1 ਮਈ 2018 ਤੋਂ ਮੀਜ਼ਲਜ਼ ਅਤੇ ਰੁਬੈਲਾ ਨੂੰ ਖਤਮ ਕਰਨ ਲਈ ਸ਼ੁਰੂ ਹੋਵੇਗੀ ਮੁਹਿੰਮ-ਦਿਲਰਾਜ ਸਿੰਘ

ਮੋਗਾ 26 ਅਪ੍ਰੈਲ:(ਜਸ਼ਨ)- 1 ਮਈ 2018 ਤੋਂ ਖ਼ਸਰਾ (ਮੀਜ਼ਲਜ਼) ਅਤੇ ਹਲਕਾ ਖਸਰਾ (ਰੁਬੈਲਾ) ਨੂੰ ਖਤਮ ਕਰਨ ਲਈ ਚਲਾਈ ਜਾ ਰਹੀ ਰਾਸ਼ਟਰ ਵਿਆਪੀ ਮੁਹਿੰਮ ਤਹਿਤ ਜ਼ਿਲੇ ਭਰ ਵਿੱਚ ਇਸ ਮੁਹਿੰਮ ਨੂੰ ਸਫ਼ਲਤਾ ਪੂਰਵਿਕ ਨੇਪਰੇ ਚਾੜਨ ਲਈ ਹਰ ਸੰਭਵ ਯਤਨ ਕੀਤੇ ਜਾਣ, ਤਾਂ ਜੋ ਤਾਂ ਜੋ ਪੋਲੀਓ ਵਾਂਗ ਖਸਰੇ ਦੀ ਬਿਮਾਰੀ ਨੂੰ ਵੀ ਜੜ ਤੋਂ ਖਤਮ ਕੀਤਾ ਜਾ ਸਕੇ।    ਇਹ ਹਦਾਇਤ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਨੇ ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤੀ। ਇਸ ਮੌਕੇ ਐਸ.ਡੀ.ਐਮ ਧਰਮਕੋਟ ਗੁਰਵਿੰਦਰ ਸਿੰਘ ਜੌਹਲ, ਸਿਵਲ ਸਰਜਨ ਮੋਗਾ ਡਾ: ਸ਼ੁਸੀਲ ਜੈਨ ਅਤੇ ਜ਼ਿਲਾ ਟੀਕਾਕਾਰਨ ਅਫ਼ਸਰ-ਕਮ-ਨੋਡਲ ਅਫ਼ਸਰ ਡਾ: ਹਰਿੰਦਰ ਕੁਮਾਰ ਸ਼ਰਮਾ ਵੀ ਮੌਜੂਦ ਸਨ। ਸ. ਦਿਲਰਾਜ ਸਿੰਘ ਨੇ ਕਿਹਾ ਕਿ ਖਸਰਾ ਰੋਗ ਦੇ ਖਾਤਮੇ ਅਤੇ ਰੁਬੈਲਾ ਨੂੰ ਕਾਬੂ ਕਰਨ ਲਈ 9 ਮਹੀਨੇ ਤੋਂ 15 ਸਾਲ ਤੱਕ ਉਮਰ ਦੇ ਬੱਚਿਆਂ ਨੂੰ ਇਹ ਟੀਕਾ ਦਿੱਤਾ ਜਾਣਾ ਬਹੁਤ ਜ਼ਰੂਰੀ ਹੈ। ਉਨਾਂ ਦੱਸਿਆ ਕਿ ਇਹ ਦਵਾਈ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਇਸਦਾ ਕੋਈ ਦੁਸ਼ਪ੍ਰਭਾਵ ਨਹੀਂ ਹੈ। ਉਨਾਂ ਜ਼ਿਲਾ ਸਿੱਖਿਆ ਅਫ਼ਸਰ (ਸੈ), ਉਪ ਜ਼ਿਲਾ ਸਿੱਖਿਆ ਅਫ਼ਸਰ (ਐ) ਦੇ ਨੁਮਾਇੰਦੇ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਰਾਣਾ ਗੁਰਬਿੰਦਰ ਕੌਰ ਨੂੰ ਹਦਾਇਤ ਕੀਤੀ ਕਿ ਜ਼ਿਲੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਤੇ ਮਾਨਤਾ ਪ੍ਰਾਪਤ ਸਕੂਲਾਂ ਅਤੇ ਆਂਗਣਬਾੜੀ ਕੇਂਦਰਾਂ ਦੇ 9 ਮਹੀਨੇ ਤੋਂ 15 ਸਾਲ ਤੱਕ ਉਮਰ ਦੇ ਬੱਚਿਆਂ ਦੇ ਟੀਕਾਕਰਨ ਨੂੰ ਯਕੀਨੀ ਬਣਾਉਣ। ਉਨਾਂ ਕਿਹਾ ਕਿ ਇਸ ਮੁਹਿੰਮ ਨੂੰ ਸਫ਼ਲ ਬਨਾਉਣ ਲਈ ਜ਼ਿਲੇ ਦੇ ਮਾਪਿਆਂ, ਅਧਿਆਪਕਾਂ, ਸਮਾਜ ਸੇਵੀ ਸੰਸਥਾਵਾਂ ਅਤੇ ਹਰ ਨਾਗਰਿਕ ਦੇ ਸਹਿਯੋਗ ਦੀ ਲੋੜ ਹੈ। ਇਸ ਮੌਕੇ ਸਿਵਲ ਸਰਜਨ ਮੋਗਾ ਡਾ: ਸ਼ੁਸੀਲ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹਿੰਮ ਦੇ ਪਹਿਲੇ ਦੋ ਹਫ਼ਤੇ ਬੱਚਿਆਂ ਨੂੰ ਇਹ ਟੀਕਾ ਸਕੂਲਾਂ ਵਿੱਚ ਲਗਾਇਆ ਜਾਵੇਗਾ ਅਤੇ ਜੋ ਬੱਚੇ ਸਕੂਲਾਂ ਵਿੱਚ ਟੀਕਾ ਲਗਵਾਉਣ ਤੋਂ ਰਹਿ ਜਾਣਗੇ, ਉਨਾਂ ਨੂੰ ਸਿਹਤ ਕੇਂਦਰਾਂ, ਆਂਗਣਵਾੜੀ ਕੇਂਦਰਾਂ, ਆਊਟਰੀਚ ਸੈਂਟਰਾਂ ਅਤੇ ਹੋਰ ਸਾਧਨਾਂ ਰਾਹੀਂ ਟੀਕਾਕਰਨ ਅਧੀਨ ਲਿਆਂਦਾ ਜਾਵੇਗਾ। ਉਨਾਂ ਦੱਸਿਆ ਕਿ ਖ਼ਸਰਾ (ਮੀਜ਼ਲਜ਼) ਇੱਕ ਜਾਨਲੇਵਾ ਰੋਗ ਹੈ, ਜੋ ਵਾਇਰਸ ਦੁਆਰਾ ਫ਼ੈਲਦਾ ਹੈ ਅਤੇ ਖਸਰੇ ਦੇ ਕਾਰਣ ਬੱਚਿਆਂ ਵਿੱਚ ਅਪੰਗਤਾ ਤੇ ਬੇਵਕਤੀ ਮੌਤ ਹੋ ਸਕਦੀ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਹਲਕਾ ਖ਼ਸਰਾ (ਰੁਬੈਲਾ) ਇੱਕ ਹਲਕੀ ਵਾਇਰਲ ਇਨਫੈਕਸ਼ਨ ਹੁੰਦੀ ਹੈ, ਜੋ ਕਿ ਬੱਚਿਆਂ ਅਤੇ ਨੌਜਵਾਨਾਂ ਵਿੱਚ ਹੁੰਦੀ ਹੈ, ਜਿਸ ਨਾਲ ਸਰੀਰ ‘ਤੇ ਧੱਫ਼ੜ ਅਤੇ ਹਲਕਾ ਬੁਖ਼ਾਰ ਹੁੰਦਾ ਹੈ। ਉਨਾਂ ਦੱਸਿਆ ਕਿ ਔਰਤ ਨੂੰ ਗਰਭ ਸਮੇਂ ਦੌਰਾਨ ਇਹ ਇਨਫੈਕਸ਼ਨ ਹੋਣ ਨਾਲ ਗਰਭਪਾਤ, ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਅਤੇ ਜਨਮ ਮੌਕੇ ਬੱਚੇ ਵਿੱਚ ਕਈ ਜਮਾਂਦਰੂ ਬਿਮਾਰੀਆਂ (ਅੰਨਾਪਣ, ਬਹਿਰਾਪਣ, ਦਿਲ ਦੀ ਬਿਮਾਰੀ ਆਦਿ) ਹੋਣ ਦਾ ਡਰ ਰਹਿੰਦਾ ਹੈ। ਇਸ ਮੌਕੇ ਜ਼ਿਲਾ ਟੀਕਾਕਾਰਨ ਅਫ਼ਸਰ ਡਾ: ਹਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 9 ਮਹੀਨੇ ਤੋਂ 15 ਸਾਲ ਤੱਕ ਦੀ ਉਮਰ ਦੇ ਬੱਚੇ ਨੂੰ ਸਿਹਤ ਵਿਭਾਗ ਵੱਲੋਂ ਮੀਜ਼ਲ-ਰੁਬੈਲਾ ਦਾ ਟੀਕਾਕਰਨ ਬਿਲਕੁੱਲ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ: ਰਾਜੇਸ਼ ਅਤਰੀ ਤੇ ਇੰਦਰਬੀਰ ਸਿੰਘ ਗਿੱਲ, ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਅੰਮਿ੍ਰਤ ਸ਼ਰਮਾ ਮੀਡੀਆ ਵਿੰਗ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।