ਨਵੇਂ ਬਣੇ ਕੈਬਨਿਟ ਮੰਤਰੀਆਂ ਨੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਕਾਰਜਭਾਰ ਸੰਭਾਲਿਆ

ਚੰਡੀਗੜ, 24 ਅਪਰੈਲ (ਜਸ਼ਨ): ਸੂਬਾ ਸਰਕਾਰ ਵਿੱਚ ਜੋਸ਼ ਦੀ ਨਵੀਂ ਲਹਿਰ ਭਰਦਿਆਂ ਪੰਜਾਬ ਵਜ਼ਾਰਤ ਦੇ ਨਵੇਂ ਮੰਤਰੀਆਂ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਆਪਣੇ ਵਿਭਾਗਾਂ ਦਾ ਕਾਰਜਭਾਰ ਸੰਭਾਲ ਲਿਆ ਹੈ। ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਲੋਕ ਸੇਵਾਂ ਲਈ ‘ਬਿਹਤਰੀਨ’ ਵਿਅਕਤੀ ਚੁਣੇ ਗਏ ਹਨ ਅਤੇ ਉਹ ਵਧੀਆ ਕਾਰਗੁਜ਼ਾਰੀ ਦਿਖਾਉਣਗੇ।
ਬਾਅਦ ਵਿੱਚ ਮੀਡੀਆ ਵੱਲੋਂ ਪੁੱਛੇ ਸਵਾਲ ਉਤੇ ਮੁੱਖ ਮੰਤਰੀ ਨੇ ਦਲਿਤ/ਓ.ਬੀ.ਸੀ. ਭਾਈਚਾਰੇ ਨੂੰ ਵਜ਼ਾਰਤ ਵਿੱਚ ਢੁਕਵੀਂ ਨੁਮਾਇੰਦਗੀ ਦੇਣ ਦੀ ਗੱਲ ਦੁਹਰਾਉਂਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ 77 ਵਿਧਾਇਕਾਂ ਨੂੰ ਮੰਤਰੀ ਨਹੀਂ ਬਣਾਇਆ ਜਾ ਸਕਦਾ ਪਰ ਜਿਹੜੇ ਰਹਿ ਗਏ ਹਨ ਕਿ ਉਨਾਂ ਨੂੰ ਢੁਕਵੀਂ ਨੁਮਾਇੰਦਗੀ ਦਿੱਤੀ ਜਾਵੇਗੀ, ਜਿਸ ਬਾਰੇ ਉਨਾਂ ਵੱਲੋਂ ਪਹਿਲਾਂ ਹੀ ਵਾਅਦਾ ਕੀਤਾ ਗਿਆ ਹੈ।  
ਕੁਝ ਮੰਤਰੀਆਂ ਕੋਲ ਆਪਣੇ ਵਿਭਾਗਾਂ ਦੀ ਅਗਵਾਈ ਕਰਨ ਲਈ ਢੁਕਵੀਂ ਵਿਦਿਅਕ ਯੋਗਤਾ ਨਾ ਹੋਣ ਬਾਰੇ ਸਵਾਲ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਸਾਰਿਆਂ ਕੋਲ ਕੰਮ-ਕਾਜ ਵਿੱਚ ਮਦਦ ਲਈ ਯੋਗ ਅਤੇ ਤਜਰਬੇਕਾਰ ਸਟਾਫ ਹੈ। ਉਨਾਂ ਨੇ ਤਨਜ਼ ਕੀਤਾ ਕਿ ਰੱਖਿਆ ਮੰਤਰੀ ਫ਼ੌਜ ਦਾ ਜਰਨੈਲ ਨਹੀਂ ਹੁੰਦਾ। 
ਪੰਜਾਬ ਸਕੱਤਰੇਤ ਵਿੱਚ ਨਵੇਂ ਮੰਤਰੀਆਂ ਨੂੰ ਰਸਮੀ ਤੌਰ ’ਤੇ ਉਨਾਂ ਦੇ ਦਫ਼ਤਰਾਂ ਵਿੱਚ ਬਿਠਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਜ਼ਾਰਤ ਵਿੱਚ ਵਾਧੇ ਨਾਲ ਕੁਸ਼ਲਤਾ ਵਧੇਗੀ ਜਦੋਂਕਿ ਸੂਬੇ ਦੀ ਸਥਿਤੀ ਵਿੱਚ ਸਮੁੱਚੇ ਤੌਰ ’ਤੇ ਪਹਿਲਾਂ ਹੀ ਕਾਫ਼ੀ ਸੁਧਾਰ ਆਇਆ ਹੈ। ਸੂਬੇ ਦੀ ਵਿੱਤੀ ਹਾਲਤ ਵਿੱਚ ਵੀ ਸੁਧਾਰ ਆਇਆ ਹੈ। ਉਨਾਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਕਈ ਸਮਾਜਿਕ ਸੁਰੱਖਿਆ ਯੋਜਨਾਵਾਂ ਤਹਿਤ ਲਗਾਤਾਰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ। 
ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਡੀਜੀਪੀ (ਮਨੁੱਖੀ ਵਸੀਲੇ ਵਿਕਾਸ) ਸਿਧਾਰਥ ਚੱਟੋਪਾਧਿਆਏ ਦੇ ਵਕੀਲ ਵੱਲੋਂ ਦਿੱਤੀ ਦਲੀਲ ਕਿ ਮੁੱਖ ਮੰਤਰੀ ਨੇ ਪੁਲੀਸ ਦੇ ਸੀਨੀਅਰ ਅਫ਼ਸਰਾਂ ਦੀ ਅਨੁਸ਼ਾਸਨੀ ਮੀਟਿੰਗ ਸੱਦ ਕੇ ਅਦਾਲਤ ਦੀ ਤੌਹੀਨ ਕੀਤੀ ਹੈ ਬਾਰੇ ਸਵਾਲ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਅਦਾਲਤ ਵਿੱਚ ਚੱਲ ਰਹੇ ਇਸ ਮਾਮਲੇ ਵਿੱਚ ਕਿਸੇ ਵੀ ਤਰਾਂ ਦਖ਼ਲਅੰਦਾਜ਼ੀ ਨਹੀਂ ਕੀਤੀ ਹੈ। ਉਨਾਂ ਕਿਹਾ ਕਿ ਉਨਾਂ ਨੇ ਸੂਬੇ ਦੇ ਹਿੱਤ ਵਿੱਚ ਕੇਵਲ ਪੁਲੀਸ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਸਨ। ਉਨਾਂ ਕਿਹਾ ਕਿ ਉਹ ਪੁਲੀਸ ਫੋਰਸ ਵਿੱਚ ਅਨੁਸ਼ਾਸਹੀਣਤਾ ਬਰਦਾਸ਼ਤ ਨਹੀਂ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘ਵਰਦੀਧਾਰੀ ਬਲਾਂ, ਭਾਵੇਂ ਇਹ ਫ਼ੌਜ ਹੋਵੇ ਜਾਂ ਨੀਮ ਫ਼ੌਜੀ ਬਲ ਜਾਂ ਪੁਲੀਸ, ਵਿੱਚ ਹਰ ਕੀਮਤ ਉਤੇ ਅਨੁਸ਼ਾਸਨ ਕਾਇਮ ਰੱਖਿਆ ਜਾਣਾ ਚਾਹੀਦਾ ਹੈ।’ 
ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਦੁਹਰਾਇਆ ਕਿ ਨਸ਼ਿਆਂ ਖ਼ਿਲਾਫ਼ ਕਾਇਮ ਕੀਤੀ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਦੀ ਅਗਵਾਈ ਲਈ ਹਰਪ੍ਰੀਤ ਸਿੰਘ ਸਿੱਧੂ ਨੂੰ ਕੇਵਲ ਮੁੱਖ ਮੰਤਰੀ ਦਫ਼ਤਰ (ਸੀਐਮਓ) ਰਾਹੀਂ ਹੀ ਪੰਜਾਬ ਲਿਆਉਣ ਦਾ ਰਸਤਾ ਸੀ ਕਿਉਂਕਿ ਉਹ ਕੇਂਦਰੀ ਡੈਪੂਟੇਸ਼ਨ ’ਤੇ ਸਨ, ਜਿੱਥੇ ਅਜੇ ਉਨਾਂ ਦਾ ਕਾਰਜਕਾਲ ਪੂਰਾ ਨਹੀਂ ਹੋਇਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਉਨਾਂ (ਹਰਪ੍ਰੀਤ ਸਿੱਧੂ) ਦਾ ਕੇਂਦਰ ’ਚ ਬਾਕੀ ਰਹਿੰਦਾ ਕਾਰਜਕਾਲ ਪੂਰਾ ਹੋ ਗਿਆ ਹੈ ਅਤੇ ਉਨਾਂ ਨੂੰ ਡੀਜੀਪੀ ਤਹਿਤ ਲਿਆਂਦਾ ਗਿਆ ਹੈ। 
 ਮੁੱਖ ਮੰਤਰੀ ਨੇ ਆਖਿਆ ਕਿ ਉਨਾਂ ਦੀ ਸਰਕਾਰ ਕੁੱਝ ਸਕੂਲਾਂ ਵਿਚ ਚੀਨੀ ਭਾਸ਼ਾ ਨੂੰ ਚੋਣਵੀਂ ਭਾਸ਼ਾ ਵਜੋਂ ਲਾਗੂ ਕਰਨ ’ਤੇ ਵਿਚਾਰ ਕਰ ਰਹੀ ਹੈ ਕਿਉਂ ਜੋ ਭਵਿੱਖ ਵਿਚ ਭਾਸ਼ਾ ਆਲਮੀ ਪੱਧਰ ’ਤੇ ਬਹੁਤ ਮਹੱਤਵਪੂਰਨ ਰੋਲ ਅਦਾ ਕਰੇਗੀ। ਉਨਾਂ ਕਿਹਾ ਕਿ ਦੁਆਬਾ ਖਿੱਤੇ ਵਿੱਚ ਕਈ ਥਾਈਂ ਇਤਾਲਵੀ ਅਤੇ ਹੋਰ ਵਿਦੇਸ਼ੀ ਭਾਸ਼ਾਵਾਂ ਸਿਖਾਈਆਂ ਜਾ ਰਹੀਆਂ ਹਨ ਅਤੇ ਵਿਸ਼ਵ ਪੱਧਰ ’ਤੇ ਮੁਕਾਬਲੇ ਦੇ ਯੋਗ ਹੋਣ ਲਈ ਵਿਦਿਆਰਥੀਆਂ ਨੂੰ ਵਿਦੇਸ਼ੀ ਭਾਸ਼ਾ ਦਾ ਗਿਆਨ ਦੇਣਾ ਸਮੇਂ ਦੀ ਲੋੜ ਬਣ ਚੁੱਕੀ ਹੈ।
        ਇਸ ਤੋਂ ਪਹਿਲਾਂ ਮੁੱਖ ਮੰਤਰੀ ਆਪਣੇ ਨਵੇਂ ਕੈਬਨਿਟ ਸਾਥੀਆਂ ਨੂੰ ਕਾਰਜਭਾਰ ਸੰਭਾਲਣ ਲਈ ਸਕੱਤਰੇਤ ਵਿਖੇ ਸੱਤਵੀਂ ਮੰਜ਼ਿਲ ਤੋਂ ਸ਼ੁਰੂ ਹੋ ਕੇ ਹੇਠਲੀਆਂ ਮੰਜ਼ਲਾਂ ਤੱਕ ਉਨਾਂ ਦੇ ਦਫ਼ਤਰਾਂ ਵਿੱਚ ਗਏ। ਸੱਤਵੀਂ ਮੰਜ਼ਿਲ ’ਤੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਅਹੁਦਾ ਸੰਭਾਲਣ ਦੇ ਮੌਕੇ ਸਤਿਕਾਰ ਵਜੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਮੁੱਖ ਮੰਤਰੀ ਨੇ ਇਸੇ ਮੰਜ਼ਿਲ ’ਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਅਹੁਦਾ ਸੰਭਾਲਣ ਮੌਕੇ ਉਨਾਂ ਨੂੰ ਵਧਾਈ ਦਿੱਤੀ।
        ਇਸ ਤੋਂ ਮਗਰੋਂ ਕੈਪਟਨ ਅਮਰਿੰਦਰ ਸਿੰਘ ਹੋਰ ਸੀਨੀਅਰ ਪਾਰਟੀ ਸਾਥੀਆਂ ਨਾਲ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕਾਰਜਭਾਰ ਸੰਭਾਲਣ ਲਈ ਛੇਵੀਂ ਮੰਜ਼ਿਲ ’ਤੇ ਗਏ। ਇਸ ਉਪਰੰਤ ਮੁੱਖ ਮੰਤਰੀ ਪੰਜਵੀਂ ਮੰਜ਼ਿਲ ’ਤੇ ਗਏ ਜਿੱਥੇ ਉਨਾਂ ਦੀ ਹਾਜ਼ਰੀ ਵਿੱਚ ਲੋਕ ਨਿਰਮਾਣ ਤੇ ਸੂਚਨਾ ਤਕਨਾਲੋਜੀ ਮੰਤਰੀ ਵਿਜੇ ਇੰਦਰ ਸਿੰਗਲਾ, ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਆਪੋ-ਆਪਣੇ ਦਫ਼ਤਰਾਂ ਵਿੱਚ ਕਾਰਜਭਾਰ ਸੰਭਾਲਿਆ। ਅਖੀਰ ਵਿਚ ਸਿੱਖਿਆ ਤੇ ਵਾਤਾਵਰਨ ਮੰਤਰੀ ਓ.ਪੀ. ਸੋਨੀ ਅਤੇ ਸਹਿਕਾਰਤਾ ਤੇ ਜੇਲਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਅਹੁਦਾ ਸੰਭਾਲਿਆ। ਹਰੇਕ ਮੰਜ਼ਿਲ ਤੇ ਜੋਸ਼ੀਲੇ ਵਰਕਰਾਂ ਨੇ ਮੁੱਖ ਮੰਤਰੀ ਦਾ ਜ਼ੋਰਦਾਰ ਸਵਾਗਤ ਕੀਤਾ।  ਮੁੱਖ ਮੰਤਰੀ ਉਚੇਰੀ ਸਿੱਖਿਆ ਬਾਰੇ ਮੰਤਰੀ ਰਜ਼ੀਆ ਸੁਲਤਾਨਾ ਦੇ ਵੀ ਦਫ਼ਤਰ ਗਏ ਜਿਨਾਂ ਨੂੰ ਹਾਲ ਹੀ ਵਿੱਚ ਹੋਏ ਕੈਬਨਿਟ ਦੇ ਵਿਸਥਾਰ ਵਿੱਚ ਰਾਜ ਮੰਤਰੀ ਤੋਂ ਤਰੱਕੀ ਦੇ ਕੇ ਕੈਬਨਿਟ ਰੈਂਕ ਦਿੱਤਾ ਗਿਆ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ