ਇੰਡੋ ਸੋਵੀਅਤ ਫ਼ਾਰਮੇਸੀ ਕਾਲਜ ਮੋਗਾ ਵਿਖੇ ‘ਬੇਟੀ ਬਚਾਓ-ਬੇਟੀ ਪੜਾਓ‘ ਅਤੇ ‘ਸਵੱਛ ਭਾਰਤ ਮਿਸ਼ਨ‘ ਸਬੰਧੀ ਕਰਵਾਇਆ ਗਿਆ ਸੈਮੀਨਾਰ

ਮੋਗਾ 3 ਅਪ੍ਰੈਲ(ਜਸ਼ਨ)- ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਨੇ ‘ਬੇਟੀ ਬਚਾਓ-ਬੇਟੀ ਪੜਾਓ‘ ਅਤੇ ‘ਸਵੱਛ ਭਾਰਤ‘ ਮਿਸ਼ਨ ਤਹਿਤ ਇੰਡੋ ਸੋਵੀਅਤ ਫ਼ਾਰਮੇਸੀ ਕਾਲਜ ਮੋਗਾ ਵਿਖੇ ਕਰਵਾਏ ਗਏ ਸੈਮੀਨਾਰ ਨੂੰ ਸੰੰਬੋਧਨ ਕਰਦਿਆਂ ਆਖਿਆ ਕਿ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਘੱਟ ਗਿਣਤੀ ਸਮਾਜ ਲਈ ਭਵਿੱਖ ਵਿੱਚ ਗੰਭੀਰ ਅਸੰਤੁਲਨ ਪੈਦਾ ਹੋਣ ਦੇ ਖਦਸ਼ੇ ਵੱਲ ਇਸ਼ਾਰਾ ਕਰ ਰਹੀ ਹੈ, ਜਿਸ ‘ਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਉਨਾਂ ਕਿਹਾ ਕਿ ਭਰੂਣ ਹੱਤਿਆ ਨੂੰ ਠੱਲ ਪਾਉਣ ਲਈ ਸਮਾਜ ਦਾ ਸਿਖਿਅਤ ਹੋਣਾ ਅਤੀ ਜ਼ਰੂਰੀ ਹੈ। ਉਨਾਂ ਜ਼ਿਲੇ ਦੇ ਘੱਟ ਲਿੰਗ ਅਨੁਪਾਤ ਵਾਲੇ ਚੁਣੇ ਗਏ 100 ਪਿੰਡਾਂ ਨੂੰ ਗੈਰ-ਸਰਕਾਰੀ ਸੰਸਥਾਵਾਂ ਨੂੰ ਗੋਦ ਲੈ ਕੇ ਇਨਾਂ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਇਨਾਂ ਪਿੰਡਾਂ ਵਿੱਚ ਲਿੰਗ ਅਨੁਪਾਤ ‘ਚ ਸੁਧਾਰ ਲਿਆਂਦਾ ਜਾ ਸਕੇ। ਉਨਾਂ ਕਿਹਾ ਕਿ ਇਸ ਮੰਤਵ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਪੂਰਣ ਸਹਿਯੋਗ ਦਿੱਤਾ ਜਾਵੇਗਾ। ਉਨਾਂ ‘ਸਵੱਛ ਭਾਰਤ‘ ਮਿਸ਼ਨ ‘ਤੇ ਬੋਲਦਿਆਂ ਕਿਹਾ ਕਿ ਲੋਕਾਂ ਨੂੰ ਖੁੱਲੇ ਵਿੱਚ ਪਖਾਨੇ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਖੁੱਲੇ ਵਿੱਚ ਪਖਾਨਾ ਕਰਨ ਨਾਲ ਪਾਣੀ, ਹਵਾ ਅਤੇ ਮਿੱਟੀ ਦੂਸ਼ਿਤ ਹੁੰਦੀ ਹੈ ਅਤੇ ਖੁੱਲੇ ਵਿੱਚ ਪਖਾਨਾ ਕਰਕੇ ਫ਼ੈਲਾਈ ਗੰਦਗੀ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਕੋਲ ਹੀ ਵਾਪਸ ਆ ਜਾਂਦੀ ਹੈ। ਉਨਾਂ ਮੌਕੇ ‘ਤੇ ਹਾਜ਼ਰ ਕਾਰਜਕਾਰੀ ਇੰਜੀਨੀਅਰ ਜਨ ਸਿਹਤ ਜੇ.ਐਸ.ਚਾਹਲ ਨੂੰ ਹਦਾਇਤ ਕੀਤੀ ਕਿ ਜ਼ਿਲੇ ਦੇ ਪਿੰਡਾਂ ਦੇ ਜਿਨਾਂ ਘਰਾਂ ‘ਚ ਪਖਾਨੇ ਦੀ ਸੁਵਿਧਾ ਨਹੀਂ ਹੈ, ਉਨਾਂ ਲੋਕਾਂ ਨੂੰ ਪਖਾਨੇ ਦੀ ਸਹੂਲਤ ਉਪਲੱਭਧ ਕਰਵਾਈ ਜਾਵੇ। ਇਸ ਮੌਕੇ ਜ਼ਿਲੇ ਦੇ ਵੱਖ-ਵੱਖ ਸਕੂਲਾਂ ‘ਚ ਪੜ ਰਹੀਆਂ ਲੜਕੀਆਂ ਲਈ ਲਗਵਾਈਆਂ ਜਾ ਰਹੀਆਂ ਸੈਨੇਟਰੀ ਪੈਡ ਮਸ਼ੀਨਾਂ ਬਾਰੇ ਦਿੱਲੀ ਤੋਂ ਆਈ ਵਿਸ਼ੇਸ਼ ਟੀਮ ਵੱਲੋਂ ਡੈਮੋ ਪੇਸ਼ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜ਼ੇਸ਼ ਤਿ੍ਰਪਾਠੀ ਨੇ ਦੱਸਿਆ ਕਿ ਜ਼ਿਲੇ ਵਿੱਚ ਗੈਰ-ਸਰਕਾਰੀ ਅਤੇ ਸਮਾਜ-ਸੇਵੀ ਸੰਸਥਾਵਾਂ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਉਨਾਂ ਕਿਹਾ ਕਿ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਹੋਰ ਵਧੇਰੇ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਇਹ ਸੰਸਥਾਵਾਂ ਮਹੱਤਵ-ਪੂਰਣ ਯੋਗਦਾਨ ਪਾ ਸਕਦੀਆਂ ਹਨ। ਉਨਾਂ ਇਨਾਂ ਸੰਸਥਾਵਾਂ ਨੂੰ ਪਿੰਡਾਂ ਦੀਆਂ ਸੱਥਾਂ ‘ਚ ਜਾ ਕੇ ਔਰਤਾਂ, ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਸਰਕਾਰ ਦੀਆਂ ‘ਬੇਟੀ ਬਚਾਓ-ਬੇਟੀ ਪੜਾਓ‘ ਅਤੇ ‘ਸਵੱਛ ਭਾਰਤ‘ ਮਿਸ਼ਨ ਤਹਿਤ ਸਕੀਮਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਮਕਸਦ ਲਈ ਉਨਾਂ ਵੱਲੋਂ ਭੇਜੀ ਗਈ ਫ਼ੀਡ ਬੈਕ ਰਿਪੋਰਟ ਸਰਕਾਰ ਨੂੰ ਪੇਸ਼ ਕੀਤੀ ਜਾਵੇਗੀ।
ਇਸ ਮੌਕੇ ਪ੍ਰਧਾਨ ਜ਼ਿਲਾ ਕਾਂਗਰਸ ਸ਼ਹਿਰੀ ਵਿਨੋਦ ਬਾਂਸਲ, ਆਈ.ਐਸ.ਐਫ. ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ, ਚੇਅਰਮੈਨ ਇੰਟਰਨੈਸ਼ਨਲ ਕੈਂਬਰਿਜ ਸਕੂਲ ਦਵਿੰਦਰ ਪਾਲ ਰਿੰਪੀ, ਜ਼ਿਲਾ ਪ੍ਰਧਾਨ ਭਾਵਾਧਸ ਨਰੇਸ ਬੌਹਤ, ਸਿਵਲ ਸਰਜਨ ਡਾ: ਸ਼ੁਸ਼ੀਲ ਜੈਨ, ਜ਼ਿਲਾ ਪ੍ਰੋਗਰਾਮ ਅਫ਼ਸਰ ਮਨਜੀਤ ਕੌਰ, ਕਾਰਜਕਾਰੀ ਇੰਜੀਨੀਅਰ ਜਨ ਸਿਹਤ ਜੇ.ਐਸ.ਚਾਹਲ, ਉਪ ਜ਼ਿਲਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਔਲਖ, ਐਨ.ਜੀ.ਓ ਜ਼ਿਲਾ ਕੋ-ਆਰਡੀਨੇਟਰ ਐਸ.ਕੇ.ਬਾਂਸਲ, ਪ੍ਰਧਾਨ ਰੂਰਲ ਐਨ.ਜੀ.ਓ ਮਹਿੰਦਰ ਪਾਲ ਲੂੰਬਾ ਸਮੇਤ ਵੱਖ-ਵੱਖ ਗੈਰ-ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ, ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ/ਮੁੱਖ ਅਧਿਆਪਕ, ਚੇਅਰਮੈਨ ਸੰਜੀਵ ਸੈਣੀ ਬਲੂਮਿੰਗ ਬਰਡਜ ਸਕੂਲ, ਪ੍ਰਧਾਨ ਸੀਨੀਅਰ ਸਿਟੀਜਨ ਸਰਦਾਰੀ ਲਾਲ ਕਾਮਰਾ ਅਤੇ ਚੌਧਰੀ ਰਾਮ ਪ੍ਰਵੇਸ ਆਦਿ ਹਾਜ਼ਰ ਸਨ।


