ਅਕਾਲੀਆਂ ’ਤੇ ਜੰਮ ਕੇ ਵਰੇ ਮੁੱਖ ਮੰਤਰੀ ; ਸਿੱਖ ਗੁਰੂਆਂ ਬਾਰੇ ਕੋਈ ਚੈਪਟਰ ਨਹੀਂ ਹਟਾਇਆ ਸਗੋਂ ਚਾਰ ਸਾਹਿਬਜ਼ਾਦਿਆਂ ਬਾਰੇ ਨਵੇਂ ਅਧਿਆਏ ਸਿਲੇਬਸ ਦਾ ਹਿੱਸਾ ਬਣਾਏ-ਕੈਪਟਨ ਅਮਰਿੰਦਰ ਸਿੰਘ

ਚੰਡੀਗੜ, 28 ਅਪ੍ਰੈਲ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚੋਂ ਸਿੱਖ ਗੁਰੂਆਂ ਬਾਰੇ ਚੈਪਟਰ ਹਟਾਉਣ ਬਾਰੇ ਅਕਾਲੀ ਦਲ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ।
    ਇਸ ਸੰਜੀਦਾ ਧਾਰਮਿਕ ਮਸਲੇ ’ਤੇ ਗਲਤਫਹਿਮੀਆਂ ਫੈਲਾਉਣ ਦੀਆਂ ਕੋਸ਼ਿਸ਼ ਕਰਨ ਵਾਲੇ ਅਕਾਲੀ ਲੀਡਰਾਂ ’ਤੇ ਵਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਤੱਥਾਂ ਦੀ ਪੜਚੋਲ ਕੀਤੇ ਬਿਨਾਂ ਨਿਰਆਧਾਰ ਜਨਤਕ ਬਿਆਨਬਾਜ਼ੀ ਕਰਕੇ ਘੋਰ ਗੈਰ-ਜ਼ਿੰਮੇਵਾਰੀ ਦਾ ਨੀਚ ਪ੍ਰਗਟਾਵਾ ਕੀਤਾ ਹੈ।
    ਮੁੱਖ ਮੰਤਰੀ ਨੇ ਕਿਹਾ ਕਿ ਅਸਲ ਗੱਲ ਇਹ ਹੈ ਕਿ ਵਿੱਚ ਕੋਰਸਾਂ ਨੂੰ ਮਹਿਜ਼ ਐਨ.ਸੀ.ਆਈ.ਆਰ.ਟੀ. ਦੇ ਸਿਲੇਬਸ ਨਾਲ ਮੁੜ ਸੰਗਠਤ ਕੀਤਾ ਗਿਆ ਹੈ ਤਾਂ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਕੌਮੀ ਪੱਧਰ ਦੇ ਮੁਕਾਬਲੇ ਦੇ ਯੋਗ ਬਣਾਇਆ ਜਾ ਸਕੇ। ਉਨਾਂ ਸਪੱਸ਼ਟ ਕੀਤਾ ਹੈ ਕਿ ਬੋਰਡ ਵੱਲੋਂ ਇਕ ਵੀ ਚੈਪਟਰ ਜਾਂ ਸ਼ਬਦ ਨਹੀਂ ਹਟਾਇਆ ਗਿਆ। ਉਨਾਂ ਕਿਹਾ ਕਿ ਮਾਹਿਰਾਂ ਦੀ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਗਿਆਰਵੀਂ ਤੇ ਬਾਰਵੀਂ ਜਮਾਤਾਂ ਵਿੱਚ ਇਤਿਹਾਸ ਨਾਲ ਸਬੰਧਤ ਚੈਪਟਰਾਂ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਗਿਆ ਹੈ ਅਤੇ ਇਸ ਮਾਹਿਰ ਕਮੇਟੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਸ਼ਾਮਲ ਹੈ।
    ਕਮੇਟੀ ਦੀਆਂ ਸਿਫਾਰਸ਼ਾਂ ’ਤੇ ਹੀ ਬੋਰਡ ਨੇ ਪਹਿਲਾਂ ਐਨ.ਸੀ.ਆਈ.ਆਰ.ਟੀ. ਦੀਆਂ ਲੀਹਾਂ ’ਤੇ ਫਿਜ਼ਿਕਸ ਤੇ ਕੈਮਿਸਟਰੀ ਦੇ ਕੋਰਸਾਂ ਅਤੇ ਹੁਣ ਇਤਿਹਾਸਕ ਕਿਤਾਬਾਂ ਨੂੰ ਨਵਾਂ ਰੂਪ ਦਿੱਤਾ ਤਾਂ ਕਿ ਕੋਰਸ ਦੀ ਸਾਰਥਿਕਤਾ ਹੋਰ ਵਧਾਈ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਕਮੇਟੀ ਨੇ ਇਸ ਨੁਕਤੇ ’ਤੇ ਵਿਚਾਰ ਕੀਤੀ ਸੀ ਕਿ ਵਿਦਿਆਰਥੀਆਂ ਨੂੰ ਗਿਆਰਵੀਂ ਜਮਾਤ ਤੋਂ ਹੀ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਜਿਸ ਕਰਕੇ ‘ਪੰਜਾਬ ਤੇ ਸਿੱਖ ਇਤਿਹਾਸ’ ਬਾਰੇ ਚੈਪਟਰ ਗਿਆਰਵੀਂ ਦੇ ਸਿਲੇਬਸ ਦਾ ਹਿੱਸਾ ਬਣਾ ਦਿੱਤੇ ਗਏ ਜਦਕਿ ‘ਭਾਰਤ ਤੇ ਆਧੁਨਿਕ ਇਤਿਹਾਸ’ ਅਤੇ ‘ਆਧੁਨਿਕ ਸਿੱਖ ਇਤਿਹਾਸ’ ਨੂੰ ਬਾਰਵੀਂ ਜਮਾਤ ਦੇ ਸਿਲੇਬਸ ਨਾਲ ਜੋੜ ਦਿੱਤਾ ਗਿਆ।
    ਮੁੱਖ ਮੰਤਰੀ ਨੇ ਕਿਹਾ ਕਿ ਬੋਰਡ ਨੇ ਸਿੱਖ ਗੁਰੂਆਂ ਬਾਰੇ ਇਕ ਵੀ ਚੈਪਟਰ ਨਹੀਂ ਹਟਾਇਆ ਸਗੋਂ ਚਾਰ ਸਾਹਿਬਜ਼ਾਦਿਆਂ ਬਾਰੇ ਚੈਪਟਰ ਸਕੂਲ ਦੀਆਂ ਕਿਤਾਬਾਂ ਵਿੱਚ ਸ਼ਾਮਲ ਕੀਤੇ ਗਏ ਤਾਂ ਕਿ ਸਾਡੇ ਨੌਜਵਾਨਾਂ ਨੂੰ ਸਿੱਖ ਗੁਰੂਆਂ ਦੇ ਮਹਾਨ ਇਤਿਹਾਸ ਤੇ ਲਾਸਾਨੀ ਕੁਰਬਾਨੀਆਂ ਬਾਰੇ ਜਾਣੰੂ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ।
    ਅਕਾਲੀਆਂ ਨੂੰ ਪੰਜਾਬੀਆਂ ਦੀਆਂ ਧਾਰਮਿਕ ਸੰਵੇਦਨਾਵਾਂ ਨਾਲ ਜੁੜੇ ਮਸਲੇ ’ਤੇ ਘਟੀਆ ਸਿਆਸਤ ਨਾ ਖੇਡਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸਿੱਖਾਂ ਦੇ ਹਿੱਤਾਂ ਦਾ ਪਹਿਰੇਦਾਰ ਹੋਣ ਦਾ ਦਾਅਵਾ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਆਸੀ ਹਿੱਤਾਂ ਖਾਤਰ ਵਾਰ-ਵਾਰ ਧਰਮ ਦੀ ਦੁਰਵਰਤੋਂ ਕਰਦਾ ਹੈ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ