ਸੰਮਤੀ ਦੇ ਪ੍ਰਧਾਨ ਅਤੇ ਉੱਘੇ ਸਮਾਜਸੇਵੀ ਡਾ.ਬਲਰਾਜ ਸਿੰਘ ਰਾਜੂ ਸੜਕ ਹਾਦਸੇ ਵਿੱਚ ਜ਼ਖਮੀ

ਸਮਾਲਸਰ,26 ਅਪ੍ਰੈਲ (ਜਸਵੰਤ ਗਿੱਲ)- ਸਮਾਲਸਰ ਸਮਾਜ ਸੇਵਾ ਸੰਮਤੀ ਦੇ ਪ੍ਰਧਾਨ,ਮਾਨਵ ਸੇਵਾ ਫਾਊਡੇਸ਼ਨ ਪੰਜਾਬ ਦੇ ਕੈਸ਼ੀਅਰ ਅਤੇ ਇਲਾਕੇ ਦੇ ਉੱਘੇ ਸਮਾਜਸੇਵੀ ਡਾ.ਬਲਰਾਜ ਸਿੰਘ ਰਾਜੂ ਬੀਤੇ ਦਿਨੀਂ ਸੜਕ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋ ਗਏ ਸਨ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆ ਸੰਮਤੀ ਦੇ ਅਹੁਦੇਦਾਰ  ਕਿਰਮਲ ਸਿੰਘ,ਰਾਕੇਸ਼ ਕੁਮਾਰ ਬਿੱਟਾ,ਬਾਵਾ ਭੱਲਾ ਅਤੇ ਸੁਖਦੇਵ ਸਿੰਘ ਸੋਢੀ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦ ਡਾ.ਬਲਰਾਜ ਸਿੰਘ ਰਾਜੂ ਕਸਬੇ ਅੰਦਰ ਹੀ ਮੱਲਕੇ ਰੋਡ ਦੇ ਨੇੜੇ ਕਿਸੇ ਮਰੀਜ਼ ਦੇ ਪੱਟੀਆਂ ਕਰਕੇ ਵਾਪਸ ਆ ਰਹੇ ਸਨ ਤਾਂ ਖਿੱਚ ਨਾਲ ਤੂੜੀ ਲਾ ਰਹੇ ਕਿਸਾਨਾਂ ਨੇ ਬਿਨ੍ਹਾਂ ਦੇਖਿਆ ਹੀ ਖਿੱਚ ਵਾਲੀ ਤਾਰ ਨੂੰ ਦੂਸਰੇ ਟਰੈਕਟਰ ਨਾਲ ਖਿੱਚ ਲਿਆ ਅਤੇ ਤਾਰ ਸਿੱਧੀ ਡਾ.ਰਾਜੂ ਦੀ ਗਰਦਨ ਵਿੱਚ ਜਾ ਵੱਜੀ ਇਸ ਨਾਲ ਡਾ.ਰਾਜੂ ਮੋਟਰਸਾਇਕਲ ਤੋਂ ਸੜਕ ਉੱਪਰ ਡਿੱਗ ਪਿਆ । ਉਨ੍ਹਾਂ ਦੱਸਿਆ ਕਿ ਤਾਰ ਗਰਦਨ ਵਿੱਚ ਵੱਜਣ ਨਾਲ,ਪ੍ਰਧਾਨ ਰਾਜੂ ਦੀ ਗਰਦਨ,ਸਿਰ ਵਿੱਚ ਅਤੇ ਪੈਰ ਦੇ ਸੱਟ ਲੱਗੀ ਹੈ। ਮੌਕੇ ਦੇ ਮੌਜ਼ੂਦ ਲੋਕਾਂ ਨੇ ਤੁਰੰਤ ਹੀ ਪ੍ਰਧਾਨ ਰਾਜੂ ਨੂੰ ਕੋਟਕਪੂਰਾ ਦੇ ਰਾਜਨ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਜਿੱਥੋਂ ਕਿ ਉਹ ਮੁੱਢਲੇ ਇਲਾਜ ਤੋਂ ਬਾਅਦ ਘਰ ਪਰਤ ਆਏ ਹਨ । ਜ਼ਿਕਰਯੋਗ ਹੈ ਕਿ ਆਪਣੇ ਸਮਾਜ ਸੇਵੀ ਅਤੇ ਲੋਕ ਪੱਖੀ ਕਾਰਜਾਂ ਕਰਕੇ ਡਾ.ਬਲਰਾਜ ਸਿੰਘ ਇਲਾਕੇ ਵਿੱਚ ਪੂਰੇ ਸਰਗਰਮ ਰਹਿੰਦੇ ਹਨ ਅਤੇ ਉਨ੍ਹਾਂ ਦੀ ਸਿਹਤ ਸਲਾਮਤੀ ਲਈ ਲੋਕਾਂ ਵੱਲੋਂ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ।