ਜਬਲਪੁਰ ਵਿਖੇ ਮਨਾਏ ਕੌਮੀ ਪੰਚਾਇਤ ਦਿਵਸ ਮੌਕੇ ਪਿੰਡ ਡਾਲਾ ਦੀ ਸਰਪੰਚ ਨਰਿੰਦਰ ਕੌਰ ਦਾ ਹੋਇਆ ਸਨਮਾਨ ,ਡਾਲਾ ਆਧੁਨਿਕ ਸਹੂਲਤਾਂ ਵਾਲਾ ਪਿੰਡ ਬਣ ਕੇ ਉਭਰਿਆ

ਮੋਗਾ,25 ਅਪਰੈਲ (ਜਸ਼ਨ)-ਕੱਲ ਕੌਮੀ ਪੰਚਾਇਤ ਦਿਵਸ ਮੌਕੇ ਪੰਜਾਬ ਦੀਆਂ ਸੱਤ ਪੰਚਾਇਤਾਂ ਅਤੇ ਇੱਕ ਗ੍ਰਾਮ ਸਭਾ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿਖੇ ਰਾਸ਼ਟਰੀ ਸਮਾਗਮ ਦੌਰਾਨ ਪੁਰਸਕਾਰ ਪ੍ਰਦਾਨ ਕੀਤੇ। ਸਨਮਾਨ ਹਾਸਿਲ ਕਰਨ ਵਲਿਆਂ ਵਿਚ ਮੋਗਾ ਦੇ ਪਿੰਡ ਡਾਲਾ ਦੀ ਪੰਚਾਇਤ ਨੇ ਇਹ ਕੌਮੀ ਪੁਰਸਕਾਰ ਹਾਸਿਲ ਕੀਤਾ। ਡਾਲਾ ਦੀ ਸਰਪੰਚ ਸ਼੍ਰੀਮਤੀ ਨਰਿੰਦਰ ਕੌਰ ਨੇ ਮਾਣਮੱਤੇ ਪੁਰਸਕਾਰ ਨੂੰ ਹਾਸਲ ਕਰਨ ਉਪਰੰਤ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਡਾਲਾ ਪਿੰਡ ਨੂੰ ਸ਼ਹਿਰ ਦੀ ਤਰਜ਼ ’ਤੇ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਹੋਈਆਂ ਹਨ ਤਾਂ ਜੋ ਪਿੰਡਵਾਸੀਆਂ ਦੇ ਕੰਮ ਪਿੰਡ ਰਹਿ ਕੇ ਹੀ ਹੋ ਸਕਣ। ਉਹਨਾਂ ਦੱਸਿਆ ਕਿ ਪਿੰਡ ਵਾਸੀਆਂ ਦੀ ਸਹੂਲਤ ਲਈ ਪਾਰਕ ਦਾ ਨਿਰਮਾਣ, ਸੁਵਿਧਾ ਕੇਂਦਰ,ਸਟਰੀਟ ਲਾਈਟਾਂ ,ਕਮਿੳੂਨਟੀ ਮੈਰਿਜ ਪੈਲੇਸ ,ਨੌਜਵਾਨਾਂ ਲਈ ਜਿੰਮ,ਆਧੁਨਿਕ ਸਹੂਲਤਾਂ ਨਾਲ ਲੈੱਸ ਖੇਡ ਦੇ ਮੈਦਾਨ ਤੋਂ ਇਲਾਵਾ ਧਰਤੀ ਹੇਠਲੇ ਪਾਣੀ ਦੀ ਸਤਹਿ ਘੱਟਣ ਨੂੰ ਰੋਕਣ ਲਈ ਪਿੰਡ ਦੇ ਛੇ ਛੱਪੜਾਂ ਦਾ ਪਾਣੀ ਰੀਸਾਈਕਲ ਕਰਨ ਉਪਰੰਤ ਸਿੰਜਾਈ ਲਈ ਵਰਤਿਆਂ ਜਾਂਦਾ ਹੈ । ਉਹਨਾਂ ਦੱਸਿਆ ਕਿ ਪ੍ਰਾਇਵੇਟ ਸਕੂਲਾਂ ਦੀ ਤਰਾਂ ਪਿੰਡ ਦੇ ਸਰਕਾਰੀ ਸਕੂਲਾਂ ਵਿਚ ਸਮਾਰਟ ਕਲਾਸ ਰੂਮਜ਼ ਦਾ ਨਿਰਮਾਣ ਕੀਤਾ ਗਿਆ ਹੈ।  ਸਰਪੰਚ ਨਰਿੰਦਰ ਕੌਰ ਨੇ ਦੱਸਿਆ ਕਿ ਮਾਹਵਾਰੀ ਚੱਕਰ ਦੌਰਾਨ ਪੇਂਡੂ ਪਿਛੋਕੜ ਨਾਲ ਸਬੰਧਤ ਲੜਕੀਆਂ ਨੂੰ ਰਵਾਇਤੀ ਢੰਗ ਨੂੰ ਤਿਆਗ ਕੇ ਸਫ਼ਾਈ ਲਈ ਪ੍ਰੇਰਿਤ ਕਰਨ ਹਿਤ ਸੈਨੇਟਰੀ ਨੈਪਕਿਨ ਡਿਸਪੈਂਸਿੰਗ ਮਸ਼ੀਨ ਸਥਾਪਿਤ ਕੀਤੀ ਗਈ ਹੈ ਤਾਂ ਕਿ ਇਹਨਾਂ ਖਾਸ ਦਿਨਾਂ ਵਿਚ ਲੜਕੀਆਂ ਦੀ ਛੁੱਟੀ ਕਰਨ ਨਾਲ ਉਹਨਾਂ ਦੀ ਪੜਾਈ ਪ੍ਰਭਾਵਿਤ ਨਾ ਹੋਵੇ। ਸੂਬੇ ਦੇ ਪੰਚਾਇਤ ਮੰਤਰੀ ਸ. ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਵੀ ਪੰਚਾਇਤ ਦਿਵਸ ਦੇ ਮੌਕੇ ਵਧੀਆ ਕਾਰਗੁਜਾਰੀ ਲਈ ਰਾਸ਼ਟਰੀ ਪੁਰਸਕਾਰ ਹਾਸਿਲ ਕਰਨ ਵਾਲੀਆਂ ਪੰਜਾਬ ਦੀਆਂ ਪੰਚਾਇਤਾਂ ਨੂੰ ਵਧਾਈ ਦਿੱਤੀ ਹੈ। 

ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਡਾਲਾ ਦੀ ਗਰਾਮ ਪੰਚਾਇਤ ਨੂੰ ਮਿਲੇ ਇਸ ਕੌਮੀਂ ਪੁਰਸਕਾਰ ’ਤੇ ਖੁਸ਼ੀ ਜ਼ਾਹਰ ਕਰਦਿਆਂ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਦੀ ਪੰਚਾਇਤ ਇਸ ਮਾਣ-ਸਨਮਾਨ ਦੀ ਹੱਕਦਾਰ ਹੈ ਜਿਸ ਨੇ ਦਿਨ ਰਾਤ ਮਿਹਨਤ ਕਰਕੇ ਪਿੰਡ ਡਾਲਾ ਨੂੰ ਆਧੁਨਿਕ ਦਿੱਖ ਪ੍ਰਦਾਨ ਕੀਤੀ ਹੈ। ਉਹਨਾਂ ਪਿੰਡ ਦੀ ਸਰਪੰਚ ਨਰਿੰਦਰ ਕੌਰ, ਸਮੂਹ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਉਹ ਹਲਕੇ ਦੀਆਂ ਬਾਕੀ ਪੰਚਾਇਤਾਂ ਨੂੰ ਵੀ ਇਸੇ ਤਰੀਕੇ ਨਾਲ ਵਿਕਾਸ ਕਾਰਜ ਕਰਵਾਉਣ ਲਈ ਸੱਦਾ ਦਿੰਦੇ ਹਨ ਤਾਂ ਕਿ ਰਾਸ਼ਟਰ ਪੱਧਰ ’ਤੇ ਪਿੰਡਾਂ ਦਾ ਨਾਮ ਰੌਸ਼ਨ ਹੋ ਸਕੇ।