ਅੱਜ ਲੋੋਪੋ ਵਿਖੇ ਹਜ਼ਾਰਾਂ ਸੰਗਤਾਂ ਮਾਤਾ ਨਸੀਬ ਕੌਰ ਨੂੰ ਭੇਂਟ ਕਰਨਗੀਆਂ ਸ਼ਰਧਾਂਜਲੀਆਂ

ਲੋਪੋ, 9 ਅਪਰੈਲ (ਜਸ਼ਨ)-ਘਣਛਾਵੇਂ ਬੂਟੇ ਦੀ ਠੰਡੀ ਮਿੱਠੜੀ ਛਾਂ ਵਰਗੀ ਸ਼ਖਸੀਅਤ ਸੀ ਮਾਤਾ ਨਸੀਬ ਕੌਰ । ਮਾਤਾ ਨਸੀਬ ਕੌਰ ਦਾ ਜਨਮ 1933 ’ਚ ਮਾਤਾ ਸ਼ਾਮ ਕੌਰ ਦੀ ਕੁੱਖੋਂ ਪਿਤਾ ਗੁਰਦਿਆਲ ਸਿੰਘ ਦੇ ਘਰ ਪਿੰਡ ਦਬੜੀਖਾਨਾ ਜ਼ਿਲਾ ਬੰਠਿਡਾ ਵਿਖੇ ਹੋਇਆ। ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਦੇ ਧਾਰਨੀ ਮਾਤਾ ਨਸੀਬ ਕੌਰ ਦਯਾ,ਸੇਵਾ ਅਤੇ ਨਿਮਰਤਾ ਦੇ ਸੁਮੇਲ ਸਨ । ਉਹਨਾਂ ਦਾ ਵਿਆਹ 1957 ’ਚ ਦਰਬਾਰ ਸੰਪਰਦਾਇ ਦੇ ਸੰਸਥਾਪਕ ਸੁਆਮੀ ਸੰਤ ਜੋਰਾ ਸਿੰਘ ਨਾਲ ਹੋਇਆ । ਉਹਨਾਂ ਦੇ ਘਰ ਦੋ ਪੁੱਤਰਾਂ ਸੰਤ ਜਗਜੀਤ ਸਿੰਘ ਲੋਪੋ ਅਤੇ ਹਰਜਿੰਦਰ ਸਿੰਘ ਗਿੱਲ ਨੇ ਜਨਮ ਲਿਆ। ਮਾਤਾ ਜੀ ਵੱਲੋਂ ਨਿਭਾਈਆਂ ਜਾ ਰਹੀਆਂ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਦਰਬਾਰ ਸਪ੍ਰਦਾਇ ਦੇ ਬਾਨੀ ਸੁਆਮੀ ਸੰਤ ਜੋਰਾ ਸਿੰਘ ਨੇ ਸੰਪਰਦਾਇ ਦੀਆਂ ਸਮੁੱਚੀਆਂ ਸੇਵਾਵਾਂ ਬਾਖੂਬੀ ਨਿਭਾਈਆਂ । ਮਾਤਾ ਨਸੀਬ ਕੌਰ ਜੀ ਦੀ ਪ੍ਰੇਰਨਾ ਸਦਕਾ ਉਹਨਾਂ ਦੇ ਸੁਪੱਤਰ ਸੰਤ ਜਗਜੀਤ ਸਿੰਘ ਲੋਪੋ ਨੇ ਆਪਣੇ ਪਿਤਾ ਦੀ ਹਜ਼ੂਰੀ ’ਚ ਰਹਿੰਦਿਆਂ ਦਰਬਾਰ ਸੰਪਰਦਾਇ ਦੀਆਂ ਬੇਅੰਤ ਸੇਵਾਵਾਂ ਨਿਭਾਈਆਂ । ਸੁਆਮੀ ਸੰਤ ਜ਼ੋਰਾ ਸਿੰਘ 2005 ’ਚ ਇਸ ਸੰਸਾਰ ਤੋਂ ਰੁਖਸਤ ਹੋ ਗਏ ਅਤੇ ਲੋਪੋ ਸੰਪਰਦਾਇ ਦੇ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਨੂੰ ਲੋਪੋ ਗੱਦੀਨਸ਼ੀਨ ਥਾਪਿਆ ਗਿਆ। ਮਾਤਾ ਜੀ ਵੱਲੋਂ ਦਿੱਤੇ ਸੰਸਕਾਰਾਂ ਸਦਕਾ ਮਾਤਾ ਜੀ ਦਾ ਛੋਟਾ ਪੁੱਤਰ ਹਰਜਿੰਦਰ ਸਿੰਘ ਗਿੱਲ ਕੈਨੇਡਾ ’ਚ ਰਹਿ ਕੇ ਆਪਣਾ ਕਾਰੋਬਾਰ ਚਲਾ ਰਿਹਾ ਹੈ । ਮਾਤਾ ਨਸੀਬ ਕੌਰ ਪਿੰਡ ਲੋਪੋ ਵਿਚ ਰਹਿ ਕੇ ਹੀ ਜਿੱਥੇ ਪਿੰਡ ਵਾਸੀਆਂ ਦੇ ਦੁੱਖ ਸੁੱਖ ਵਿਚ ਸ਼ਾਮਲ ਹੰੁਦੇ ਸਨ ਉੱਥੇ ਲੋਕ ਭਲਾਈ ਕਾਰਜਾਂ ਲਈ ਵੀ ਹਮੇਸ਼ਾ ਤੱਤਪਰ ਰਹਿੰਦੇ ਸਨ। ਸੰਪਰਦਾਇ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਜਿੱਥੇ ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪਰਧਾਨ ਅਤੇ ਸ੍ਰੋਮਣੀ ਅਕਾਲੀ ਦਲ ਦੇ ਬੀ ਸੀ ਵਿੰਗ ਦੇ ਕੌਮੀ ਸਰਪਰਸਤ ਵੀ ਹਨ  ਉੱਥੇ ਹੀ ਉਹਨਾਂ ਦੇ ਫਰਜ਼ੰਦ ਭਗੀਰਥ ਸਿੰਘ ਗਿੱਲ ਨੇ ਵੀ ਛੋਟੀ ਉਮਰੇ ਸਿਆਸਤ ਵਿਚ ਆਪਣੀ ਨਿਵੇਕਲੀ ਪਹਿਚਾਣ ਬਣਾ ਲਈ ਹੈ। ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਅੰਦਰ ਸੱਤਾ ਦੌਰਾਨ ਭਗੀਰਥ ਸਿੰਘ ਲੋਪੋ ਨੂੰ ਆਪਣਾ ਆਫੀਸਰਜ਼ ਔਨ ਸਪੈਸ਼ਲ ਡਿੳੂਟੀ ਅਤੇ ਪੰਜਾਬ ਐਗਰੋ ਫੂਡਗਰੇੇਨ ਕਾਰਪੋਰੇਸ਼ਨ ਦਾ ਉੱਪ ਚੇਅਰਮੈਨ ਨਿਯੁਕਤ ਕੀਤਾ। ਮਾਤਾ ਨਸੀਬ ਕੌਰ ਨੇ ਵਿਆਹ ਉਪਰੰਤ ਲਗਭਗ 6 ਦਹਾਕਿਆਂ ਦੌਰਾਨ ਲੋਪੋ ਪਰਿਵਾਰ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਉੱਥੇ ਇਹ ਪਰਿਵਾਰ ਸਿਰਫ਼ ਭਾਰਤ ਵਿਚ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਦੀ ਧਰਤੀ ’ਤੇ ਵੀ ਮਿਹਨਤ ਕਰਕੇ ਮਾਤਾ ਜੀ ਦੀਆਂ ਘਾਲਨਾਵਾਂ ਸਦਕਾ ਆਪਣੇ ਚੰਗੇ ਸੰਸਕਾਰਾਂ  ਨਾਲ ਨਿਵੇਕਲੀ ਪਹਿਚਾਣ ਬਣਾ ਰਿਹਾ ਹੈ। । ਮਾਤਾ ਨਸੀਬ ਕੌਰ 1 ਅਪਰੈਲ ਨੂੰ ਇਸ ਫਾਨੀ ਦੁਨੀਆਂ ਤੋਂ ਰੁਖਸਤ ਹੋ ਗਏ ਸਨ ਅਤੇ ਉਹਨਾਂ ਨਮਿੱਤ ਪਾਠ ਦਾ ਭੋਗ 10 ਅਪਰੈਲ ਨੂੰ ਦੁਪਹਿਰ 11 ਤੋਂ 1 ਵਜੇ ਤੱਕ ਸੰਤ ਆਸ਼ਰਮ ਲੋਪੋ ਵਿਖੇ ਪਵੇਗਾ ।