ਸਿਹਤ ਵਿਭਾਗ ਮੋਗਾ ਨੇ ਖ਼ਸਰਾ ਅਤੇ ਰੁਬੈਲਾ ਦੇ ਖਾਤਮੇ ਸਬੰਧੀ ਕੱਢੀ ਜਾਗਰੂਕਤਾ ਰੈਲੀ

ਮੋਗਾ 28 ਅਪ੍ਰੈਲ(ਜਸ਼ਨ)-ਸਿਹਤ ਵਿਭਾਗ ਮੋਗਾ ਵੱਲੋਂ ਕੱਲ ਖਸਰਾ ਅਤੇ ਰੁਬੈਲਾ ਨੂੰ ਜੜੋਂ ਖਤਮ ਕਰਨ ਦੇ ਮਕਸਦ ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲੇ ਦੇ ਵੱਖ-ਵੱਖ ਨਰਸਿੰਗ ਕਾਲਜਾਂ ਅਤੇ ਸਰਕਾਰੀ ਨਰਸਿੰਗ ਸਕੂਲ, ਸਿਵਲ ਹਸਪਤਾਲ ਮੋਗਾ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਸਿਵਲ ਸਰਜਨ ਮੋਗਾ ਡਾ: ਸੁਸ਼ੀਲ ਜੈਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸਿਵਲ ਸਰਜਨ ਡਾ. ਸੁਸ਼ੀਲ ਜੈਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 1 ਮਈ, 2018 ਤੋਂ ਸ਼ੁਰੂ ਹੋ ਰਹੀ ਇਸ ਮੁਹਿੰਮ ਦੌਰਾਨ ਜ਼ਿਲੇ ਦੇ 9 ਮਹੀਨੇ ਤੋ 15 ਸਾਲ ਤੱਕ ਦੇ 2 ਲੱਖ 38 ਹਜ਼ਾਰ 591 ਬੱਚਿਆਂ ਨੂੰ ਟੀਕੇ ਲਗਾਏ ਜਾਣ ਦਾ ਟੀਚਾ ਹੈ। ਉਨਾਂ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਮਾਪਿਆਂ, ਅਧਿਆਪਕਾਂ, ਸਮਾਜ ਸੇਵੀ ਸੰਸਥਾਵਾਂ ਅਤੇ ਹਰ ਨਾਗਰਿਕ ਦੇ ਸਹਿਯੋਗ ਦੇ ਉਮੀਦ ਕਰਦੇ ਹੋਏ ਕਿਹਾ ਕਿ 9 ਮਹੀਨੇ ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਮੀਜ਼ਲ-ਰੁਬੈਲਾ ਵੈਕਸੀਨ ਲਗਾਉਣੀ ਲਾਜ਼ਮੀ ਹੈ। ਉਨਾਂ ਦੱਸਿਆ ਕਿ ਇਹ ਦਵਾਈ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਇਸਦਾ ਕੋਈ ਸਾਈਡ ਇਫੈਕਟ ਨਹੀ ਹੈ। ਇਸ ਬਾਰੇ ਸਿਵਲ ਸਰਜਨ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਖਸਰਾ (ਮੀਜ਼ਲਜ਼) ਇੱਕ ਛੂਤ ਦੀ ਬਹੁਤ ਹੀ ਖਤਰਨਾਲ ਬਿਮਾਰੀ ਹੈ, ਜੋ ਕਿ ਪ੍ਰਭਾਵਿਤ ਵਿਅਕਤੀ ਤੋ ਖੰਘ ਅਤੇ ਛਿੱਕ ਮਾਰਨ ਨਾਲ ਵੀ ਫੈਲ ਜਾਂਦੀ ਹੈ। ਇਸ ਮੌਕੇ ਜਿਲਾ ਸਿੱਖਿਆ ਅਤੇ ਸੂਚਨਾ ਅਫ਼ਸਰ ਕਿ੍ਰਸ਼ਨਾ ਸ਼ਰਮਾ ਨੇ ਕਿਹਾ ਕਿ ਜ਼ਿਲੇ ਅੰਦਰ ਇਸ ਮੁਹਿੰਮ ਬਾਰੇ ਜਾਗਰੂਕ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਹਰ ਘਰ ਤੱਕ ਮੀਜ਼ਲ-ਰੁਬੈਲਾ ਬਾਰੇ ਸਹੀ ਜਾਣਕਾਰੀ ਪਹੁੰਚ ਸਕੇ ਅਤੇ ਇਹ ਟੀਕਾਕਰਨ ਮੁਹਿੰਮ ਸਫ਼ਲਤਾ ਪੂਰਵਿਕ ਨੇਪਰੇ ਚੜ ਸਕੇ। ਇਸ ਮੌਕੇ ਉਨਾਂ ਨਾਲ ਜਿਲਾ ਸਿਹਤ ਅਫ਼ਸਰ ਡਾ: ਅਰਵਿੰਦਰ ਪਾਲ ਸਿੰਘ ਗਿੱਲ, ਡਾ. ਮਨੀਸ਼ ਅਰੋੜਾ ਜਿਲਾ ਮਲੇਰੀਆ ਅਫ਼ਸਰ, ਡਾ. ਕਮਲਦੀਪ ਕੌਰ ਮਾਹਲ ਜਿਲਾ ਡੈਟਲ ਸਿਹਤ ਅਫ਼ਸਰ, ਡਾ. ਹਰਿੰਦਰ ਕੁਮਾਰ ਜਿਲਾ ਟੀਕਾਕਰਨ ਅਫ਼ਸਰ ਮੋਗਾ ਡਾ. ਹਰਿੰਦਰ ਕੁਮਾਰ, ਡਾ. ਰਾਜੇਸ਼ ਕੁਮਾਰ ਅੱਤਰੀ ਸੀਨੀਅਰ ਮੈਡੀਕਲ ਅਫ਼ਸਰ ਮੋਗਾ, ਡਾ. ਦਲਬੀਰ ਗਾਬਾ ਗਾਇਨਾਕੋਲਜਿਸਟ, ਰਾਣੀ ਪੈਰਾ-ਮੈਡੀਕਲ ਸਟਾਫ਼, ਚਰਨਜੀਤ ਕੌਰ ਇੰਚਾਰਜ ਜੱਚਾ-ਬੱਚਾ ਵਾਰਡ ਸਿਵਲ ਹਸਪਤਾਲ ਮੋਗਾ, ਰਾਜੇਸ਼ ਭਾਰਦਵਾਜ ਸੀਨੀਅਰ ਫਾਰਮਾਸਿਸਟ, ਅੰਮਿ੍ਰਤ ਸ਼ਰਮਾ ਦਫ਼ਤਰ ਸਿਵਲ ਸਰਜਨ ਅਤੇ ਹੋਰ ਸਟਾਫ ਮੈਂਬਰਾਨ ਵੀ ਹਾਜ਼ਰ ਸਨ।