ਸ਼ਰਾਬ ਦੇ ਠੇਕਿਆਂ ਤੋਂ ਮੋਗਾ ਜ਼ਿਲੇ ’ਚ ਸਰਕਾਰ ਕਮਾਵੇਗੀ 113 ਕਰੋੜ ਰੁਪਏ, ਅਗਲੇ ਵਿੱਤੀ ਸਾਲ ਲਈ 211 ਦੇਸੀ ਅਤੇ 55 ਅੰਗਰੇਜ਼ੀ ਸ਼ਰਾਬ ਦੇ ਠੇਕੇ ਕੀਤੇ ਅਲਾਟ

ਮੋਗਾ 26 ਮਾਰਚ (ਜਸ਼ਨ)-ਅੱਜ ਜ਼ਿਲਾ ਮੋਗਾ ਦੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੀ ਸਾਲ 2018-19 ਲਈ ਅਲਾਟਮੈਂਟ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਦੀ ਪ੍ਰਧਾਨਗੀ ਹੇਠ ਵਿੰਡਸਰ ਗਾਰਡਨ ਦੁੱਨੇ ਕੇ (ਮੋਗਾ) ਵਿਖੇ ਹੋਈ। ਇਸ ਮੌਕੇ ‘ਤੇ ਸ. ਪਰਮਜੀਤ ਸਿੰਘ ਸੇਖੋਂ ਉਪ ਆਬਕਾਰੀ ਤੇ ਕਰ ਕਮਿਸ਼ਨਰ-ਕਮ-ਜਾਇੰਟ ਡਾਇਰੈਕਟਰ ਬਠਿੰਡਾ (ਆਬਜ਼ਰਬਰ ਆਬਕਾਰੀ ਤੇ ਕਰ ਵਿਭਾਗ), ਜਗਤਾਰ ਸਿੰਘ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਮੋਗਾ ਅਤੇ ਐਸ.ਡੀ.ਐਮ ਮੋਗਾ ਸੁਖਪ੍ਰੀਤ ਸਿੰਘ ਵੀ ਹਾਜ਼ਰ ਹੋਏ ਅਤੇ ਅਲਾਟਮੈਂਟ ਦਾ ਸਾਰਾ ਕੰਮ ਪੱਤਰਕਾਰਾਂ ਦੀ ਮੌਜੂਦਗੀ ‘ਚ ਬੜੇ ਹੀ ਪਾਰਦਰਸ਼ੀ ਢੰਗ ਨਾਲ ਹੋਇਆ।

ਸ. ਦਿਲਰਾਜ ਸਿੰਘ ਨੇ ਦੱਸਿਆ ਕਿ ਸਾਲ 2018-19 ਲਈ ਮੋਗਾ ਜ਼ਿਲੇ ਦੇ ਦੇਸ਼ੀ ਸਰਾਬ ਦੇ 211 ਠੇਕਿਆਂ ਅਤੇ ਅੰਗਰੇਜ਼ੀ ਸ਼ਰਾਬ ਦੇ 55 ਠੇਕਿਆਂ ਦੀ ਅਲਾਟਮੈਂਟ ਹੋਈ ਹੈ। ਉਨਾਂ ਦੱਸਿਆ ਕਿ ਡਰਾਅ ਰਾਹੀਂ ਅਲਾਟਮੈਂਟ ਕਰਨ ਲਈ ਬਿਨੈਕਾਰਾਂ ਕੋਲਂੋ ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਸਨ ਅਤੇ ਕੁੱਲ 23 ਗਰੁੱਪਾਂ ਵੱਲੋਂ 480 ਅਰਜ਼ੀਆਂ ਪ੍ਰਾਪਤ ਹੋਈਆਂ, ਜਿੰਨਾਂ ਤੋਂ 86 ਲੱਖ 40 ਹਜ਼ਾਰ ਰੁਪਏ ਬਤੌਰ ਦਰਖਾਸਤ ਫ਼ੀਸ ਇਕੱਤਰ ਹੋਈ। ਉਨਾਂ ਦੱਸਿਆ ਕਿ ਸਾਲ 2018-19 ਲਈ ਦੇਸੀ, ਅੰਗਰੇਜ਼ੀ ਸ਼ਰਾਬ ਅਤੇ ਬੀਅਰ ਦਾ ਕੋਟਾ ਕ੍ਰਮਵਾਰ 20,22,000 ਪਰੂਫ ਲਿਟਰ, 4,02,942 ਪਰੂਫ ਲਿਟਰ ਅਤੇ 7,20,819 ਬਲਕ ਲਿਟਰ ਰੱਖਿਆ ਗਿਆ ਹੈ। ਇਸ ਮੌਕੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਮੋਗਾ ਜਗਤਾਰ ਸਿੰਘ ਨੇ ਦੱਸਿਆ ਕਿ ਸਫ਼ਲ ਠੇਕੇਦਾਰਾਂ ਵੱਲੋਂ ਅਲਾਟਮੈਂਟ ਦੀ ਰਾਸ਼ੀ ਜਮਾਂ ਕਰਵਾ ਲਈ ਗਈ ਹੈ। ਇਸ ਮੌਕੇ ਆਬਕਾਰੀ ਤੇ ਕਰ ਅਫ਼ਸਰ ਨਰਿੰਦਰ ਕੁਮਾਰ, ਈ.ਟੀ.ਓ (ਜੀ.ਐਸ.ਟੀ) ਐਚ.ਐਸ.ਡਿੰਪਲ, ਈ.ਟੀ.ਓ ਬੀ.ਐਸ ਢਿੱਲੋਂ, ਇੰਸਪੈਕਟਰ ਦਵਿੰਦਰ ਸਿੰਘ, ਜਗਰਾਜ ਸਿੰਘ, ਕੁਲਵਿੰਦਰ ਸ਼ਰਮਾ, ਰੇਸ਼ਮ ਸਿੰਘ ਤੋਂ ਇਲਾਵਾ ਕਰ ਤੇ ਆਬਕਾਰੀ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।