ਵਿਜੇ ਇੰਦਰ ਸਿੰਗਲਾ ਨੇ ਲੋਕ ਨਿਰਮਾਣ ਅਤੇ ਆਈ.ਟੀ. ਮੰਤਰੀ ਵਜੋਂ ਅਹੁਦਾ ਸੰਭਾਲਿਆ

ਚੰਡੀਗੜ, 23 ਅਪ੍ਰੈਲ:  (ਜਸ਼ਨ): ਸ੍ਰੀ ਵਿਜੇ ਇੰਦਰ ਸਿੰਗਲਾ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਪੰਜਵੀਂ ਮੰਜ਼ਿਲ ’ਤੇ ਕਮਰਾ ਨੰਬਰ 30 ਵਿਚ ਲੋਕ ਨਿਰਮਾਣ ਅਤੇ ਆਈ.ਟੀ. ਮੰਤਰੀ ਵਜੋਂ ਰਸਮੀ ਤੌਰ ’ਤੇ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀਮਤੀ ਆਸ਼ਾ ਕੁਮਾਰੀ, ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ, ਖੇਡਾਂ ਅਤੇ ਯੂਥ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਮਾਲ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਵਿਧਾਇਕ ਕੁਲਜੀਤ ਸਿੰਘ ਨਾਗਰਾ, ਵਿਧਾਇਕ ਅੰਗਦ ਸੈਣੀ ਅਤੇ ਸ੍ਰੀ ਸਿੰਗਲਾ ਦੇ ਮਾਤਾ, ਧਰਮਪਤਨੀ, ਬੇਟੀ ਅਤੇ ਬੇਟੇ ਸਮੇਤ ਉਨਾਂ ਦੇ ਸਮੱਰਥਕ ਹਾਜ਼ਰ ਸਨ। 
    ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 
ਸ੍ਰੀ ਸਿੰਗਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਮੁੱਚੀ ਲੀਡਰਸ਼ਿਪ ਅਤੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਸਾਰੇ ਚੋਣ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ ਅਤੇ ਇਸ ਸਬੰਧ ਵਿਚ ਬਹੁਤ ਸਾਰੇ ਸਾਕਾਰਾਤਮਕ ਫੈਸਲੇ ਲਾਗੂ ਵੀ ਕੀਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਜਦੋਂ ਵੀ ਕਾਂਗਰਸ ਪਾਰਟੀ ਨੇ ਉਨਾਂ ਨੂੰ ਕੋਈ ਜ਼ਿੰਮੇਵਾਰੀ ਦਿੱਤੀ ਹੈ ਤਾਂ ਉਨਾਂ ਪੂਰੀ ਤਨਦੇਹੀ, ਸਮਰਪਣ ਅਤੇ ਇਮਾਨਦਾਰੀ ਨਾਲ ਨਿਭਾਈ ਹੈ ਅਤੇ ਹੁਣ ਵੀ ਉਹ ਸੂਬੇ ਦੇ ਭਲਾਈ ਕਾਰਜਾਂ ਵਿਚ ਕੋਈ ਕਮੀ ਨਹੀਂ ਆਉਣ ਦੇਣਗੇ।
     ਲੋਕ ਨਿਰਮਾਣ ਅਤੇ ਆਈ.ਟੀ. ਮੰਤਰੀ ਵੱਜੋਂ ਕੀਤੇ ਜਾਣ ਵਾਲੇ ਕਾਰਜਾਂ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਦੱਸਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਉਹ ਵਿਕਾਸ ਕਾਰਜਾਂ ਵਿਚ ਪਾਰਦਰਸ਼ਾ ਲਿਆਉਣਗੇ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਸਭ ਕੰਮ ਉੱਚ ਕੁਆਲਿਟੀ ਦੇ ਹੋਣ। ਉਨਾਂ ਕਿਹਾ ਕਿ ਯੋਗ ਵਿਅਕਤੀਆਂ ਨੂੰ ਕੰਮ ਨੇਪਰੇ ਚਾੜਨ ਲਈ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਸਭ ਵਿਕਾਸ ਕਾਰਜ ਉੱਚ ਕੁਆਲਿਟੀ ਦੇ ਹੋਣ ਇਸ ਮੰਤਵ ਲਈ ਇਕ ਮੋਨੀਟਰਿੰਗ ਢਾਂਚਾ ਉਸਾਰਿਆ ਜਾਵੇਗਾ ਅਤੇ ਇਹ ਵੀ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਸਬੰਧਤ ਕਾਰਜ ਲਈ ਜਿੰਨਾ ਪੈਸਾ ਦਿੱਤਾ ਗਿਆ ਸੀ ਉਹ ਵਾਜਬ ਢੰਗ ਨਾਲ ਖਰਚਿਆ ਗਿਆ ਹੈ ਜਾਂ ਨਹੀਂ। 
    ਇਕ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਕਿਹਾ ਕਿ ਨਾਬਾਰਡ ਪ੍ਰੋਜੈਕਟ ਅਧੀਨ ਪੇਂਡੂ ਸੜਕਾਂ ਨੂੰ ਮਜ਼ਬੂਤ ਅਤੇ ਅੱਪਗ੍ਰੇਡ ਕਰਨ ਲਈ 300 ਕਰੋੜ ਰੁਪਏ ਖਰਚੇ ਜਾਣਗੇ ਜਦਕਿ ਲਿੰਕ ਸੜਕਾਂ ਦੀ ਰਿਪੇਅਰ ਲਈ ਅਗਲੇ ਦੋ ਸਾਲਾਂ ਵਿਚ 810 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ  ਅਧੀਨ 1345 ਕਿਲੋਮੀਟਰ ਸੜਕਾਂ ਦਾ 80 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ ਜਦਕਿ ਇਸੇ ਯੋਜਨਾ ਅਧੀਨ ਇਕ ਹੋਰ ਪ੍ਰੋਜੈਕਟ ਜਲਦ ਜਮਾਂ ਕਰਵਾ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਵਿਸ਼ਵ ਬੈਂਕ ਵੱਲੋਂ ਜਾਰੀ ਫੰਡਾਂ ਰਾਹੀਂ ਨਵੇਂ ਸੜਕੀ ਅੱਪਗ੍ਰੇਡੇਸ਼ਨ ਪ੍ਰੋਜਕਟਾਂ ਉੱਤੇ ਅਗਲੇ 5 ਸਾਲਾਂ ਵਿਚ 2000 ਕਰੋੜ ਰੁਪਏ ਖਰਚ ਕੀਤੇ ਜਾਣਗੇ। 
    ਸ੍ਰੀ ਸਿੰਗਲਾ ਨੇ ਸਪੱਸ਼ਟ ਤੌਰ ’ਤੇ ਸੰਕੇਤ ਦਿੱਤਾ ਕਿ ਪਿਛਲੇ ਸਮੇਂ ਵਿਚ ਭਿ੍ਰਸ਼ਟਾਚਾਰੀ ਗਤੀਵਿਧੀਆਂ ਵਿਚ ਲਿਪਤ ਲੋਕ ਹੁਣ ਸਾਵਧਾਨ ਹੋ ਜਾਣ। ਉਨਾਂ ਕਿਹਾ ਕਿ ਵਿਭਾਗ ਵਿਚ ਭਿ੍ਰਸ਼ਟਾਚਾਰ ਕਿਸੇ ਵੀ ਹਾਲਾਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬਾਅਦ ਵਿਚ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਸ੍ਰੀ ਹੁਸਨ ਲਾਲ ਨੇ ਸ੍ਰੀ ਸਿੰਗਲਾ ਨੂੰ ਵਿਭਾਗ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। 
    ਇੱਥੇ ਦੱਸਣਯੋਗ ਹੈ ਕਿ ਸ੍ਰੀ ਵਿਜੇ ਇੰਦਰ ਸਿੰਗਲਾ ਸਵਰਗੀ ਸੰਤ ਰਾਮ ਸਿੰਗਲਾ ਦੇ ਸਪੁੱਤਰ ਹਨ, ਜੋ ਕਿ ਕਾਂਗਰਸ ਦੇ ਲੋਕ ਸਭਾ ਮੈਂਬਰ, ਵਿਧਾਇਕ ਅਤੇ ਪੰਜਾਬ ਮੰਡੀਬੋਰਡ ਦੇ ਚੇਅਰਮੈਨ ਰਹੇ ਹਨ। ਉਹ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੀਤੇ ਕੰਮਾਂ ਲਈ ਹਾਲੇ ਵੀ ਯਾਦ ਕੀਤੇ ਜਾਂਦੇ ਹਨ। ਸ੍ਰੀ ਸਿੰਗਲਾ ਨੇ 2017 ਵਿਚ ਹੋਈਆਂ ਚੋਣਾਂ ਵਿਚ ਸੰਗਰੂਰ ਵਿਧਾਨ ਸਭਾ ਹਲਕੇ ਤੋਂ 31000 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ।ਇਸ ਤੋਂ ਪਹਿਲਾਂ 2009 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਸ੍ਰੀ ਸਿੰਗਲਾ ਨੇ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਸ੍ਰੀ ਸੁਖਦੇਵ ਸਿੰਘ ਢੀਂਡਸਾ ਨੂੰ 40000 ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਉਨਾਂ ਨੂੰ ਯੂਪੀਏ ਸਰਕਾਰ ਵਿਚ ਬੈਸਟ ਪਾਰਲੀਮੈਂਟੇਰੀਅਨ ਦਾ ਖਿਤਾਬ ਦਿੱਤਾ ਗਿਆ ਸੀ।ਲੋਕ ਸਭਾ ਮੈਂਬਰ ਵੱਜੋਂ ਸ੍ਰੀ ਸਿੰਗਲਾ ਨੇ ਕਈ ਪ੍ਰਮੁੱਖ ਵਿਕਾਸ ਕਾਰਜ ਕਰਵਾਏ ਜਿਨਾਂ ਵਿਚ ਸੰਗਰੂਰ ਵਿਖੇ 449 ਕਰੋੜ ਰੁਪਏ ਦੀ ਲਾਗਤ ਨਾਲ 300 ਬਿਸਤਰਿਆਂ ਦਾ ਪੀਜੀਆਈ ਹਸਪਤਾਲ ਅਤੇ ਟਾਟਾ ਮੈਮੋਰੀਅਲ ਕੈਂਸਰ ਸੈਂਟਰ ਮੁੰਬਈ ਦੇ ਇਕ ਆਊਟਰੀਚ ਕੇਂਦਰ ਦੀ ਸਥਾਪਨਾ ਪ੍ਰਮੁੱਖ ਹੈ।ਉਹ ਖੇਡਾਂ ਦੇ ਖੇਤਰ ਵਿਚ ਨਵੇਂ ਪ੍ਰੋਜੈਕਟ ਲੈ ਕੇ ਆਏ ਜਿਨਾਂ ਵਿਚ ਸੰਗਰੂਰ ਵਿਖੇ ਸਿੰਥੈਟਿਕ ਐਥਲੈਟਿਕ ਟਰੈਕ ਅਤੇ ਬਰਨਾਲਾ ਵਿਖੇ ਸਾਈ ਸਪੋਰਟਸ ਕੋਚਿੰਗ ਸੈਂਟਰ ਸ਼ਾਮਲ ਹਨ। ਇਸ ਤੋਂ ਇਲਾਵਾ ਉਨਾਂ ਵੱਲੋਂ ਰੇਲਵੇ ਪੁਲ ਅਤੇ ਰੇਲਵੇ ਅੰਡਰ ਬਿ੍ਰਜ਼ ਦੇ ਨਿਰਮਾਣ, ਸੰਗਰੂਰ ਤੋਂ ਦੇਸ਼ ਦੇ ਸਾਰੇ ਧਾਰਮਿਕ ਸਥਾਨਾਂ ਲਈ ਨਵੀਆਂ ਰੇਲ ਗੱਡੀਆਂ ਦੀ ਸ਼ੁਰੂਆਤ, ਨਵੀਂ ਦਿੱਲੀ ਅਤੇ ਸੰਗਰੂਰ ਵਿਚਕਾਰ ਸ਼ਤਾਬਦੀ ਐਕਸਪ੍ਰੈਸ ਲਈ ਕੀਤੇ ਯਤਨ ਸ਼ਲਾਘਾਯੋਗ ਹਨ। ਉਨਾਂ ਐੱਮ.ਪੀ. ਫੰਡਾਂ ਵਿਚੋਂ ਸਿੱਖਿਆ, ਸਿਹਤ, ਸਮਾਜਿਕ ਵਿਕਾਸ, ਖੇਡਾਂ, ਜਨਤਕ ਕੰਮਾਂ ਦੇ ਖੇਤਰਾਂ ਵਿੱਚ ਵਿਆਪਕ ਕਾਰਜ ਅਤੇ ਪੇਂਡੂ ਵਿਕਾਸ ਕਾਰਜਾਂ ਵਿਚ ਵੀ ਅਤਿਅੰਤ ਕੰਮ ਕਰਵਾਏ।
    ਸ੍ਰੀ ਵਿਜੇ ਇੰਦਰ ਸਿੰਗਲਾ ਨੇ ਨਵੰਬਰ 2013 ਵਿਚ ਨਿਊਯਾਰਕ ਵਿਖੇ ਹੋਏ ਸੰਯੁਕਤ ਰਾਸ਼ਟਰ ਮਹਾਸਭਾ ਦੇ 64ਵੇਂ ਸੈਸ਼ਨ ਵਿਚ ਭਾਰਤ ਦੀ ਨੁਮਾਇੰਦਗੀ ਵੀ ਕੀਤੀ ਹੈ ਅਤੇ ਫਲਸਤੀਨ ਸ਼ਰਨਾਰਥੀਆਂ ਦੇ ਮਾਮਲਿਆਂ ’ਤੇ ਭਾਸ਼ਣ ਦਿੱਤਾ। ਉਹ ਇੰਡੀਅਨ ਕੌਂਸਲ ਆਫ਼ ਵਰਲਡ ਅਫੇਅਰਜ਼, ਨੈਸ਼ਨਲ ਪਲੇਟਫਾਰਮ ਫਾਰ ਡਿਜ਼ਾਸਟਰ ਰਿਸਕ ਰਿਡੱਕਸਨ (ਐਨ.ਪੀ.ਡੀ.ਆਰ.ਆਰ), ਇੰਸਟੀਚਿਊਟ ਐਂਡ ਗਵਰਨਮੈਂਟ ਬਾਡੀ ਆਫ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ (ਚੰਡੀਗੜ), ਖੇਤਰੀ ਡਾਇਰੈਕਟ ਟੈਕਸ ਸਲਾਹਕਾਰ ਕਮੇਟੀ, ਪਟਿਆਲਾ (ਪੰਜਾਬ) ਅਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ (ਪੰਜਾਬ) ਦੇ ਮੈਂਬਰ ਅਤੇ ਖੇਤਰੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਵੀ ਰਹੇ ਹਨ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ