ਗਤਕੇਬਾਜ਼ੀ ’ਚ ਉੱਚ ਮੁਕਾਮ ਹਾਸਲ ਕਰਕੇ ਰਮਨਦੀਪ ਕੌਰ ਥਰਾਜ ਲੜਕੀਆਂ ਲਈ ਬਣੀ ਪਰੇਰਨਾ ਸਰੋਤ-: ਬਚਿੱਤਰ ਸਿੰਘ ਘੋਲੀਆ

ਮੋਗਾ,7 ਅਪਰੈਲ (ਜਸ਼ਨ)-‘ਮਹਾਨ ਸਿੱਖ ਧਰਮ ਅਤੇ ਅਮੀਰ ਪੰਜਾਬੀ ਵਿਰਾਸਤ ਦੀ ਝੰਡਾਬਰਦਾਰ ਬਣਕੇ ਗਤਕੇਬਾਜ਼ੀ ਦੇ ਖੇਤਰ ਵਿਚ ਆਪਣੀ ਮਿਹਨਤ ਤੇ ਲਗਨ ਸਦਕਾ ਰਮਨਦੀਪ ਕੌਰ ਥਰਾਜ ਨੇ ਲੜਕੀਆਂ ਲਈ ਪ੍ਰਰੇਨਾ ਸਰੋਤ ਬਣਨ ਦਾ ਮਾਣ ਹਾਸਲ ਕੀਤਾ ਹੈ ।’ ਬਚਿੱਤਰ ਸਿੰਘ ਘੋਲੀਆ ਆਪਣੇ ਨਿਵਾਸ ਅਸਥਾਨ ਘੋਲੀਆ ਖੁਰਦ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹੋਣਹਾਰ ਵਿਦਿਆਰਥਣ ਤੇ ਉੱਚ ਪੱਧਰ ਦੀ ਗਤਕੇਬਾਜ਼ ਰਮਨਦੀਪ ਕੌਰ ਸਪੁੱਤਰੀ ਜਗਰੂਪ ਸਿੰਘ ਚਹਿਲ ਵਾਸੀ ਥਰਾਜ ਦੇ ਮਾਣ ਵਿਚ ਰੱਖੇ ਗਏ ਸਨਮਾਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਉਨਾਂ ਕਿਹਾ ਕਿ ਗਤਕੇਬਾਜ਼ੀ ਦੇ ਸੰਘਰਸ਼ਸ਼ੀਲ ਖੇਤਰ ਵਿਚ ਸਿਰਫ ਦਲੇਰ ਤੇ ਹਿੰਮਤੀ ਲੜਕੀਆਂ ਹੀ ਹਿੱਸਾ ਲੈਣ ਦਾ ਹੌਂਸਲਾ ਕਰ ਸਕਦੀਆਂ ਹਨ,ਜਿਵੇਂ ਰਮਨਦੀਪ ਕੌਰ ਨੇ ਕੀਤਾ ਹੈ। ਸਮਾਗਮ ਵਿਚ ਉੱਦਮੀ ਕੈਨੇਡੀਅਨ ਤੇ ਖੇਡ ਪ੍ਰਮੋਟਰ ਘੋਲੀਆ ਭਰਾਵਾਂ ਦੀ ਮਾਤਾ ਸਰਦਾਰਨੀ ਮੁਖਤਿਆਰ ਕੌਰ ਘੋਲੀਆ ਵੀ ਹਾਜ਼ਰ ਸਨ। ਸਮਾਗਮ ਵਿਚ ਹੋਂਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਤੇ ਫੈਡਰੇਸ਼ਨ ਆਗੂ ਭਾਈ ਦਰਸ਼ਨ ਸਿੰਘ ਘੋਲੀਆ,ਪ੍ਰਸਿੱਧ ਸਮਾਜ ਸੇਵੀ ਤੇ ਨੌਜਵਾਨ ਆਗੂ ਰਜਿੰਦਰਪਾਲ ਸਿੰਘ ਥਰਾਜ, ਸਰਪੰਚ ਗੁਰਮੀਤ ਸਿੰਘ ਬੁੱਘੀਪੁਰਾ, ਮਲਕੀਤ ਸਿੰਘ ਗਿੱਲ ਤੇ ਬੀਬੀ ਅਮਨਦੀਪ ਕੌਰ ਚਹਿਲ ਹਾਜ਼ਰ ਸਨ।


