ਵਿਰਸੇ ਦੀਆਂ ਬਾਤਾਂ,ਪੇਂਡੂ ਰਸੋਈਆਂ ਚੋਂ ਵੀ ਦੇਸੀ ਟਾਣਾਂ ਹੋਈਆਂ ਅਲੋਪ

ਪੰਜਾਬ ਪੇਂਡੂ ਖਿਤਿਆਂ ਵਾਲਾ ਸੂਬਾ ਰਿਹਾ ਹੈ। ਕਿਸੇ ਸਮੇਂ ਇਹ ਕਹਾਵਤ ਵੀ ਪ੍ਰਚੱਲਿਤ ਸੀ ਕਿ “ਪਿੰਡਾਂ ਵਿਚ ਰੱਬ ਵੱਸਦਾ“ਜੇਕਰ ਅਜੋਕੇ ਸਮੇਂ ਤੋਂ ਕਰੀਬ 4/5ਦਹਾਕੇ ਪਹਿਲਾਂ ਤੇ ਝਾਤ ਮਾਰੀਏ ਤਾਂ ਜ਼ਿਆਦਾ ਵਸੋਂ ਪਿੰਡਾਂ ਵਿਚ ਹੀ ਰਹਿੰਦੀ ਸੀ। ਇਹ ਠੀਕ ਹੈ ਕਿ ਤਰੱਕੀ ਕੁਦਰਤੀ ਨੇਮ ਹੈ ਤੇ ਹੋਣੀ ਵੀ ਚਾਹੀਦੀ ਹੈ,ਪਰ ਸਾਡੇ ਪਿੰਡਾਂ ਵਾਲੇ ਲੋਕਾਂ ਦੀ ਜ਼ਿੰਦਗੀ ਅਜੋਕੇ ਸ਼ਹਿਰ ਵਾਸੀਆਂ ਤੋਂ ਹਜ਼ਾਰਾਂ ਗੁਣਾ ਚੰਗੀ ਸੀ। ਸ਼ੁਧ ਵਾਤਾਵਰਣ ਖੁਲੀ ਡੁਲੀ ਹਵਾ,ਇਕੱਠੇ ਪਰਿਵਾਰਾਂ ਦਾ ਵਸੇਬਾ ਰਿਹਾ ਹੈ ਪਿੰਡਾਂ ਦਾ ਅਨਿਖੜਵਾਂ ਅੰਗ। ਘਰ ਬੇਸ਼ੱਕ ਕੱਚੇ ਸਨ ਪਰ ਅਜੋਕੀਆਂ ਪੱਕੀਆਂ ਕੋਠੀਆਂ ਤੋਂ ਕਈ ਗੁਣਾ ਚੰਗੇ ਸਨ। ਆਮ ਕਹਾਵਤ ਵੀ ਸੀ ਕਿ ਪੇਂਡੂ ਸਵਾਣੀਆਂ ਘਰਾਂ ਦੀ ਐਨੀ ਸਫਾਈ ਰੱਖਦੀਆਂ ਸਨ ਕਿ ਭਾਵੇਂ ਥੱਲੇ ਰੱਖ ਰੱਖ ਕੇ ਖਾਈ ਜਾਓ। ਘਰਾਂ ਨੂੰ ਲਿੱਪ ਪੋਚ ਕੇ ਤੋਈਆਂ ਬਣਾ ਤੇ ਵਧੀਆ ਡਿਜ਼ਾਇਨ ਬਣਾ ਕੇ ਰੱਖਣਾ ਤੇ ਇਸੇ ਤਰਾਂ ਹੀ ਚੌਂਕਾ ਚੁਲਾ ਕੰਧੋਲੀ ਉਪਰ ਘੁਗੀਆਂ ਮੋਰ ਗਟਾਰਾਂ ਬਣਾ ਕੇ ਐਨਾ ਸੋਹਣਾ ਬਣਾ ਲੈਣਾ ਕਿ ਵੇਖਣ ਵਾਲਾ ਦਾਦ ਦਿਤੇ ਬਿਨਾਂ ਨਹੀ ਸੀ ਰਹਿ ਸਕਦਾ। ਕੱਚੇ ਘਰਾਂ ਦੀਆਂ ਰਸੋਈਆਂ ਵਿਚ ਦੇਸੀ ਫੱਟਿਆਂ ਦੀਆਂ ਟਾਣਾਂ ਬਣਾ ਕੇ ਚਿਣਤੀ ਲਾ ਕੇ ਭਾਂਡੇ ਇਸ ਤਰਾਂ ਰੱਖਣੇ ਕਿ ਬਹੁਤ ਹੀ ਮਨ ਨੂੰ ਭਾਉਂਦੇ ਤੇ ਸੋਹਣੇ ਲਗਦੇ ਸਨ। ਇਕ ਟਾਣ ਤੇ ਗੜਵੀਆਂ ਗਲਾਸ ਤੇ ਥਾਲੀਆਂ ਦੂਜੀ ਟਾਣ ਤੇ ਵੱਡੇ ਭਾਂਡੇ ਪਤੀਲੇ ਜੱਗ ਕੜਾਹੀ ਆਦਿ ਰੱਖਣੇ ਇਸੇ ਤਰਾਂ ਇਨਾਂ ਟਾਣਾਂ ਦੇ ਅੱਗੇ ਪਿੰਡ ਦੇ ਲੁਹਾਰ ਨੇ ਲੋਹੇ ਦੀ ਪੱਤੀ ਦੇ ਚਮਚਿਆਂ ਵਾਸਤੇ ਰਖਣੇ ਬਣਾ ਕੇ ਮੇਖਾਂ ਨਾਲ ਲਾ ਦੇਣੀਆਂ ਤੇ ਉਨਾਂ ਵਿਚ ਚਮਚੇ ਟੰਗ ਦੇਣੇ। ਉਨਾਂ ਸਮਿਆਂ ਵਿਚ ਸਾਡੀਆਂ ਮਾਵਾਂ ਭੈਣਾਂ ਜਾਂ ਦਾਦੀਆਂ ਦੀ ਉਮਰ ਦੀਆਂ ਸਵਾਣੀਆਂ ਸਵਾਹ ਜਾਂ ਰੇਤੇ ਨਾਲ ਭਾਂਡੇ ਮਾਂਜਿਆ ਕਰਦੀਆਂ ਸਨ ਤੇ ਇਨੇ ਚਮਕਦੇ ਸਨ ਕਿ ਭਾਵੇਂ ਵਿਚਦੀ ਪੱਗ ਬੰਨ ਲਓ ਭਾਵ ਸ਼ੀਸ਼ੇ ਵਾਂਗ ਚਮਕਿਆ ਕਰਦੇ ਸਨ । ਇਸੇ ਤਰਾਂ ਰਸੋਈ ਦੇ ਇਕ ਪਾਸੇ ਟੋਕਰੇ ਨੂੰ ਰੱਸੀ ਬੰਨ ਕੇ ਛੱੱਤ ਦੇ ਬਾਲਿਆਂ ਨਾਲ ਬੰਨ ਕੇ ਓਹਦੇ ਵਿਚ ਸਮੇਂ ਮੁਤਾਬਕ ਸਬਜੀ ਗੰਢੇ ਲਸਣ ਅਦਰਕ ਟਮਾਟਰ ਆਦਿ ਰੱਖ ਲੈਣੇ ਤਾਕਿ ਓਥੋ ਹੀ ਕੱਢਕੇ ਵਰਤੇ ਜਾ ਸਕਣ। ਜੇਕਰ ਰਸੋਈ ਵਿਚ ਨੂੰਹ ਧੀ ਨੇ ਕੰਮ ਕਰਨਾ ਤਾਂ ਸੱਸ ਨੇ ਪੀੜੀ ਤੇ ਰਸੋਈ ਦੇ ਵਿਚ ਓਹਦੇ ਕੋਲ ਬੈਠ ਸੂਤ ਅਟੇਰਨਾਂ ਜਾ ਕੋਈ ਹੋਰ ਕੰਮ ਕਰੀ ਜਾਣਾ ਇਸ ਤਰਾਂ ਕਰਨ ਨਾਲ ਜਿਥੇ ਪਿਆਰ ਦਾ ਵਾਸਾ ਹੁੰਦਾ ਸੀ ਓਥੇ ਦੁਖ ਸੁਖ ਵੀ ਕਰ ਲੈਣਾ ਸਮੇਂ ਬੜੇ ਅਪਣੱਤ ਭਰੇ ਸਨ ਲੜਨ ਜਾਂ ਝਗੜਨ ਦਾ ਕੋਈ ਮਤਲਬ ਹੀ ਨਹੀ ਸੀ। ਰਸੋਈ ਦੇ ਇਕ ਪਾਸੇ ਖੁੱਲਾ ਡੁਲ਼ਾ ਚੌਂਕਾ ਚੁਲਾ ਹੁੰਦਾ ਸੀ ਜਿਸ ਦੀ ਕੰਧੋਲੀ ਤੇ ਬਹੁਤ ਵਧੀਆ ਮੀਨਾਕਾਰੀ ਨਾਲ ਘੁਗੀਆਂ ਮੋਰ ਗਟਾਰਾਂ ਬਣਾ ਕੇ ਐਨਾ ਸੋਹਣਾ ਬਣਾ ਲੈਣਾ ਕਿ ਵੇਖਣ ਵਾਲਾ ਦਾਦ ਦਿਤੇ ਬਿਨਾਂ ਨਹੀ ਸੀ ਰਹਿਸਕਦਾ। ਓਥੇ ਹੀ ਇਕ ਪਾਸੇ ਕੰਧ ਵਿਚ ਹਾਰਾ/ਹਾਰੀ ਬਣਾ ਕੇ ਦੁੱਧ ਕੜਨਾ ਧਰ ਦੇਣਾ ਇਕ ਪਾਸੇ ਛਟੀਆਂ ਤੇ ਪਾਥੀਆਂ ਦਾ ਬਾਲਣ ਹੁਂਦਾ ਸੀ ਜੇ ਕਦੇ ਬਰਸਾਤ ਦਾ ਮੌਸਮ ਹੋਣਾ ਤਾ ਰਸੋਈ ਦੇ ਇਕ ਪਾਸੇ ਬਣਾਏ ਪੜਛੱਤੇ ਤੇ ਬਾਲਣ ਰੱਖ ਦੇਣਾ ਤਾਕਿ ਗਿਲਾ ਨਾ ਹੋਵੇ ਤੇ ਲੋੜ ਪੈਣ ਤੇ ਓਥੋਂ ਵਰਤਿਆ ਜਾ ਸਕੇ।  ਅੱਜ ਦੇ ਅਗਾਂਹ ਵਧੂ ਜ਼ਮਾਨੇ ਵਿਚ ਤੇ ਇਕੀਵੀਂ ਸਦੀ ਵਿਚ ਅਸੀਂ ਜ਼ਿਆਦਾ ਪੈਸੇ ਵਾਲੇ ਤੇ ਜ਼ਿਆਦਾ ਦਿਮਾਗਾਂ ਵਾਲੇ ਬਣ ਗਏ ਹਾਂ ਇਸ ਕਰਕੇ ਸਾਰੀਆਂ ਸ਼ਹਿਰੀ ਸਹੂਲਤਾਂ ਪਿੰਡਾਂ ਵਿਚ ਪਹੁੰਚ ਚੁਕੀਆਂ ਨੇ ਕੋਈ ਵੀ ਛਿਟੀਆਂ ਪਾਥੀਆਂ ਬਾਲ ਕੇ ਰਾਜੀ ਨਹੀਂ ਹਰ ਘਰ ਦੀ ਰਸੋਈ ਵਿਚ ਗੈਸ ਦੀ ਸੁੱਖ ਸਹੂਲਤ ਪਹੁੰਚ ਚੁੱਕੀ ਹੈ। ਗੈਸ ਗੀਜ਼ਰ,ਹੀਟਰ ਏ.ਸੀ.ਤੇ ਹੋਰ ਪਤਾ ਨੀ ਕੀ ਕੀ ਸਾਨੂੰ ਇਕੀਵੀਂ ਸਦੀ ਵਿਚ ਪ੍ਰਾਪਤ ਹੋ ਚੁੱਕਾ ਹੈ। ਇਸ ਕਰਕੇ ਪਹਿਲੀ ਗੱਲ ਤਾਂ ਪਿੰਡਾਂ ਵਿਚ ਕੋਈ ਕੱਚਾ ਘਰ ਹੀ ਨਹੀ ਰਿਹਾ ਜੇਕਰ ਕਿਧਰੇ ਟਾਵਾਂ ਟਾਵਾਂ ਹੈ ਵੀ ਤਾਂ ਉਸ ਵਿਚ ਵੀ ਪੱਕੀਆਂ ਕੋਠੀਆਂ ਜਿਹੀਆਂ ਸੱਭ ਸਹੂਲਤਾਂ ਮੌਜੂਦ ਨੇ। ਕੱਚੀਆਂ ਰਸੋਈਆਂ ਤੇ ਦੇਸੀ ਟਾਣਾਂ(ਫੋਟੋ ਦੀ ਤਰਾਂ)ਹੁਣ ਬੀਤੇ ਦੀਆਂ ਬਾਤਾਂ ਤੇ ਵਿਰਸੇ ਦੀਆਂ ਗੱਲਾਂ ਬਣ ਗਈਆਂ ਹਨ। ਹੁਣ ਸਾਨੂੰ ਇਨਾਂ ਦੇ ਦਰਸ਼ਨ ਸਿਰਫ ਅਲੋਪ ਹੋ ਚੁੱਕੇ ਵਿਰਸੇ ਦੀ ਘੋਖ ਕਰਕੇ ਨੈਟ ਤੇ ਹੀ ਹੋ ਸਕਦੇ ਹਨ ਤੇ ਜਾਂ ਫਿਰ ਸਾਡੀ ਅਜੋਕੀ ਪੀੜੀ ਨੂੰ ਆਪਣੀ ਸੱਭਿਅਤਾ ਨਾਲ ਜੋੜਨ ਦੇ ਉਦੇਸ਼ ਨਾਲ ਅਜਾਇਬ ਘਰਾਂ ਚੋਂ ਤੇ ਜਾਂ ਫਿਰ ਹਵੇਲੀ ਵਰਗੇ ਰੈਸਟੋਰੈਂਟਾਂ ਚੋਂ ਹੀ ਹੋ ਸਕਦੇ ਨੇ। 
--ਜਸਵੀਰ ਸ਼ਰਮਾ ਦੱਦਾਹੂਰ (ਸ਼੍ਰੀ ਮੁਕਤਸਰ ਸਾਹਿਬ) 94176-22046