ਸਹਾਇਕ ਸਬ ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋਂ ਨੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕੀਤਾ ਗਿ੍ਰਫਤਾਰ

ਫਿਰੋਜ਼ਪੁਰ , 6 ਅਪਰੈਲ (ਪਕੰਜ ਕੁਮਾਰ)-ਫਿਰੋਜ਼ਪੁਰ ਅਧੀਨ ਆਉਦੇ ਥਾਣਾ ਮਮਦੋਟ ਦੇ ਸਹਾਇਕ ਸਬ ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋਂ ਫਿਰੋਜ਼ਪੁਰ ਨੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗਿ੍ਰਫਤਾਰ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋਂ ਫਿਰੋਜ਼ਪੁਰ ਦੇ ਉਪ ਕਪਤਾਨ ਪੁਲਿਸ ਰਛਪਾਲ ਸਿੰਘ ਨੇ ਦੱਸਿਆ ਕਿ ਉਨਾਂ ਦੀ ਟੀਮ ਨੂੰ ਪਿੰਡ ਲੱਖਾ ਸਿੰਘ ਵਾਲਾ ਉਤਾੜ ਦੇ ਰਹਿਣ ਵਾਲੇ ਕਿ੍ਰਪਾਲ ਸਿੰਘ ਪੁੱਤਰ ਬਗੀਚਾ ਸਿੰਘ ਨੇ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਗਾਇਆ ਸੀ ਕਿ ਥਾਣਾ ਮਮਦੋਟ ਦੇ ਏ ਐਸ ਆਈ ਬਲਵਿੰਦਰ ਸਿੰਘ ਨੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਕੁਝ ਸਮਾਂ ਪਹਿਲੋਂ ਦਰਜ ਮਾਮਲੇ ਵਿਚ ਉਸ ਦੇ ਪਰਿਵਾਰਾਂ ਮੈਂਬਰਾਂ ਨੂੰ ਗਿ੍ਰਫਤਾਰ ਨਾ ਕਰਨ ਅਤੇ ਉਨਾਂ ਦੀਆਂ ਜਮਾਨਤਾਂ ਲੈਣ ਵਿਚ ਮਦਦ ਕਰਨ ਅਤੇ ਘਰ ਤੋਂ ਬਰਾਮਦ ਹੋਏ ਮੋਟਰਸਾਈਕਲ ਅਤੇ ਟਾਰਚਾਂ ਨੂੰ ਮੁਕੱਦਮੇ ਵਿਚ ਨਾ ਪਾਉਣ ਦਾ ਕਹਿ ਕੇ 13 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ, ਜਦੋਂ ਕਿ ਸੌਦਾ 10 ਹਜ਼ਾਰ ਰੁਪਏ ਵਿਚ ਨਿਬੜ ਗਿਆ। ਉਪ ਕਪਤਾਨ ਰਛਪਾਲ ਸਿੰਘ ਨੇ ਦਾਅਵਾ ਕਰਦਿਆ ਦੱਸਿਆ ਕਿ ਜਦੋਂ ਅੱਜ ਮੁੱਦਈ ਕਿ੍ਰਪਾਲ ਸਿੰਘ ਮਮਦੋਟ ਥਾਣੇ ਦੇ ਏ ਐਸ ਆਈ ਬਲਵਿੰਦਰ ਸਿੰਘ ਨੂੰ 10 ਹਜ਼ਾਰ ਰੁਪਏ ਦੇਣ ਵਾਸਤੇ ਗਿਆ ਤਾਂ ਮੌਕੇ ‘ਤੇ ਪਹੁੰਚੀ ਵਿਜੀਲੈਂਸ ਟੀਮ ਅਤੇ ਸ਼ੈਡੋ ਗਵਾਹ ਲਾਲ ਸਿੰਘ, ਸਰਕਾਰੀ ਗਵਾਹ ਪੀ ਐਚ ਸੀ ਲੱਖੋ ਕੇ ਬਹਿਰਾਮ ਡਾ. ਯੁੱਗਪ੍ਰੀਤ ਅਤੇ ਸਰਕਾਰੀ ਗਵਾਹ ਜੇ.ਈ. ਪੀ ਡਬਲਯੂ ਡੀ. ਫਿਰੋਜ਼ਪੁਰ ਰਾਜੇਸ਼ ਕੁਮਾਰ ਦੀ ਮੌਜ਼ੂਦੀ ਵਿਚ ਏ ਐਸ ਆਈ ਬਲਵਿੰਦਰ ਸਿੰਘ ਨੂੰ 10 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਗਿ੍ਰਫਤਾਰ ਕਰ ਲਿਆ ਗਿਆ। ਓਪ ਕਪਤਾਨ ਰਛਪਾਲ ਸਿੰਘ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਬਲਵਿੰਦਰ ਸਿੰਘ ਵਿਰੁੱਧ ਧਾਰਾ 7/13 (2) 88 ਪੀਸੀ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਕਰਨ ਤੋਂ ਬਾਅਦ ਹੀ ਅਸਲੀ ਸੱਚ ਸਾਹਮਣੇ ਆਵੇਗਾ।


