ਭਾਰਤ-ਪਾਕਿ ਦੇਸ਼ਾਂ ਵਿਚ ਸਜ਼ਾ ਪੂਰੀ ਕਰਨ ਵਾਲੇ ਕੈਦੀਆਂ ਦੀ ਰਿਹਾਈ ’ਚ ਤੇਜ਼ੀ ਲਿਆਉਣ ਦਾ ਪਾਕਿ ਹਾਈ ਕਮਿਸ਼ਨਰ ਵਲੋਂ ਸੁਝਾਅ

ਚੰਡੀਗੜ, 24 ਅਪ੍ਰੈਲ-(ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਨੂੰ ਘਟਾਉਣ ਅਤੇ ਬੇਹਤਰ ਸਬੰਧਾਂ ਨੂੰ ਯਕੀਨੀ ਬਣਾਉਣ ਵਾਸਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਆਪਸੀ ਸੰਪਰਕ ਬਣਾਏ ਜਾਣ ਦਾ ਸੱਦਾ ਦਿੱਤਾ ਹੈ। ਭਾਰਤ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੁਹੇਲ ਮੁਹੰਮਦ ਨਾਲ ਦੁਪਹਿਰ ਦੇ ਖਾਣੇ ਉੱਤੇ ਇਕ ਗੈਰ ਰਸਮੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਹਾਲ ਹੀ ਦੇ ਸਮੇਂ ਦੌਰਾਨ ਸਰਹੱਦ ’ਤੇ ਤਣਾਅ ਪੈਦਾ ਹੋਣ ਕਰ ਕੇ ਦੋਵੇਂ ਦੇਸ਼ਾਂ ਵਿਚਕਾਰ ਵਪਾਰ ਦੇ ਘੱਟਣ ’ਤੇ ਚਿੰਤਾ ਪ੍ਰਗਟ ਕੀਤੀ ਹੈ। 
    ਕੈਪਟਨ ਅਮਰਿੰਦਰ ਸਿੰਘ ਅਤੇ ਸੁਹੇਲ ਮੁਹੰਮਦ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟ ਕੀਤੀ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਵਪਾਰ ’ਚ ਕਮੀ ਦੋਵੇਂ ਦੇਸ਼ਾਂ ਦੇ ਹਿੱਤਾਂ ਲਈ ਨੁਕਸਾਨਦੇਹ ਹੈ। ਉਨਾਂ ਨੇ ਲੋਕ ਕੇਂਦਿ੍ਰਤ ਕਦਮਾਂ ਰਾਹੀਂ ਤਣਾਅ ਨੂੰ ਘਟਾਉਣ ਵਾਸਤੇ ਦੋਵੇਂ ਦੇਸ਼ਾਂ ਵਿਚਕਾਰ ਠੋਸ ਕੋਸ਼ਿਸ਼ਾਂ ਕੀਤੇ ਜਾਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ। ਕੈਪਟਨਾ ਅਮਰਿੰਦਰ ਸਿੰਘ ਨੇ ਭਾਰਤ-ਪਾਕਿ ਪੰਜਾਬ ਖੇਡਾਂ ਦੀ ਮੁੜ ਸੁਰਜੀਤੀ ’ਤੇ ਜ਼ੋਰ ਦਿੱਤਾ ਜੋ ਕਿ ਉਨਾਂ ਦੇ ਪਿਛਲੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੀਆਂ ਗਈਆਂ ਸਨ। ਉਨਾਂ ਕਿਹਾ ਕਿ ਦੋਵੇਂ ਪੰਜਾਬਾਂ ਦੇ ਵਿਚਕਾਰ ਲੋਕਾਂ ਦੇ ਆਪਸੀ ਸਬੰਧਾਂ ਨੂੰ ਬੜਾਵਾ ਦੇਣ ਲਈ ਖੇਡਾਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਇਹ ਖੇਡਾਂ ਸਾਲ 2004 ਦੌਰਾਨ ਪਟਿਆਲਾ ਤੋਂ ਸ਼ੁਰੂ ਕੀਤੀਆਂ ਗਈਆਂ ਸਨ। ਇਨਾਂ ਵਿਚ ਹਾਕੀ, ਸਾਇਕਲਿੰਗ, ਅਥਲੈਟਿਕਸ, ਜਿਮਨਾਸਟਿਕ, ਪੋਲੋ, ਹੈਂਡਬਾਲ, ਕੁਸ਼ਤੀ, ਬੈਡਮਿੰਟਨ, ਵਾਲੀਬਾਲ, ਸ਼ੂਟਿੰਗ, ਕਬੱਡੀ ਅਤੇ ਰੱਸਾ-ਕਸ਼ੀ ਸਣੇ ਇਕ ਦਰਜਨ ਖੇਡਾਂ ਦੇ ਮੁਕਾਬਲੇ ਸ਼ੁਰੂ ਕੀਤੇ ਗਏ ਸਨ। 
    ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਖੇਡਾਂ ਵਿਚ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦੇ ਖਿਡਾਰੀਆਂ ਨੇ ਭਰਪੂਰ ਉਤਸ਼ਾਹ ਦਿਖਾਇਆ ਸੀ। ਉਨਾਂ ਕਿਹਾ ਕਿ ਇਸ ਤਰਾਂ ਦੇ ਸਮਰੋਹਾਂ ਨਾਲ ਆਮ ਤੌਰ ’ਤੇ ਸ਼ਾਤੀ ਦੀਆਂ ਕੋਸ਼ਿਸ਼ਾਂ ਉੱਤੇ ਬਹੁਤ ਜ਼ਿਆਦਾ ਹਾਂ ਪੱਖੀ ਪ੍ਰਭਾਵ ਪੈਂਦਾ ਹੈ। 
    ਪਾਕਿਸਤਾਨ ਦੇ ਹਾਈ ਕਮਿਸ਼ਨਰ ਦਾ ਵੀ ਦੋਵੇਂ ਦੇਸ਼ਾਂ ਦੇ ਲੋਕਾਂ ਵਿਚਕਾਰ ਸੰਪਰਕ ਨੂੰ ਵਧਾਏ ਜਾਣ ਦਾ ਵੀ ਵਿਚਾਰ ਸੀ। ਉਨਾਂ ਕਿਹਾ ਕਿ ਇਸ ਨਾਲ ਇਸ ਖਿੱਤੇ ਵਿਚ ਲੰਮੇ ਸਮੇਂ ਲਈ ਸ਼ਾਤੀ ਅਤੇ ਸਥਿਰਤਾ ਲਿਆਉਣ ਲਈ ਰਾਹ ਪੱਧਰਾ ਕਰਨ ਵਾਸਤੇ ਮਦਦ ਮਿਲ ਸਕਦੀ ਹੈ। ਉਨਾਂ ਕਿਹਾ ਕਿ ਇਹ ਦੋਵੇ ਦੇਸ਼ਾਂ ਦੇ ਵਿਕਾਸ ਅਤੇ ਪ੍ਰਗਤੀ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਉਹ ਲੋਕਾਂ ਦੀ ਭਲਾਈ ਨੂੰ ਬੜਾਵਾ ਦੇਣ ਵਾਸਤੇ ਸਦਭਾਵਨਾ ਦੀ ਭਾਵਨਾ ਨਾਲ ਕਾਰਜ ਕਰ ਸਕਦੇ ਹਨ। 
    ਪਾਕਿਸਤਾਨ ਦੇ ਹਾਈ ਕਮਿਸ਼ਨਰ ਨੇ ਦੋਵਾਂ ਦੇਸ਼ਾਂ ਵਿਚ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਇਸ ਮਕਸਦ ਵਿਚ ਤੇਜ਼ੀ ਲਿਆਉਣ ਲਈ ਅਥਾਰਟੀਜ਼ ਕੋਲੋ ਵੱਖ ਵੱਖ ਪ੍ਰਵਾਨਗੀਆਂ ਲੋੜੀਂਦੀਆਂ ਹਨ। 
    ਕੈਪਟਨ ਅਮਰਿੰਦਰ ਸਿੰਘ ਅਤੇ ਸੁਹੇਲ ਮੁਹੰਮਦ ਦੋਵਾਂ ਨੇ ਸ਼ਾਤੀ ਪ੍ਰਿਆ ਨੂੰ ਮਜ਼ਬੂਤ ਬਣਾਉਣ ਅਤੇ ਦੋਵੇ ਦੇਸ਼ਾਂ ਵਿਚਕਾਰ ਆਰਥਿਕ ਅਤੇ ਸਮਾਜਿਕ ਵਿਕਾਸ ਦੀਆਂ ਬੁਨਿਆਦਾਂ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। 
    ਦੋਵਾਂ ਆਗੂਆਂ ਨੇ ਇਸ ਗੱਲ ’ਤੇ ਸਹਮਤੀ ਪ੍ਰਗਟ ਕੀਤੀ ਕਿ ਭਾਰਤ ਤੇ ਪਾਕਿਸਤਾਨ ਬਦਲ ਰਹੇ ਵਿਸ਼ਵ ਵਿਚ ਆਪਣੇ ਆਪ ਨੂੰ ਇਕ ਦੂਜੇ ਤੋਂ ਅਲੱਗ ਰੱਖੇ ਜਾਣ ਨੂੰ ਸਹਿਣ ਨਹੀ ਕਰ ਸਕਦੇ ਕਿਉਂਕਿ ਦੋਵੇਂ ਦੇਸ਼ਾਂ ਨੂੰ ਬਹੁਤ ਸਾਰੀਆਂ ਸਾਂਝੀਆਂ ਚੁਣੌਤੀਆਂ ਅਤੇ ਸਾਂਝੇ ਦੁਸ਼ਮਣ ਦਰਪੇਸ਼ ਹਨ। 
    ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਕੱਠੇ ਹੋ ਕੇ ਕੰਮ ਕਰਨਾ ਦੋਵਾਂ ਦੇਸ਼ਾਂ ਦੇ ਹਿੱਤ ਵਿਚ ਹੈ। ਇਸ ਕਰਕੇ ਦੋਵਾਂ ਨੂੰ ਇਨਾਂ ਚੁਣੌਤੀਆਂ ਦਾ ਟਾਕਰਾ ਸਾਂਝੀ ਭਾਵਨਾ ਨਾਲ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚ ਸਾਂਝੀਆਂ ਇਤੀਹਾਸਕ ਜੜਾਂ ਹਨ ਅਤੇ ਦੋਵੇਂ ਦੇਸ਼ਾਂ ਦੇ ਲੋਕ ਸੁਖਾਲੇ ਹੀ ਇਕ ਦੂਜੇ ਦੇ ਨਾਲ ਇਕੱਠੇ ਹੋ ਕੇ ਕਾਰਜ ਕਰ ਸਕਦੇ ਹਨ। 
    ਪਾਕਿਸਤਾਨ ਦੇ ਹਾਈ ਕਮਿਸ਼ਨਰ ਇਸ ਗੱਲ ਦੇ ਸਹਮਤੀ ਪ੍ਰਗਟ ਕੀਤੀ ਕਿ ਦੋਵੇਂ ਦੇਸ਼ਾਂ ਦੇ ਲੋਕਾਂ ਨੂੰ ਵਿਕਾਸ ਦੇ ਸਾਂਝੇ ਮੰਚ ਮੁਹਈਆ ਕਰਵਾਉਣ ਲਈ ਸਰਕਾਰ ਪੱਧਰ ’ਤੇ ਕੋਸ਼ਿਸਾਂ ਕੀਤੇ ਜਾਣਾ ਮਹੱਤਵਪੂਰਨ ਹੈ। 
    ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ‘ ਏ ਰਿਡਜ ਟੂ ਫਾਰ-ਵਾਰ ਇਨ ਦ ਕਾਰਗਿਲ’ ਸਣੇ ਕਿਤਾਬਾਂ ਦਾ ਇਕ ਸੈਟ ਸੁਹੇਲ ਮੁਹੰਮਦ ਨੂੰ ਭੇਂਟ ਕੀਤਾ। 
    ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਡੀਜੀਪੀ ਸੁਰੇਸ਼ ਅਰੋੜਾ, ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਹਾਜ਼ਰ ਸਨ।