ਪੰਜਾਬ ਆੜਤੀਆ ਐਸੋਸੀਏਸ਼ਨ ਦਾ ਵਫ਼ਦ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ‘ਚ ਮੁੱਖ ਮੰਤਰੀ ਨੂੰ ਮਿਲਿਆ

ਚੰਡੀਗੜ, 11 ਅਪ੍ਰੈਲ(ਪੱਤਰ ਪਰੇਰਕ)- :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆੜਤੀਆਂ ਦੇ ਬਕਾਇਆ ਪਏ ਭੁਗਤਾਨ ਦਾ ਮੁੱਦਾ ਪਹਿਲ ਦੇ ਅਧਾਰ ’ਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫ.ਸੀ.ਆਈ) ਕੋਲ ਉਠਾਉਣ ਲਈ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ। ਪੰਜਾਬ ਆੜਤੀਆ ਐਸੋਸੀਏਸ਼ਨ ਦਾ ਇਕ ਵਫ਼ਦ ਅੱਜ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਵਿਚ ਮੁੱਖ ਮੰਤਰੀ ਨੂੰ ਮਿਲਿਆ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਆਪਣੀ ਸਰਕਾਰ ਵੱਲੋਂ ਆੜਤੀਆਂ ਦੀਆਂ ਚਿੰਤਾਵਾਂ ਦੇ ਹੱਲ ਲਈ ਪੂਰਾ ਸਮਰਥਨ ਦੇਣ ਦਾ ਵਫ਼ਦ ਨੂੰ ਭਰੋਸਾ ਦਿਵਾਇਆ। ਮੁੱਖ ਮੰਤਰੀ ਨੇ ਖੁਰਾਕ ਵਿਭਾਗ ਨੂੰ ਕਿਹਾ ਕਿ ਉਹ ਸਾਲ 2015-16 ਅਤੇ 2016-17 ਦੇ ਲਦਾਈ ਅਤੇ ਮਜ਼ਦੂਰੀ ਚਾਰਜਿਜ਼ ਦੀ ਸ਼ਕਲ ਵਿਚ ਲੰਬਿਤ ਪਏ ਭੁਗਤਾਨ ਦਾ ਮੁੱਦਾ ਫੌਰੀ ਤੌਰ ’ਤੇ ਐਫ.ਸੀ.ਆਈ ਕੋਲ ਉਠਾਵੇ। ਉਨਾਂ ਨੇ ਇਹ ਨਿਰਦੇਸ਼ ਉਸ ਵੇਲੇ ਜਾਰੀ ਕੀਤੇ ਜਦੋਂ ਆੜਤੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਇਹ ਮੁੱਦਾ ਐਫ.ਸੀ.ਆਈ ਕੋਲ ਉਠਾ ਰਹੇ ਹਨ ਪਰ ਅਜੇ ਤੱਕ ਇਸ ਦਾ ਕੋਈ ਹੱਲ ਨਹੀਂ ਕੀਤਾ ਗਿਆ। ਹਾੜੀ ਦੇ ਚਾਲੂ ਸੀਜ਼ਨ ਦੌਰਾਨ ਮੰਡੀਆਂ ਵਿਚ ਆ ਰਹੀ ਕਣਕ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਕਣਕ ਦੀ ਨਿਰਵਿਘਣ ਖਰੀਦ ਅਤੇ ਚੁਕਾਈ ਦੇ ਊਣਤਾਈਆਂ ਰਹਿਤ ਪ੍ਰਬੰਧ ਕਰਨ ਲਈ ਆੜਤੀਆਂ ਨੂੰ ਆਖਿਆ। ਸੂਬੇ ਦੇ ਕਿਸਾਨਾਂ ਅਤੇ ਆੜਤੀ ਭਾਈਚਾਰੇ ਦੀ ਭਲਾਈ ਦੇ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਵਫ਼ਦ ਦੇ ਮੈਂਬਰਾਂ ਨੇ ਸ਼ਲਾਘਾ ਕੀਤੀ ਅਤੇ ਉਨਾਂ ਨੇ ਪਿਛਲੇ ਦੋ ਸੀਜ਼ਨਾਂ ਦੌਰਾਨ ਅਨਾਜ ਦੀ ਨਿਰਵਿਘਣ ਖਰੀਦ ਅਤੇ ਚੁਕਾਈ ਦੇ ਨਾਲ ਨਾਲ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਲਈ ਵੀ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਹਾਜ਼ਰ ਹੋਰਨਾਂ ਵਿਚ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕਿਰਪਾਲ ਸਿੰਘ, ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਅਮਰਜੀਤ ਸਿੰਘ ਬਰਾੜ, ਉਪ ਪ੍ਰਧਾਨ ਦੇਵੀ ਦਿਆਲ ਗੋਇਲ, ਸਾਧੂ ਸਿੰਘ ਭੱਟ ਮਾਜਰਾ, ਰਾਜੇਸ਼ ਜੈਨ, ਗੁਰਵਿੰਦਰ ਸਿੰਘ ਰਟੌਲ, ਸਕੱਤਰ ਸੁਖਵਿੰਦਰ ਸਿੰਘ ਸੁੱਖਾ, ਮਹਾਵੀਰ ਸਿੰਘ ਤੇ ਜਗਤਾਰ ਸਿੰਘ ਤੋਂ ਇਲਾਵਾ ਮਨਵੀਰ ਸਿੰਘ ਬਟਾਲਾ, ਹਰਦੀਪ ਸਿੰਘ ਲੱਡਾ ਅਤੇ ਕਪਿਲ ਸ਼ਾਹਕੋਟ ਸ਼ਾਮਲ ਸਨ।