ਮੰਡੀਆਂ ‘ਚ ਜੱਟ ਰੁੱਲਦਾ........, ਪੰਜਾਬ ਦੀ ਕੈਪਟਨ ਸਰਕਾਰ ਵੀ ਨਾ ਦਵਾ ਸਕੀ ਕਿਸਾਨਾਂ ਨੂੰ ਮੰਡੀਆਂ ਦੀ ਖੱਜਲ-ਖੁਆਰੀ ਤੋਂ ਰਾਹਤ

ਸਮਾਲਸਰ,19 ਅਪਰੈਲ (ਜਸਵੰਤ ਗਿੱਲ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਕਣਕ ਦੀ ਵਾਢੀ ਸ਼ੁਰੂ ਹੋਣ ਤੋਂ ਪਹਿਲਾ ਵੱਡੇ-ਵੱਡੇ ਬਿਆਨ ਦਿੱਤੇ ਗਏ ਸਨ ਕਿ ਕਾਂਗਰਸ ਦੇ ਰਾਜ ਵਿੱਚ ਕਿਸਾਨਾਂ ਨੂੰ ਮੰਡੀਆਂ ਵਿੱਚ ਨਹੀਂ ਰੁੱਲਣ ਦਿੱਤਾ ਜਾਵੇਗਾ। ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਘੰਟੇ ਵਿੱਚ ਚੁੱਕ ਕੇ 72 ਘੰਟਿਆ ਵਿੱਚ ਪੈਸਿਆਂ ਦੀ ਅਦਾਇਗੀ ਕਰ ਦਿੱਤੀ ਜਾਵੇਗੀ। ਕਿਸੇ ਵੀ ਕਿਸਾਨ ਨੂੰ ਮੰਡੀ ਵਿੱਚ ਰਾਤ ਨਹੀਂ ਕੱਟਣੀ ਪਵੇਗੀ।ਕਿਸਾਨਾਂ ਨੂੰ ਮੰਡੀਆਂ ਵਿੱਚ ਰੁੱਲਣ ਤੋਂ ਬਚਾਉਣ ਲਈ ਕਾਂਗਰਸ ਸਰਕਾਰ ਵਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਆਦਿ ਬਿਆਨਾਂ ਅਤੇ ਵਾਅਦਿਆ ਦੀ ਫੂਕ ਕੱਢ ਰਹੇ ਹਨ ਕਸਬਾ ਸਮਾਲਸਰ,ਸੇਖਾਂ ਕਲਾਂ,ਠੱਠੀ ਭਾਈ,ਲੰਡੇ,ਭਲੂਰ ਅਤੇ ਨੱਥੂਵਾਲਾ ਗਰਬੀ ਆਦਿ ਪਿੰਡਾਂ ਦੀ ਅਨਾਜ ਮੰਡੀ ਦੇ ਅਧੂਰੇ ਪ੍ਰਬੰਧ। ਇਲਾਕੇ ਦੀਆਂ ਮੰਡੀਆਂ ਵਿੱਚ ਕਿਸਾਨ ਪਿਛਲੇ ਦਸ ਦਿਨਾਂ ਤੋਂ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਦੀ ਹਾਲਤ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਵੀ ਕਿਸਾਨਾਂ ਨੂੰ ਮੰਡੀ ਦੀ ਖੱਜਲ-ਖੁਆਰੀ ਤੋਂ ਰਾਹਤ ਨਹੀਂ ਦਵਾ ਸਕੀ ਤੇ ਅੱਜ ਵੀ ਕਿਸਾਨ ਮੰਡੀਆਂ ਵਿੱਚ ਰਾਤਾਂ ਕੱਟਣ ਲਈ ਮਜ਼ਬੂਰ ਹਨ। ਕਿਸਾਨਾਂ ਦੀ ਮੰਡੀਆਂ ‘ਚ ਮਾੜੀ ਹਾਲਤ ਨੂੰ ਵੇਖ ਕੇ ਇੱਕ ਗਾਇਕ ਵੱਲੋਂ ਗਾਏ ਗੀਤ ਦੇ ਬੋਲ ‘ਮੰਡੀਆਂ ‘ਚ ਜੱਟ ਰੁੱਲਦਾ,ਚੁੱਲੇ੍ਹ ਮੂਹਰੇ..’ ਕੰਨਾਂ ਵਿੱਚ ਗੂੰਜਣ ਲੱਗਦੇ ਹਨ। ਮੰਡੀਆਂ ਵਿਚਲੇ ਅਧੂਰੇ ਪ੍ਰਬੰਧਾਂ ਨੇ ਕਾਂਗਰਸ ਦੇ ਬਿਆਨਾ ਨੂੰ ਹਵਾ ‘ਚ ਉਸਾਰੇ ਮਹਿਲਾਂ ਬਰਾਬਰ ਸਾਬਤ ਕਰ ਦਿੱਤਾ ਹੈ। ਕਣਕ ਦੀ ਫਸਲ ਨਾਲ ਮੰਡੀਆਂ ਪੂਰੀ ਤਰ੍ਹਾਂ ਭਰ ਗਈਆ ਹਨ ਪਰ ਲੋਡਿੰਗ ਦਾ ਕੰਮ ਐਨਾ ਜ਼ਿਆਦਾ ਸੁਸਤ ਚੱਲ ਰਿਹਾ ਹੈ ਕਿ ਮੰਡੀਆਂ ਵਿੱਚ ਬੋਰੀਆਂ ਦੇ ਉੱਚੇ-ਉੱਚੇ ਢੇਰ ਲੱਗ ਗਏ ਹਨ।ਕੁਝ ਪਿੰਡਾਂ ਦੀਆਂ ਭਰੀਆਂ ਮੰਡੀਆਂ ਕਾਰਨ ਦੂਜੇ ਕਿਸਾਨਾਂ ਨੂੰ ਆਪਣੀ ਕੱਟੀ ਹੋਈ ਫਸਲ ਮੰਡੀ ਵਿੱਚ ਰੱਖਣ ਲਈ ਜਗ੍ਹਾਂ ਨਹੀਂ ਮਿਲ ਰਹੀ ਤੇ ਉਹ ਆਪਣੀ ਫਸਲ ਖੇਤਾਂ ਅਤੇ ਘਰਾਂ ਵਿੱਚ ਰੱਖਣ ਲਈ ਮਜ਼ਬੂਰ ਹਨ।ਲੋਡਿੰਗ ਦਾ ਕੰਮ ਸੁਸਤ ਹੋਣ ਕਰਕੇ ਮੰਡੀਆਂ ਵਿੱਚ ਲੱਗੇ ਕਣਕ ਦੀਆਂ ਬੋਰੀਆਂ ਦੇ ਢੇਰ ਖੁੱਲ੍ਹੇ ਅੰਬਰ ਹੇਠਾਂ ਪਏ ਕਿਸੇ ਸਮੇਂ ਕੁਦਰਤ ਦੀ ਮਾਰ ਦਾ ਸ਼ਿਕਾਰ ਹੋ ਸਕਦੇ ਹਨ।ਕਿਉਂਕਿ ਮੌਸਮ ਵਿਭਾਗ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਹੈ ਕਿ ਕੁਝ ਦਿਨਾਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਪੰ੍ਰਤੂ ਮੌਸਮ ਵਿਭਾਗ ਦੀ ਚਿਤਾਵਨੀ ਦੇ ਬਾਵਜੂਦ ਵੀ ਲੋਡਿੰਗ ਦੇ ਕੰਮ ਨੇ ਆਪਣੀ ਚਾਲ ਨਹੀਂ ਫੜ੍ਹੀ ਤੇ ਕਿਸਾਨ ਹਰ ਸਮੇਂ ਕੁਦਰਤ ਅੱਗੇ ਅਰਦਾਸਾਂ ਕਰਦੇ ਨਜ਼ਰ ਆ ਰਹੇ ਹਨ। ਅਧੂਰੇ ਪ੍ਰਬੰਧਾਂ ਨੇ ਕੱਢੀ ਹਲਕਾ ਵਿਧਾਇਕ ਬਰਾੜ ਦੇ ਬਿਆਨ ਦੀ ਫੂਕ
ਮੰਡੀਆਂ ਵਿੱਚ ਕਿਸਾਨਾਂ ਦੀ ਹੋਰ ਰਹੀ ਖੱਜਲ-ਖੁਆਰੀ ਅਤੇ ਲੋਡਿੰਗ ਦੀ ਸੁਸਤ ਚਾਲ ਨੇ ਹਲਕਾ ਬਾਘਾਪੁਰਾਣਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਬਿਆਨ ਦੀ ਵੀ ਫੂਕ ਕੱਢ ਕੇ ਰੱਖ ਦਿੱਤੀ ਹੈ।ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਵਿਧਾਇਕ ਬਰਾੜ ਨੇ ਕਸਬਾ ਸਮਾਲਸਰ ਦੀ ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ ਕਰਵਾਉਂਦਿਆ ਕਿਹਾ ਸੀ ਕਿ ਕਾਂਗਰਸ ਦੀ ਸਰਕਾਰ ਵਿੱਚ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਰਾਤ ਕੱਟਣ ਦੀ ਵੀ ਨੌਬਤ ਨਹੀਂ ਆਉਣ ਦਿੱਤੀ ਜਾਵੇਗੀ।ਪਰ ਜਦ ਮੰਡੀਆਂ ਵਿੱਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਕਿਸਾਨਾਂ ਨੇ ਦੱਸਿਆਂ ਕਿ ਉਹ ਪਿਛਲੇ ਕਈ ਦਿਨਾਂ ਤੋਂ ਮੰਡੀਆਂ ਵਿੱਚ ਰਾਤਾਂ ਕੱਟ ਰਹੇ ਹਨ ਤੇ ਪੀਣ ਲਈ ਪਾਣੀ ਦਾ ਖਾਸ਼ ਪ੍ਰਬੰਧ ਨਾ ਹੋਣ ਕਰਕੇ ਵੀ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ।
ਇਸ ਸਬੰਧੀ ਜਦ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨਾਲ ਫੋਨ ਦੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਅੱਜ ਹੀ ਬਾਘਾਪੁਰਾਣਾ ਜਾ ਕੇ ਲੋਡਿੰਗ ਨੂੰ ਲੈ ਕੇ ਸਬੰਧਿਤ ਅਧਿਕਾਰੀਆਂ ਨਾਲ ਗੱਲ ਕਰਕੇ ਲੋਡਿੰਗ ਦਾ ਕੰਮ ਤੇਜ਼ ਕਰਨ ਲਈ ਕਹਿਣਗੇ। ਉਨ੍ਹਾਂ ਕਿਹਾ ਅੱਜ ਕਾਂਗਰਸ ਦੀ ਸਰਕਾਰ ਸਮੇਂ ਤਾਂ ਕਿਸਾਨਾਂ ਨੂੰ ਇੱਕ-ਦੋ ਦਿਨ ਦੀ ਹੀ ਪ੍ਰੇਸ਼ਾਨੀ ਆ ਰਹੀ ਹੈ ਜਦ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਉਨ੍ਹਾਂ ਨੂੰ 20-20 ਦਿਨ ਮੰਡੀਆਂ ਵਿੱਚ ਬੈਠਣਾ ਪੈਂਦਾ ਸੀ।


