ੍ਰਧਾਨ ਸ:ਹਰਭਜਨ ਸਿੰਘ ਨੇ ਗੁਰੂ ਨਾਨਕ ਕਾਲਜ ਵਿਖੇ  ਵਜੀਫਾ ਵੰਡ ਸਮੇਂ ਵਿਦਿਆਰਥੀਆਂ,ਮਾਪਿਆਂ ਤੇ ਬੁੱਧੀਜੀਵੀਆਂ ਨੂੰ ਸੰਬੋਧਨ ਕਰਦਿਆਂ ਦਿੱਤੀ।ਇਸ ਮੌਕੇ ਡਾ. ਪੁਸ਼ਪਇੰਦਰ ਸਿੰਘ, ਗੁਰੂ ਤੇਗ ਬਹਾਦਰ ਹਸਪਤਾਲ ਲੁਧਿਆਣਾ, ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ,ਪਿ੍ਰੰਸੀਪਲ ਸ ਅਵਤਾਰ ਸਿੰਘ ਕਰੀਰ,ਮੈਡਮ ਬਾਲਾ ਖੰਨਾ ਉਚੇਚੇ ਤੌਰ ਤੇ ਸ਼ਾਮਿਲ ਹੋਏ। ਸ: ਹਰਭਜਨ ਸਿੰਘ ਨੇ ਅਗੇ ਕਿਹਾ ਕਿ ਸ੍ਰੀ ਗੁਰੁ ਗਰੰਥ ਸਾਹਿਬ ਦੀ ਬਾਣੀ ਦੇ ਆਸੇ ਮੁਤਾਬਿਕ ਆਰਥਿਕ ਤੌਰ ਤੇ ਪੱਛੜੇ ਲੋਕਾਂ ਦੀ ਜਾਤ,ਨਸਲ,ਭਾਸ਼ਾ ਅਤੇ ਧਰਮ ਦੇ ਵਿਤਕਰੇ ਤੋਂ ਉਪਰ ਉੱਠ ਕੇ ਗਰੀਬਾਂ,ਜਰੂਰਤਮੰਦ ਵਿਦਿਆਰਥੀਆਂ, ਅਨਾਥਾਂ,ਵਿਧਵਾਵਾਂ,ਨਿਰਾਸ਼ਾ ਵਿਚ ਘਿਰੇ ਹੋਏ ਲੋਕਾਂ ਅਤੇ ਬਜੁਰਗਾਂ ਦੇ ਭਲੇ ਲਈ ਕੰਮ ਕਰਨ ਦੇ ਉਦੇਸ਼ ਨਾਲ 34 ਸਾਲ ਪਹਿਲਾਂ 1984 ਵਿਚ ਇਸ ਕੌਂਸਲ ਦੀ ਸਥਾਪਨਾ ਕੀਤੀ ਗਈ ਸੀ ਜੋ ਨਿਰੰਤਰ ਅਗੇ ਵਧਦੀ ਜਾ ਰਹੀ ਹੈ। ਇਸ ਕੌਂਸਲ ਨੂੰ ਸਿੱਖ ਹਿਊਮਨ ਡਿਵੈਲਮੈਂਟ ਫਾਊਂਡੇਸ਼ਨ ਯੂ.ਐਸ.ਏ. ਅਤੇ ਵਿਦੇਸਾਂ ਤੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਉਨਾਂ ਦੱਸਿਆ ਕਿ ਕੌਂਸਲ ਦਾ ਟੀਚਾ ਹੈ ਕਿ ਸਥਾਈ ਫੰਡ ਜਮਾਂ ਕਰ ਦਿੱਤਾ ਜਾਵੇ ਜਿਸਦੇ ਵਿਆਜ ਅਤੇ ਲੋਕਾਂ ਵਲੋਂ ਪਾਏ ਜਾ ਰਹੇ ਯੋਗਦਾਨ ਨਾਲ ਕੌਂਸਲ ਆਪਣੇ ਨਿਸ਼ਾਨੇ ਵਲ ਅਗੇ ਵੱਧਦੀ ਰਹੇ ਹੈ। ਉਨਾਂ ਦੱਸਿਆ ਕਿ ਪਿਛਲੇ ਸਾਲ ਲੋਕਾਂ ਦੀ ਸਮੂਲੀਅਤ ਅਤੇ ਭਲਾਈ  ਦੇ ਕੰਮਾਂ ਵਿਚ ਯੋਗਦਾਨ ਪਾਉਣ ਲਈ “ਸਰਬੱਤ ਦੇ ਭਲੇ ਦਾ ਫੰਡ“ ਸੁਰੂ ਕੀਤਾ। “ਸਰਬੱਤ ਦੇ ਭਲੇ ਦੇ ਫੰਡ“ ਦੀ ਸੁਰੂਆਤ ਲਈ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਦਿੱਲੀ  ਵਲੋਂ 4 ਕਰੋੜ ਰੁਪੈ  ਜਮਾਂ ਕੀਤੇ ਗਏ। ਉਨਾਂ ਕਿਹਾ ਕਿ ਨਾਨਕ ਨਾਮ ਲੇਵਾ ਮਨੁੱਖਤਾ ਦੇ ਦਰਦ ਨੂੰ ਘੱਟ ਕਰਨ ਦੇ ਨਿਸਚੇ ਨਾਲ “ਸਮਰੱਥ ਪ੍ਰੀਵਾਰ ਇੱਕ ਰੁਪਿਆ ਪ੍ਰਤੀ ਜੀਅ ਪ੍ਰਤੀ ਦਿਨ“ ਦੇ ਹਿਸਾਬ ਨਾਲ ਆਪਣੀ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਣ। ਉਨਾਂ ਕਿਹਾ ਕਿ ਸਕੂਲਾਂ ਵਿਚ ਛੇਵੀ ਤੋਂ ਦਸਵੀਂ ਤਕ ਸ੍ਰੇਣੀ , ਗਿਆਰਵੀਂ ਤੇ ਬਾਰਵੀਂ ਸ੍ਰੇਣੀ ਅਤੇ ਕਿੱਤਾ ਮੁੱਖੀ ਸੰਸਥਾਵਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਉਤਰਪ੍ਰਦੇਸ਼,ਰਾਜਸਥਾਨ ਤੇ ਕਰਨਾਟਕਾ ਵਿਚ ਸ਼ਿਕਲੀਗਰਾਂ ਦੇ ਬੱਚਿਆਂ ਦੇ ਬੌਧਿਕ ਵਿਕਾਸ ਪ੍ਰੋਗਰਾਮ ਅਧੀਂਨ ਖ਼ਰਚ ਕੀਤਾ ਜਾ ਰਿਹਾ ਹੈ। ਉਨਾਂ ਇਹ ਵੀ ਦੱਸਿਆ ਕਿ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਦੀ ਚੋਣ ਨਿਰੋਲ ਮੈਰਿਟ ਦੇ ਆਧਾਰ ਤੇ ਸਥਾਨਕ ਲੋਕਾਂ ਰਾਂਹੀ ਪੜਤਾਲ ਕਰਵਾਕੇ ਤੇ ਵਿਦਿਅਕ ਪੱਧਰ ਦੀ ਜਾਂਚ ਲਈ ਪ੍ਰੀਖਿਆ ਲੈ ਕੇ ਕੀਤੀ ਜਾਂਦੀ ਹੈ। ਉਨਾਂ ਇਹ ਵੀ ਦੱਸਿਆ ਕਿ ਲੋੜਵੰਦ ਗਰੀਬ ਲੋਕਾਂ ਨੂੰ ਡਾਕਟਰੀ ਸਹਾਇਤਾ ਅਤੇ ਮਕਾਨ ਬਣਾਉਣ ਲਈ ਵੀ ਸਹਾਇਤਾ ਦਿੱਤੀ ਜਾਂਦੀ ਹੈ।ਉਨਾਂ ਲੋਕਾਂ ਨੂੰ ਖੁਲਾ ਸੱਦਾ ਦਿੱਤਾ ਕਿ ਇਸ ਮਿਸ਼ਨ ਵਿਚ ਸਾਮਿਲ ਹੋਣ ਅਤੇ ਆਰਥਿਕ ਯੋਗਦਾਨ ਪਾਉਣ ਲਈ “ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਦਿੱਲੀ“ ਦੇ ਸਟੇਟ ਬੈਂਕ ਆਫ ਇੰਡੀਆ ਦੇ ਖਾਤਾ ਨੰਬਰ 30185194965 ਆਈ.ਐਫ.ਐਸ.ਸੀ. ਕੋਡ ਐਸ ਬੀ ਆਈ ਐਂਨ 0009110 ਰਾਂਹੀ ਰਕਮ ਜਮਾਂ ਕਰਵਾ ਸਕਦੇ ਹਨ। ਅਸੀਂ ਆਰਥਿਕ ਤੌਰ ਤੇ ਪੱਛੜੇ ਲੋਕਾਂ ਦੇ ਘਰਾਂ ਵਿਚ ਵਿਦਿਆ ਦੀ ਰੌਸ਼ਨੀ ਦਾ ਚਾਨਣ ਫੈਲਾਉਣ ਤੇ ਸਮਾਜ  ਭਲਾਈ ਵਿਚ ਆਪਣਾ ਯੋਗਦਾਨ ਪਾਉਣ ਲਈ ਨਿਸ਼ਕਾਮੀ ਲੋਕਾਂ ਦਾ ਕਾਫਲਾ ਬਣਾ ਦੇਈਏ, ਜੋ ਗੁਰੁ ਸਾਹਿਬਾਨ ਵਲੋਂ ਦਰਸਾਏ ਮਾਰਗ ਤੇ ਚਲਕੇ ਮਾਨਵਤਾ ਦੀ ਭਲਾਈ ਕਰਨ ਲਈ ਅਗੇ ਆਉਣ। ਸ ਹਰਭਜਨ ਸਿੰਘ ਨੇ ਅਗੇ ਦੱਸਿਆ ਕਿ ਦੇਸ਼ ਵਿਦੇਸ਼ ਵਿਚੋਂ 188 ਪ੍ਰੀਵਾਰਾਂ ਨੇ ਆਪਣੇ ਪੂਰਵਜਿਆਂ ਦੀ ਯਾਦ ਵਿਚ,“ਯਾਦਗਾਰੀ ਵਜੀਫੇ ਸੁਰੂ ਕੀਤੇ ਹਨ ਅਤੇ ਹੋਰ ਵੀ ਹੁੰਗਾਰਾ ਮਿਲ ਰਿਹਾ ਹੈ। ਉਨਾਂ ਦੱਸਿਆ ਕਿ ਸਿੱਖ ਹਿਊਮਨ ਡਿਵੈਲਮੈਂਟ ਫਾਊਂਡੇਸ਼ਨ ਯੂ.ਐਸ.ਏ. ਵਲੋਂ ਪਿਛਲੇ ਸਾਲ 1.28 ਕਰੋੜ ਰੁਪੈ ਭੇਜੇ ਗਏ ਹਨ।ਉਨਾਂ ਕਿਹਾ ਇਸ ਸਾਲ ਅੰਮਿ੍ਰਤਸਰ, ਚੰਡੀਗੜ/ਲੁਧਿਆਣਾ. ਬਠਿੰਡਾ,ਫ਼ਰੀਦਕੋਟ,ਮੋਗਾ ਅਤੇ ਦਿੱਲੀ ਵਿਖੇ ਵਿੱਦਿਆ ਲਈ ਵਜੀਫਾ/ਸਹਾਇਤਾ ਦੇ ਚੈਕ ਵੰਡੇ ਜਾ ਰਹੇ ਹਨ। ਉਨਾਂ ਦੱਸਿਆ ਕਿ ਕੌਂਸਲ ਵਲੋਂ ਸਿਕਲੀਗਰਾਂ ਨੂੰ ਮਕਾਨ ਬਣਾਉਣ ਅਤੇ ਉਨਾਂ ਦੇ ਬੱਚਿਆਂ ਨੂੰ ਵਿੱਦਿਆ ਲਈ ਵਿਸੇਸ ਤੌਰ ਤੇ ਸਹਾਇਤਾ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਯਮਨਾਨਗਰ ਵਿਖੇ ਨਿਸ਼ਕਾਮ ਮੈਡੀਕਲ ਸੈਂਟਰ ਅਤੇ ਡੈਂਟਲ ਹੈਲਥ ਕੇਅਰ ਸੈਂਟਰ, ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮਿ੍ਰਤਸਰ ਵਿਖੇ ਕੰਪਿਊਟਰ ਸੈਂਟਰ, ਆਫਤ ਪ੍ਰਬੰਧਾਂ ਅਧੀਨ ਸੋਕਾ ਪੀੜਤਾਂ, ਭੁਚਾਲ, ਤਸਨਾਮੀ ਅਤੇ ਹੜਾਂ ਤੋਂ ਪੀੜਤ ਲੋਕਾਂ ਦੀ ਮਦਦ, ਗ੍ਰੀਬ ਪ੍ਰੀਵਾਰਾਂ ਦੀ ਮਦੱਦ, ਬੀਮਾਰਾਂ ਦੀ ਮਦੱਦ ਕੀਤੀ ਜਾ ਰਹੀ ਹੈ।ਉਨਾ ਦੱਸਿਆ ਕਿ “ਮਾਤਾ ਸੁੰਦਰੀ ਸੁੱਖ ਨਿਧਾਨ ਬਿਰਧ ਅਤੇ ਬਾਲ ਘਰ“ ਸਥਾਪਿਤ ਕੀਤਾ ਗਿਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਪੁਸ਼ਪਇੰਦਰ ਸਿੰਘ, ਗੁਰੂ ਤੇਗ ਬਹਾਦਰ ਹਸਪਤਾਲ ਲੁਧਿਆਣਾ ਨੇ  ਵਿਦਿਆਰਥੀਆਂ ਨੂੰ ਜਿੰਦਗੀ ਵਿਚ ਕਾਮਯਾਬ ਹੋਣ ਦੀ ਸਿੱਖਿਆ ਦਿੰਦਿਆ ਲੋਕਾਂ ਨੂੰ ਜੀਵਨ ਜਾਂਚ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਸੰਬੋਧਨ ਕਰਦਿਆਂ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਦੇ ਕੰਮਾਂ ਦੀ ਸ਼ਲਾਘਾ ਕੀਤੀ। ਉਨਾ ਵਿਦਿਆਰਥੀਆਂ ਨੂੰ ਆਤਮ ਵਿਸ਼ਵਾਸ ਦਿ੍ਰੜ ਕਰਨ ਲਈ ਨੁਕਤੇ ਸਮਝਾਏ। ਉਨਾਂ 11000 ਰੁਪੈ ਕੌਂਸਲ ਨੂੰ ਦੇਣ ਦਾ ਵਚਨ ਦਿੱਤਾ।

ਪਿ੍ਰੰਸੀਪਲ ਸ ਅਵਤਾਰ ਸਿੰਘ ਕਰੀਰ ਨੇ ਕਿਹਾ ਵਿੱਦਿਆ ਲਈ ਪਾਠਸਾਲਾਵਾਂ ਅਤੇ ਗਰੀਬ ਲੋਕਾਂ ਦੀ ਮਦੱਦ ਲਈ ਸੰਗਠਨਾਂ ਦੀ ਲੋੜ ਹੈ। ਉਨਾਂ ਕਿਹਾ ਕਿ ਸਾਨੂੰ ਫਜ਼ੂਲ ਖਰਚੇ ਘਟਾ ਕੇ ਸਕੂਲਾਂ ਦੀ ਮਦਦ ਕਰਨੀ ਚਾਹੀਦੀ ਹੈ। ਜਸਵਿੰਦਰ ਸਿੰਘ ਸਰਾਵਾਂ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਚੋਣ ਕਰਨ ਲਈ ਪਾਰਦਰਸ਼ੀ ਢੰਗ ਅਪਨਾਇਆ ਜਾਂਦਾ ਹੈ।ਲੋਕਾਂ ਦਾ ਸਹਿਯੋਗ, ਆਰਥਿਕ ਸਹਾਇਤਾ ਲਈ ਲੋਕਾਂ ਨੂੰ ਪ੍ਰੇਰਨਾ ਅਤੇ ਵਜੀਫਿਆਂ ਲਈ  ਪ੍ਰੀਖਿਆ ਦੇ ਪ੍ਰਬੰਧ ਕਰਨ ਵਿਚ ਸਵੈ-ਇੱਛਤ ਸਹਾਇਤਾ ਮਿਲ ਰਹੀ ਹੈ। ਇਸ ਮੌਕੇ ਤੇ ਬੀਬੀ ਬਾਲਾ ਖੰਨਾ, ਲੇਖਿਕਾ ਬੇਅੰਤ ਕੌਰ ਗਿੱਲ, ਵੀਰ ਸਿੰਘ ਸੰਧੂ, ਸ ਹਰਪਾਲ ਸਿੰਘ ਬਰਾੜ, ਪਿ੍ਰੰਸੀਪਲ ਬਲਦੇਵ ਸਿੰਘ,ਸ ਸ਼ਿਵਜੀਤ ਸਿੰਘ ਫ਼ਰੀਦਕੋਟ,ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਸੁੱਖਵਿੰਦਰ ਸਿੰਘ ਆਜ਼ਾਦ, ਹਰਮੀਤ ਸਿੰਘ ਚੱਕੀਵਾਲਾ ਆਦਿ ਪਤਵੰਤੇ ਵਿਅਕਤੀ ਸ਼ਾਮਲ ਸਨ।