ਫਾਹਾ ਲੈ ਕੇ ਕੀਤੀ ਆਤਮ ਹੱਤਿਆ,ਅਟਾਰੀ ਪਿੰਡ ਦਾ ਕੁਲਵੰਤ ਕਾਫ਼ੀ ਦਿਨਾਂ ਤੋਂ ਸੀ ਪਰੇਸ਼ਾਨ

ਮੋਗਾ , 7 ਅਪਰੈਲ (ਲਛਮਣਜੀਤ ਸਿੰਘ ਪੁਰਬਾ/ਹਰਿੰਦਰ ਸਿੰਘ ਬੱਬੂ)-ਮੋਗਾ ਜ਼ਿਲੇ ਦੇ ਪਿੰਡ ਸਲੀਣਾ ਨਜ਼ਦੀਕ ਰੇਲ ਗੱਡੀ ਦੀ ਪਟੜੀ ਕੋਲ ਲੱਗੇ ਧਾਰਮਿਕ ਫਲੈਕਸਬੋਰਡ ਨਾਲ ਫਾਹਾ ਲੈ ਕੇ ਪਿੰਡ ਅਟਾਰੀ ਦੇ ਵਸਨੀਕ ਕੁਲਵੰਤ ਸਿੰਘ ਨੇ ਆਤਮ ਹੱਤਿਆ ਕਰ ਲਈ । ਘਟਨਾ ਦੀ ਜਾਣਕਾਰੀ ਦਿੰਦਿਆਂ ਬਲਖੰਡੀ ਚੌਂਕੀ ’ਤੇ ਤੈਨਾਤ ਏ ਐੱਸ ਆਈ ਅਮਰਜੀਤ ਸਿੰਘ ਨੇ ਦੱਸਿਆ ਕਿ 65 ਸਾਲਾ ਕੁਲਵੰਤ ਸਿੰਘ ਨੇ ਸੰਤ ਬਾਬਾ ਗੁਰਜੰਟ ਸਿੰਘ ਸਲੀਣੇ ਵਾਲਿਆਂ ਵੱਲੋਂ ਲਗਾਏ ਗਏ ਸਾਈਨ ਬੋਰਡ ਨਾਲ ਕੁੰਢੀ ਪਾ ਕੇ ਆਤਮ ਹੱਤਿਆ ਕਰ ਲਈ । ਉਹਨਾਂ ਦੱਸਿਆ ਕਿ ਅੱਜ ਸਵੇਰੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਨੇ ਮੌਕੇ ’ਤੇ ਪਹੰੁਚ ਕੇ ਲਾਸ਼ ਨੂੰ ਨੀਚੇ ਲਾਹਿਆ ਅਤੇ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ।  ਏ ਐੱਸ ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਮੁਤਾਬਕ 65 ਸਾਲਾ ਕੁਲਵੰਤ ਸਿੰਘ ਅਣਵਿਹਾਇਆ ਸੀ ਅਤੇ ਪਿਛਲੇ ਕੁਝ ਸਾਲਾਂ ਤੋਂ ਦਿਮਾਗੀ ਪਰੇਸ਼ਾਨੀ ਦਾ ਸ਼ਿਕਾਰ ਸੀ ਅਤੇ ਜਿਸ ਦੀ ਦਵਾਈ ਮੋਗਾ ਤੋਂ ਚੱਲ ਰਹੀ ਸੀ ਪਰ ਬੀਤੀ ਰਾਤ ਉਹ ਖਾਣਾ ਖਾ ਕੇ ਸੌਂ ਗਿਆ ਪਰ ਸਵੇਰ ਸਮੇਂ ਘਰ ਵਿਚ ਮੌਜੂਦ ਨਾ ਹੋਣ ’ਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਕ ਵਿਅਕਤੀ ਨੇ ਸਾਈਨ ਬੋਰਡ ਨਾਲ ਫਾਹਾ ਲਿਆ ਹੋਇਆ ਹੈ ਤਾਂ ਪਰਿਵਾਰ ਵਾਲੇ ਘਟਨਾ ਸਥਾਨ ’ਤੇ ਪੁੱਜੇ ਤਾਂ ਉਹਨਾਂ ਦੇਖਿਆ ਕਿ ਕੁਲਵੰਤ ਸਿੰਘ ਨੇ ਸਾਈਨ ਬੋਰਡ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ ।