ਖਸਰਾ ਤੇ ਰੁਬੈਲਾ ਦੇ ਟੀਕਾਕਰਨ ਲਈ ਪ੍ਰਾਈਵੇਟ ਸਕੂਲ ਹੋਏ ਰਾਜ਼ੀ

 ਮੋਗਾ, 28 ਅਪ੍ਰੈਲ (ਜਸ਼ਨ)  ਮੋਗਾ ਦੋ ਬਲਾਕ ਦੇ 27 ਪ੍ਰਾਈਵੇਟ ਸਕੂਲ ਆਖਰ ਖਸਰਾ ਤੇ ਰੁਬੈਲਾ ਦੇ ਟੀਕਾਕਰਨ ਕਰਵਾਉਣ ਲਈ ਰਾਜ਼ੀ ਹੋ ਗਏ ਹਨ ਜਦਕਿ ਨਵੇਂ ਖੁੱਲੇ ਇਕ ਸਕੂਲ ‘ਦਾ ਲਰਨਿੰਗ ਫੀਲਡ‘ ਨੇ ਕੁਝ ਦਿਨਾਂ ਦੀ ਮੋਹਲਤ ਮੰਗੀ ਹੈ। ਸਿਵਲ ਸਰਜਨ ਮੋਗਾ ਡਾ. ਸੁਸ਼ੀਲ ਜੈਨ ਦੀ ਕਮਾਨ ਹੇਠ ਜਿਲੇ ਵਿੱਚ ਚੱਲ ਰਹੀ ਖਸਰਾ ਤੇ ਰੁਬੈਲਾ ਮੁਹਿੰਮ ਤਹਿਤ ਇੱਕ ਮਈ ਤੋਂ 15 ਮਈ ਤੱਕ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ 15 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਖਸਰੇ ਤੇ ਰੂਬੈਲਾ ਦਾ ਟੀਕਾ ਲਾਇਆ ਜਾਣਾ ਹੈ। ਕੁਝ ਪ੍ਰਾਈਵੇਟ ਸਕੂਲਾਂ ਵੱਲੋਂ ਆਪਣੇ ਬੱਚਿਆਂ ਦੇ ਇਹ ਟੀਕੇ ਲਗਵਾਉਣ ਤੋਂ ਨਾਂਹ ਕਰ ਦਿੱਤੀ ਸੀ। ਅੱਜ ਸਿਹਤ ਬਲਾਕ ਮੋਗਾ-2 (ਡਰੋਲੀ ਭਾਈ) ਅਧੀਨ ਆਉਂਦੇ ਸਕੂਲਾਂ ਸੇਂਟ ਜੋਸੇਫ ਸਕੂਲ ਘੱਲ ਕਲਾਂ, ਕੈਲੇਫੋਰਨੀਆਂ ਪਬਲਿਕ ਸਕੂਲ ਖੁਖਰਾਣਾ, ਗੋਲਡਨ ਅਰਥ ਕਾਨਵੈਂਟ ਸਕੂਲ ਜੋਗੇਵਾਲਾ, ਸਮਰ ਫੀਲਡਜ਼ ਸਕੂਲ ਡਰੋਲੀ ਭਾਈ ਤੇ ‘ਦ ਲਰਨਿੰਗ ਫੀਲਡ‘ ਸਕੂਲ ਘੱਲ ਕਲਾਂ ਵਿੱਚ ਨਵੇਂ ਆਏ ਸੀਨੀਅਰ ਮੈਡੀਕਲ ਅਫਸਰ ਡਾ: ਇੰਦਰਵੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਬਲਾਕ ਟਾਸਕ ਫੋਰਸ ਨੇ ਫੇਰਾ ਪਾਇਆ। ਬਲਾਕ ਟਾਸਕ ਫੋਰਸ ਨੇ ਟੀਕਿਆਂ ਦੇ ਫਾਇਦਿਆਂ ਤੋਂ ਸਕੂਲ ਮੁਖੀਆਂ ਨੂੰ ਜਾਣੂੰ ਕਰਵਾਇਆ ਤੇ ਇਸ ਟੀਕੇ ਬਾਰੇ ਉਨਾਂ ਦੇ ਸ਼ੰਕੇ ਨਵਿਰਤ ਕੀਤੇ। ਡਾ. ਗਿੱਲ ਦੀ ਅਗਵਾਈ ਵਿੱਚ ਬਲਾਕ ਟਾਸਕ ਫੋਰਸ ਦੇ ਮੈਂਬਰਾਂ ਬੀ ਈ ਈ ਰਛਪਾਲ ਸਿੰਘ ਸੋਸਣ, ਐਸ.ਆਈ. ਪਿਆਰੇ ਲਾਲ ਸੇਠੀ ਤੇ ਫਾਰਮਾਸਿਸਟ ਨੀਲ ਮਣੀ ਨੇ ਸਕੂਲਾਂ ਵਿੱਚ ਤਿੰਨ ਕਮਰੇ ਰਾਖਵੇਂ ਰੱਖਣ ਤੇ ਟੀਕਾਕਰਨ ਟੀਮ ਨੂੰ ਸਹਿਯੋਗ ਕਰਨ ਲਈ ਸਕੂਲ ਮੁਖੀਆਂ ਨਾਲ ਵਿਚਾਰਾਂ ਵੀ ਕੀਤੀਆਂ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ: ਇੰਦਰਵੀਰ ਸਿੰਘ ਗਿੱਲ ਨੇ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ ਤੇ ਉਹ ਟੀਕਾਕਰਨ ਲਈ ਰਾਜ਼ੀ ਹੋ ਗਏ ਹਨ। ਉਨਾਂ ਨੇ ਉਕਤ ਸਕੂਲਾਂ ਦੇ ਮੁਖੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਸਹਿਯੋਗ ਤੋਂ ਬਿਨਾਂ ਇਹ ਮੁਹਿੰਮ ਨੇਪਰੇ ਨਹੀਂ ਚੜ ਸਕਦੀ।