ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪੈਦਾ ਕੀਤੇ ਸਾਉਣੀ ਰੁੱਤ ਦੇ ਸਾਰੇ ਬੀਜ ਕਿ੍ਰਸ਼ੀ ਵਿਗਿਆਨ ਕੇਂਦਰ, ਬੁੱਧ ਸਿੰਘ ਵਾਲਾ, ਮੋਗਾ ਵਿਖੇ ਉਪਲੱਬਧ : ਡਿਪਟੀ ਡਾਇਰੈਕਟਰ

ਮੋਗਾ,28 ਅਪਰੈਲ(ਜਸ਼ਨ)- ਕਿ੍ਰਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਬੁੱਧ ਸਿੰਘ ਵਾਲਾ, ਮੋਗਾ ਦੇ ਡਿਪਟੀ ਡਾਇਰੈਕਟਰ ਡਾ. ਅਮਨਦੀਪ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਝੋਨੇ ਦੀ ਨਵੀਂ ਕਿਸਮ ਪੀ.ਆਰ. 127 ਜੋ ਕਿ ਪੂਸਾ 44 ਨੂੰ ਸੋਧ ਕੇ ਬਣਾਈ ਗਈ ਹੈ, ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਝੁਲਸ ਰੋਗ ਦੇ ਸਾਰੇ ਜੀਵਾਣੂਆਂ ਦਾ ਟਾਕਰਾ ਕਰ ਸਕਦੀ ਹੈ। ਉਹਨਾਂ ਦੱਸਿਆ ਕਿ  ਇਹ ਨਵੀਂ ਕਿਸਮ ਦਾ ਬੀਜ ਕੇ.ਵੀ.ਕੇ. ਬੁੱਧ ਸਿੰਘ ਵਾਲਾ, ਮੋਗਾ ਵਿਖੇ ਉਪਲੱਬਧ ਹਨ। ਇਸ ਤੋਂ ਇਲਾਵਾ ਝੋਨੇ ਦੀਆਂ ਬਾਕੀ ਕਿਸਮਾਂ ਪੀ.ਆਰ.114, ਪੀ.ਆਰ.121, ਪੀ.ਆਰ.122, ਪੀ.ਆਰ.123, ਪੀ.ਆਰ. 124 ਅਤੇ ਪੀ.ਆਰ. 126 ਦਾ ਬੀਜ ਵੀ ਉਪਲੱਬਧ ਹੈ। ਬਾਸਮਤੀ ਦੀਆਂ ਕਿਸਮਾਂ ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1509 ਦੀ ਬੀਜ ਵੀ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੱਠੀ ਮੂੰਗੀ ਐਸ.ਐਮ.ਐਲ. 668 ਦਾ ਬੀਜ ਵੀ 80/- ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਹੈ। ਚਾਰੇ ਵਾਲੀ ਮੱਕੀ ਜੇ-1006 ਅਤੇ ਚਰੀ ਪੀ.ਐਸ.ਸੀ.4 ਦਾ ਬੀਜ ਵੀ ਕੇ.ਵੀ.ਕੇ. ਵਿਖੇ ਉਪਲੱਬਧ ਹੈ। ਸਾਉਣੀ ਰੁੱਤ ਦੌਰਾਨ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਦੀਆਂ ਕਿੱਟਾਂ ਅਤੇ ਵੱਖ-ਵੱਖ ਫ਼ਸਲਾਂ ਨੂੰ ਲੱਗਣ ਵਾਲੇ ਟੀਕੇ ਵੀ ਕਿਸਾਨ ਵੀਰ ਕੇ.ਵੀ.ਕੇ. ਤੋਂ ਹੀ ਲੈ ਸਕਦੇ ਹਨ। ਇਹ ਟੀਕੇ ਫ਼ਸਲਾਂ ਦਾ ਝਾੜ ਵਧਾਉਂਦੇ ਹਨ ਅਤੇ ਨਾਲ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਕਰਦੇ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਖੇਤੀ ਨਾਲ ਸਬੰਧਿਤ ਪ੍ਰਕਾਸ਼ਨਾਵਾਂ ਵੀ ਕੇ.ਵੀ.ਕੇ. ਤੋਂ ਲਈਆਂ ਜਾ ਸਕਦੀਆਂ ਹਨ। ਇਸ ਸਮੇਂ ਡਿਪਟੀ ਡਾਇਰੈਕਟਰ, ਕੇ.ਵੀ.ਕੇ., ਮੋਗਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੁਦਰਤੀ ਸੋਮਿਆਂ ਖਾਸ ਕਰਕੇ ਪਾਣੀ ਦੀ ਬੱਚਤ ਲਈ ਯੂਨੀਵਰਸਿਟੀ ਵੱਲੋਂ ਸਿਫਾਰਸ਼ ਝੋਨੇ ਦੀਆਂ ਕਿਸਮਾਂ ਦੀ ਹੀ ਬਿਜਾਈ ਕੀਤੀ ਜਾਵੇ ਕਿਉਂਕਿ ਇਹ ਕਿਸਮਾਂ ਪੂਸਾ 44 ਅਤੇ ਡੋਗਰ ਪੂਸਾ ਕਿਸਮਾਂ ਦੇ ਮੁਕਾਬਲੇ ਪੱਕਣ ਲਈ ਘੱਟ ਸਮਾਂ ਲੈਂਦੀਆਂ ਹਨ ਅਤੇ ਇਹਨਾਂ ਦੀ ਪਰਾਲੀ ਵੀ ਘੱਟ ਹੁੰਦੀ ਹੈ ਜਿਸ ਕਰਕੇ ਕਣਕ ਦੀ ਫ਼ਸਲ ਸਮੇਂ ਸਿਰ ਬੀਜੀ ਜਾ ਸਕਦੀ ਹੈ ਅਤੇ ਪਰਾਲੀ ਦੀ ਸਾਂਭ-ਸੰਭਾਲ ਵੀ ਅਸਾਨੀ ਨਾਲ ਕੀਤੀ ਜਾ ਸਕਦੀ ਹੈ। ਉਹਨਾਂ ਨੇ ਅੰਤ ਵਿੱਚ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਗਿਆਨ ਲਈ ਵੱਧ ਤੋਂ ਵੱਧ ਕਿਸਾਨ ਕਿ੍ਰਸ਼ੀ ਵਿਗਿਆਨ ਕੇਂਦਰ ਨਾਲ ਜੁੜਨ।