ਪੰਜਾਬ ਸਰਕਾਰ ਵੱਲੋਂ ਹਾਈਪਰਟੈਂਸ਼ਨ ਦੇ ਇਲਾਜ ਲਈ ‘‘ਇੰਡੀਆ ਹਾਈਪਰਟੈਂਸ਼ਨ ਮੈਨੇਜ਼ਮੈਂਟ ਇਨੀਸ਼ੀਏਟਿਵ’’ ਪ੍ਰੋਗਰਾਮ ਦੀ ਸ਼ੁਰੂਆਤ

ਚੰਡੀਗੜ, 11 ਅਪ੍ਰੈਲ(ਪੱਤਰ ਪਰੇਰਕ)- ਪੰਜਾਬ ਸਰਕਾਰ ਵੱਲੋਂ ਹਾਈਪਰਟੈਂਸ਼ਨ ਤੋਂ ਪੀੜਿਤ ਲੋਕਾਂ ਦਾ ਪਤਾ ਲਗਾਉਣ ਅਤੇ ਇਸਦੇ ਇਲਾਜ ਲਈ ‘‘ਇੰਡੀਆ ਹਾਈਪਰਟੈਂਸ਼ਨ ਮੈਨੇਜ਼ਮੈਂਟ ਇਨੀਸ਼ੀਏਟਿਵ’’ (ਆਈ.ਐਚ.ਐਮ.ਆਈ.) ਦੀ ਸ਼ੁਰੂਆਤ ਕੀਤੀ ਗਈ ਹੈ। ਅੱਜ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮਾਹਿਰਾਂ ਨਾਲ ‘‘ਇੰਡੀਆ ਹਾਈਪਰਟੈਂਸ਼ਨ ਮੈਨੇਜ਼ਮੈਂਟ ਇਨੀਸ਼ੀਏਟਿਵ’’ ਪ੍ਰੋਗਰਾਮ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ੍ਰੀ ਬ੍ਰਹਮ ਮੋਹਿੰਦਰਾ ਨੇ ਕਿਹਾ ਕਿ ਗੈਰ-ਸੰਚਾਰਿਤ ਬਿਮਾਰੀਆਂ (ਨਾਨ ਕਮਿਊਨੀਕੇਬਲ ਡੀਸੀਜ਼ਿਜ਼) ਦੁਨੀਆਂ ਦੇ ਲੋਕਾਂ ਲਈ ਬਹੁਤ ਘਾਤਕ ਸਿੱਧ ਹੋ ਰਹੀਆਂ ਹਨ। ਉਨਾਂ ਅੱਗੇ ਕਿਹਾ ਕਿ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਸਿਹਤ ਖੇਤਰ ਵਿੱਚ ਬੇਮਿਸਾਲ ਪ੍ਰਗਤੀ ਦੇ ਬਾਵਜੂਦ ਵੀ ਹਾਈਪਰਟੈਂਸ਼ਨ ਨਾਲ ਪੀੜਿਤ ਜ਼ਿਆਦਾਤਰ ਲੋਕ ਇਸਦੇ ਕਾਰਣਾਂ ਤੋਂ ਅਣਜਾਣ ਹਨ। ਸ੍ਰੀ ਮੋਹਿੰਦਰਾ ਨੇ ਅੱਗੇ ਕਿਹਾ ਕਿ ਇਹ ਪ੍ਰੋਗਰਾਮ ਹਾਈਪਰਟੈਂਸ਼ਨ ਦੇ ਸਹੀ ਇਲਾਜ ਲਈ ਕਾਫ਼ੀ ਸਹਾਇਕ ਸਿੱਧ ਹੋਵੇਗਾ ਜੋ ਦਿਲ ਅਤੇ ਹੋਰ ਗੈਰ ਸੰਚਾਰਿਤ ਬਿਮਾਰੀਆਂ (ਨਾਨ ਕਮਿਊਨੀਕੇਬਲ ਡੀਸੀਜ਼ਿਜ਼) ਨਾਲ ਵੀ ਜੁੜਿਆ ਹੋਇਆ ਹੈ। ਉਨਾਂ ਅੱਗੇ ਕਿਹਾ ਕਿ ਇਸ ਪ੍ਰੋਗਰਾਮ ਦੇ ਅਧੀਨ ਸਿਹਤ ਵਿਭਾਗ ਵਿੱਚ ਇਲਾਜ ਲਈ ਆਏ ਮਰੀਜ਼ਾਂ ਦੀ ਰਿਪੋਰਟਿੰਗ ਨੂੰ ਫੀਲਡ ਸਟਾਫ ਵੱਲੋਂ ਯਕੀਨੀ ਬਣਾਇਆ ਜਾਵੇਗਾ। ਸਿਹਤ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਸੂਬੇ ਦੇ ਪੰਜ ਜਿਲਿਆਂ ਵਿੱਚ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਦੇ ਤੌਰ-ਤਰੀਕਿਆਂ ’ਤੇ ਸਬੰਧਿਤ ਟੀਮ ਵੱਲੋਂ ਸੰਤੁਸ਼ਟੀ ਪ੍ਰਗਟਾਈ ਗਈ ਹੈ। ਇਸ ਮੌਕੇ ਅਮਰੀਕਾ ਤੋਂ ਡਾ. ਟੌਮ ਫੀ੍ਰਡੇਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਪੰਜਾਬ ਪ੍ਰੋਜੈਕਟ ਦੇਸ਼ ਦੇ ਹੋਰਨਾਂ ਸੂਬਿਆਂ ਲਈ ਹਾਈਪਰਟੈਂਸ਼ਨ ਦਾ ਪਤਾ ਲਗਾਉਣ, ਇਲਾਜ ਅਤੇ ਇਸਦੇ ਇਲਾਜ ਦੀ ਪਾਲਣਾ ਲਈ ਇਕ ਮਿਸਾਲ ਕਾਇਮ ਕਰੇਗਾ। ਪ੍ਰਮੁੱਖ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਸ੍ਰੀਮਤੀ ਅੰਜਲੀ ਭਾਵਰਾ ਨੇ ਕਿਹਾ ਕਿ ਸਿਹਤ ਵਿਭਾਗ ਹਾਈਪਰਟੈਂਸ਼ਨ ਇਲਾਜ ਪ੍ਰੋਗਰਾਮ ਲਈ ਫੀਲਡ ਸਟਾਫ ਦੀ ਸਮਰੱਥਾ ਨਿਰਮਾਣ ਲਈ ਵਿਸ਼ੇਸ਼ ਟ੍ਰੇਨਿੰਗ ਦੇਵੇਗਾ ਜਿਸ ਵਿੱਚ ਹੋਰ ਗੈਰ ਸੰਚਾਰਿਤ ਬਿਮਾਰੀਆਂ ਨੂੰ ਵੀ ਕਵਰ ਕੀਤਾ ਜਾਵੇਗਾ। ਉਨਾਂ ਅੱਗੇ ਕਿਹਾ ਕਿ ਸਿਹਤ ਵਿਭਾਗ ਬਲਾਕ ਅਤੇ ਸਬ-ਸੈਂਟਰ ਪੱਧਰ ਤੇ ਆਈ.ਈ.ਸੀ. ਗਤੀਵਿਧੀਆਂ ਵੀ ਕਰਵਾ ਰਿਹਾ ਹੈ। ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਡਾ. ਬੀ.ਏ. ਮੁਰੂਗਾਨਾਥਨ, ਡਾ. ਪ੍ਰਭਦੀਪ ਕੌਰ, ਵਿਗਿਆਨੀ ਈ (ਆਈ.ਸੀ.ਐਮ.ਆਰ) , ਡਾ. ਅਭਿਸ਼ੇਕ ਕੰਵਰ, ਡਬਲਿਊ.ਐੱਚ.ਓ. , ਡਾ. ਗੌਰਵ, ਮਹੱਤਵਪੂਰਨ ਰਣਨੀਤੀਆਂ, ਡਾ. ਵਿਦਿਸ਼ਾ (ਇੰਡੀਆ ਹਾਈਪਰਟੈਨਸ਼ਨ ਮੈਨੇਜ਼ਮੈਂਟ ਇਨੀਸੀਏਟਿਵ), ਡਾ. ਜਸਪਾਲ ਕੌਰ, ਡਾਇਰੈਕਟਰ ਸਿਹਤ ਸੇਵਾਵਾਂ, ਡਾ. ਜੀ.ਬੀ. ਸਿੰਘ , ਸਹਾਇਕ ਡਾਇਰੈਕਟਰ ਅਤੇ ਡਾ. ਨਵਨੀਤ, ਸਟੇਟ ਕੋਆਰਡੀਨੇਟਰ, ਮਹੱਤਵਪੂਰਨ ਰਣਨੀਤੀਆਂ ਵੀ ਸ਼ਾਮਲ ਸਨ।


