ਲੋਕਾਂ ਨੂੰ ਸਸਤੀ ਰੇਤ ਮੁਹੱਈਆ ਕਰਵਾਉਣਾ ਸਰਕਾਰ ਦੀ ਤਰਜੀਹ: ਸੁਖਬਿੰਦਰ ਸਿੰਘ ਸੁੱਖ ਸਰਕਾਰੀਆ

ਚੰਡੀਗੜ੍ਹ, 24 ਅਪ੍ਰੈਲ(ਪੱਤਰ ਪਰੇਰਕ)-ਪੰਜਾਬ ਦੇ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਅਤੇ ਖਾਣਾਂ ਤੇ ਭੂ ਵਿਗਿਆਨ ਬਾਰੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਆਪਣਾ ਅਹੁਦਾ ਸੰਭਾਲਦੇ ਸਾਰ ਅੱਜ ਰੇਤ ਦੀਆਂ ਖਾਣਾਂ ਵਿੱਚੋਂ ਗ਼ੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਸਖ਼ਤ ਆਦੇਸ਼ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਸਸਤੀ ਰੇਤ ਮੁਹੱਈਆ ਕਰਵਾਉਣਾ ਸਰਕਾਰ ਦੀ ਤਰਜੀਹ ਹੈ। ਰਾਜ ਵਿੱਚ ਰੇਤੇ ਦੀਆਂ ਖਾਣਾਂ ਦੀ ਸਮੀਖਿਆ ਲਈ ਵਿਭਾਗ ਦੇ ਅਧਿਕਾਰੀਆਂ ਦੀ ਸੱਦੀ ਮੀਟਿੰਗ ਦੌਰਾਨ ਉਨ੍ਹਾਂ ਰੇਤੇ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਦਾ ਆਦੇਸ਼ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਵਿੱਚ ਰੇਤੇ ਦੀ ਸਪਲਾਈ ਮੰਗ ਨਾਲੋਂ 80 ਫੀਸਦੀ ਘੱਟ ਹੈ, ਜਿਸ ਕਾਰਨ ਕੀਮਤਾਂ ਵਧ ਰਹੀਆਂ ਹਨ। ਕੈਬਿਨਟ ਮੰਤਰੀ ਨੇ ਰੇਤੇ ਤੇ ਬਜਰੀ ਦੀ ਸਪਲਾਈ ਵਧਾਉਣ ਲਈ ਨਵੀਆਂ ਖੱਡਾਂ ਦੀ ਸ਼ਨਾਖ਼ਤ ਕਰਨ ਲਈ ਆਖਿਆ ਤਾਂ ਕਿ ਲੋਕਾਂ ਨੂੰ ਮਹਿੰਗੇ ਮੁੱਲ ਉਤੇ ਰੇਤਾ ਨਾ ਮਿਲੇ। ਇਸ ਤੋਂ ਪਹਿਲਾਂ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਰਾਜ ਵਿੱਚ ਰੇਤੇ ਦੀਆਂ ਖਾਣਾਂ ਦੀ ਸਥਿਤੀ ਬਾਰੇ ਪੇਸ਼ਕਾਰੀ ਦਿੱਤੀ ਅਤੇ ਪਿਛਲੇ ਦਿਨੀਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਤੇਲੰਗਾਨਾ ਰਾਜ ਦੇ ਦੌਰੇ ਉਤੇ ਗਈ ਟੀਮ ਵੱਲੋਂ ਖੋਜੇ ਤੱਥਾਂ ਤੋਂ ਜਾਣੂੰ ਕਰਵਾਇਆ। ਇਸ ਮੌਕੇ ਪ੍ਰਸਤਾਵਤ ਮਾਈਨਿੰਗ ਨੀਤੀ ਬਾਬਤ ਵਿਚਾਰ ਵਟਾਂਦਰਾ ਵੀ ਹੋਇਆ। ਮੀਟਿੰਗ ਉਪਰੰਤ ਸ. ਸਰਕਾਰੀਆ ਨੇ ਦੱਸਿਆ ਕਿ ਕੈਬਨਿਟ ਸਬ-ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਪੰਜਾਬ ਦੇ ਖਣਨ  ਖੇਤਰ ਵਿੱਚ ਇਕ ਨਵੀਂ ਕ੍ਰਾਂਤੀ ਆਏਗੀ, ਜਿਸਦੇ ਚੱਲਦਿਆਂ ਨਾ ਸਿਰਫ ਗ਼ੈਰ ਕਾਨੂੰਨੀ ਮਾਈਨਿੰਗ ਉਤੇ ਕਾਬੂ ਪਾਇਆ ਜਾਵੇਗਾ ਬਲਕਿ ਸਰਕਾਰੀ ਵੈੱਬਸਾਈਟ ਰਾਹੀਂ ਰੇਤੇ ਦੀ ਵਿਕਰੀ ਸੰਭਵ ਹੋਵੇਗੀ। ਇਸ ਮੌਕੇ ਪ੍ਰਮੁੱਖ ਸਕੱਤਰ ਸ੍ਰੀ ਜਸਪਾਲ ਸਿੰਘ, ਡਾਇਰੈਕਟਰ ਕੁਮਾਰ ਰਾਹੁਲ ਅਤੇ ਵਧੀਕ ਡਾਇਰੈਕਟਰ ਵਿਨੀਤ ਕੁਮਾਰ ਹਾਜ਼ਰ ਸਨ।