ਬਹੁ-ਪੱਧਰੀ ਕਾਰ-ਪਾਰਕਿੰਗ, ਪਾਰਕਾਂ, ਸਮਾਰਟ ਸੜਕਾਂ, ਸਟਰੀਟ ਲਾਈਟਿੰਗ ਤੇ ਸੀ ਸੀ ਟੀ ਵੀ ਕੈਮਰਿਆਂ ਨਾਲ ਹੋਵੇਗਾ ‘ਗੁਰੂ ਕੀ ਨਗਰੀ’ ਦਾ ਢਾਂਚਾਗਤ ਵਿਕਾਸ- ਨਵਜੋਤ ਸਿੰਘ ਸਿੱਧੂ

ਚੰਡੀਗੜ, 26 ਮਾਰਚ (ਜਸ਼ਨ)-‘‘ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰਾਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਹੈ ਅਤੇ ਖਾਸ ਕਰਕੇ ਸਮਾਰਟ ਸਿਟੀ ਪ੍ਰੋਜੈਕਟਾਂ ਉੱਤੇ ਵਿਸ਼ੇਸ਼ ਧਿਆਨ ਦੇ ਕੇ ਢਾਂਚਾਗਤ ਸੁਧਾਰ ਰਾਹੀਂ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵੱਲ ਧਿਆਨ ਕੇਂਦਰਿਤ ਕੀਤਾ ਹੈ।’’ਇਹ ਜਾਣਕਾਰੀ ਅੱਜ ਇਥੇ ਸਮਾਰਟ ਸਿਟੀ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਸਬੰਧੀ ਹੋਈ ਇਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਦਿੱਤੀ। ਉਨਾਂ ਕਿਹਾ ਕਿ ਸਮਾਰਟ ਸਿਟੀ ਤਹਿਤ 1000 ਕਰੋੜ ਰੁਪਏ ਦੇ ਪ੍ਰੋਜੈਕਟਾਂ ਉੱਤੇ ਕੰਮ ਜਾਰੀ ਹੈ ਜਿਸ ਵਿਚੋਂ 500 ਕਰੋੜ ਦੀ ਰਕਮ ਹਾਲ ਹੀ ਵਿੱਚ ਪੇਸ਼ ਕੀਤੇ ਬਜਟ ਵਿੱਚ ਰੱਖੀ ਗਈ ਹੈ ਅਤੇ ਇੰਨੀ ਹੀ ਰਕਮ ਕੇਂਦਰ ਸਰਕਾਰ ਵਲੋਂ ਬਣਦੇ ਹਿੱਸੇ ਵਜੋਂ ਪਾਈ ਜਾਵੇਗੀ। ਉਨਾਂ ਅੱਗੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਹੀ ਹੈ ਜਿਸ ਨੇ ਸਮਾਰਟ ਸਿਟੀ ਦੀ ਵਿਚਾਰਧਾਰਾ ਨੂੰ ਅਮਲੀ ਜਾਮਾ ਪਹਿਨਾਉਣ ਵੱਲ ਉਚੇਚਾ ਧਿਆਨ ਦਿੰਦੇ ਹੋਏ ਲੁਧਿਆਣਾ, ਜਲੰਧਰ ਅਤੇ ਅੰਮਿ੍ਰਤਸਰ ਵਿੱਚ ਕੰਮ ਸ਼ੁਰੂ ਕਰਵਾ ਦਿੱਤੇ ਹਨ। ਬੀਤੀ ਅਕਾਲੀ-ਭਾਜਪਾ ਸਰਕਾਰ ’ਤੇ ਵਰਦੇ ਹੋਏ ਸ. ਸਿੱਧੂ ਨੇ ਖੁਲਾਸਾ ਕੀਤਾ ਕਿ ਬੀਤੀ ਸਰਕਾਰ ਦੀ ਸਮਾਰਟ ਸਿਟੀ ਪ੍ਰੋਜੈਕਟਾਂ ਬਾਰੇ ਸੰਜੀਦਗੀ ਦਾ ਇਸੇ ਤੋਂ ਪਤਾ ਲਗਦਾ ਹੈ ਕਿ ਉਸ ਵਲੋਂ ਸੂਬੇ ਦੇ ਹਿੱਸੇ ਦੇ 200 ਕਰੋੜ ਰੁਪਏ ਦੀ ਰਕਮ ਵਿਚੋਂ ਮਹਿਜ਼ 32 ਕਰੋੜ ਰੁਪਏ ਦੀ ਰਕਮ ਹੀ ਖਰਚ ਕੀਤੀ ਗਈ। ਸ. ਸਿੱਧੂ ਨੇ ਅੱਗੇ ਕਿਹਾ ਕਿ ਇਹ ਮੌਜੂਦਾ ਸਰਕਾਰ ਹੀ ਹੈ ਜਿਸ ਨੇ ਸੂਬੇ ਵਿੱਚ ਸ਼ਹਿਰੀ ਢਾਂਚੇ ਵਿੱਚ ਸਰਬ-ਪੱਖੀ ਸੁਧਾਰ ਲਿਆਉਣ ਦਾ ਅਹਿਦ ਕਰਦੇ ਹੋਏ ਇਸ ਦਿਸ਼ਾ ਵੱਲ ਸਾਰਥਕ ਕਦਮ ਚੁੱਕੇ ਹਨ ਅਤੇ ਸਮਾਰਟ ਸਿਟੀ ਪ੍ਰੋਜੈਕਟਾਂ ਨੂੰ ਨਵੀਂ ਉਡਾਣ ਬਖਸ਼ੀ ਹੈ। ਅੰਮਿ੍ਰਤਸਰ ਨਾਲ ਸਬੰਧਿਤ ਪ੍ਰੋਜੈਕਟਾਂ ਬਾਰੇ ਸ. ਸਿੱਧੂ ਨੇ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਗੁਰੂ ਕੀ ਨਗਰੀ ਦੇ ਢਾਂਚਾਗਤ  ਵਿਕਾਸ ਲਈ 50 ਕਰੋੜ ਰੁਪਏ ਦੇ ਪ੍ਰੋਜੈਕਟ ਆਰੰਭੇ ਜਾਣਗੇ ਜਿਨਾਂ ਵਿੱਚ ਵਿਸ਼ੇਸ਼ ਧਿਆਨ ਕੈਰੋਂ ਮਾਰਕਿਟ ਵਿਖੇ ਬਹੁ-ਪੱਧਰੀ ਕਾਰ-ਪਾਰਕਿੰਗ, 500 ਕਾਰਾਂ ਦੀ ਪਾਰਕਿੰਗ ਲਈ ਸਮਰੱਥਾ ਵਾਲੀ ਤੇ ਜਿਸ ਨਾਲ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਦਾ ਢੁਕਵਾਂ ਹੱਲ ਨਿਕਲੇਗਾ, ਸੀਸੀਟੀਵੀ, ਸਮਾਰਟ ਸੜਕਾਂ ਤੇ ਪਾਰਕਾਂ ਦਾ ਵਿਕਾਸ ਅਤੇ ਐਲ.ਈ.ਡੀ. ਸਟਰੀਟ ਲਾਈਟਿੰਗ ਵੱਲ ਕੇਂਦਰਿਤ ਕੀਤਾ ਜਾਵੇਗਾ। ਉਨਾਂ ਅਗਾਂਹ ਜਾਣਕਾਰੀ ਦਿੱਤੀ ਕਿ ਭਾਰਤ ਸਰਕਾਰ ਦੇ ਰੇਲ ਮੰਤਰਾਲੇ ਦੀ ਮਾਲਕੀ ਵਾਲੀ ‘ਰਾਈਟਸ ਕੰਪਨੀ’ ਨੂੰ ਕੰਸਲਟੈਂਸੀ ਹਿੱਤ 5 ਪੁਲ ਸੌਂਪ ਦਿੱਤੇ ਗਏ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਆਪਣੇ ਪ੍ਰਤੀਬੱਧਤਾ ਦੁਹਰਾਈ ਕਿ ਸੂਬੇ ਵਿੱਚ ਸ਼ਹਿਰੀ ਵਿਕਾਸ ਖੇਤਰ ਦਾ ਆਧਾਰ ਇਸ ਕਦਰ ਮਜ਼ਬੂਤ ਕੀਤਾ ਜਾਵੇਗਾ ਕਿ ਇਸ ਨਾਲ ਸਮਾਰਟ ਸਿਟੀ ਪ੍ਰੋਜੈਕਟਾਂ ਨੂੰ ਹੁਲਾਰਾ ਤਾਂ ਮਿਲੇਗਾ ਹੀ ਸਗੋਂ ਇਸ ਖੇਤਰ ਵਿੱਚ ਪੰਜਾਬ ਮੋਹਰੀ ਸੂਬਿਆਂ ਵਿੱਚ ਸ਼ੁਮਾਰ ਹੋਵੇਗਾ ਅਤੇ ਲੋਕਾਂ ਦਾ ਜੀਵਨ ਪੱਧਰ ਵੀ ਉੱਚਾ ਹੋਵੇਗਾ। ਇਸ ਮੌਕੇ ਅੰਮਿ੍ਰਤਸਰ ਪੱਛਮੀ ਹਲਕੇ ਤੋਂ ਵਿਧਾਇਕ ਸ੍ਰੀ ਰਾਜ ਕੁਮਾਰ ਵੇਰਕਾ, ਅੰਮਿ੍ਰਤਸਰ ਉੱਤਰੀ ਹਲਕੇ ਤੋਂ ਵਿਧਾਇਕ ਸ੍ਰੀ ਸੁਨੀਲ ਦੱਤੀ, ਅੰਮਿ੍ਰਤਸਰ ਸੈਂਟਰਲ ਹਲਕੇ ਤੋਂ ਵਿਧਾਇਕ ਸ੍ਰੀ ਓਮ ਪ੍ਰਕਾਸ਼ ਸੋਨੀ, ਮਿਊਂਸੀਪਲ ਕਾਰਪੋਰੇਸ਼ਨ ਅੰਮਿ੍ਰਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਅੰਮਿ੍ਰਤਸਰ ਸਮਾਰਟ ਸਿਟੀ ਲਿਮ. ਦੀ ਮੁੱਖ ਕਾਰਜਕਾਰੀ ਅਧਿਕਾਰੀ ਤੇ ਅੰਮਿ੍ਰਤਸਰ ਵਿਕਾਸ ਅਥਾਰਟੀ ਦੀ ਮੁੱਖ ਪ੍ਰਸ਼ਾਸਕ ਸ੍ਰੀਮਤੀ ਦੀਪਤੀ ਉੱਪਲ ਵੀ ਮੌਜੂਦ ਸਨ।