ਪੰਜਾਬ ਸਰਕਾਰ ਦਾ ਬਜ਼ਟ 2018 ਹਰ ਪੱਖੋਂ ਸਲਾਘਾਯੋਗ:-ਅਮਰਜੀਤ ਅੰਬੀ

ਮੋਗਾ, 26 ਮਾਰਚ (ਜਸ਼ਨ): ਪੰਜਾਬ ਸਰਕਾਰ ਦੇ ਬਜ਼ਟ-2018 ਸਬੰਧੀ ਵਿਚਾਰ ਪੇਸ਼ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਅੰਬੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਬਜ਼ਟ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਮੁੱਖ ਰੱਖਦੇ ਹੋਏ ਬਣਾਇਆ ਗਿਆ ਹੈ, ਜਿਸਦਾ ਪੂਰੇ ਪੰਜਾਬ ਵਿੱਚ ਲੋਕਾਂ ਵਲੋਂ ਭਾਰੀ ਸਮਰਥਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ 200 ਰੁਪਏ ਦਾ ਟੈਕਸ ਲਗਾਇਆ ਹੈ ਉਸ ਨਾਲ ਪੰਜਾਬ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਇਹ ਪੈਸਾ ਪੰਜਾਬ ਦੇ ਵਿਕਾਸ ਵਿੱਚ ਖਰਚਿਆ ਜਾਵੇਗਾ। ਅਮਰਜੀਤ ਅੰਬੀ ਨੇ ਕਿਹਾ ਕਿ ਪਿਛਲੀ ਸਰਕਾਰ ਦੇ 10 ਸਾਲਾਂ ਦੇ ਸ਼ਾਸਨ ਵਿੱਚ ਪੰਜਾਬ ਦੀ ਆਰਥਿਕ ਸਥਿਤੀ ਕਾਫੀ ਡਗਮਗਾ ਗਈ ਸੀ, ਜਿਸ ਕਾਰਨ ਅੱਜ ਇਹ ਸਥਿਤੀ ਬਣ ਗਈ ਕਿ ਪੰਜਾਬ ਬੁਰੀ ਤਰਾਂ ਕਰਜ਼ੇ ਦੀ ਚਪੇਟ ਵਿੱਚ ਆ ਚੁੱਕਿਆ ਹੈ ਅਤੇ ਹੋਰ ਕਰਜ਼ ਸਹਿਣ ਦੀ ਸਮਰੱਥਾ ਪੰਜਾਬ ਵਿੱਚ ਨਹੀਂ ਰਹੀ। ਉਨਾਂ ਕਿਹਾ ਕਿ ਸੂਬੇ  ਦੀ ਕੈਪਟਨ ਸਰਕਾਰ ਫਿਰ ਵੀ ਸ਼ਲਾਘਾ ਦੀ ਪਾਤਰ ਹੈ ਕਿਉਕਿ ਅਜਿਹੀ ਸਥਿਤੀ ਵਿੱਚ ਵੀ ਉਹ ਪੰਜਾਬ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਵਿਸ਼ੇਸ਼ ਕਦਮ ਚੁੱਕ ਰਹੀ ਹੈ। ਉਨਾਂ ਕਿਹਾ ਕਿ ਜਿਨਾਂ ਤੇ 200 ਰੁਪਏ ਦਾ ਟੈਕਸ ਲਗਾਇਆ ਗਿਆ ਹੈ ਉਹ ਇਹ ਨਾ ਸਮਝਣ ਕਿ ਉਨਾਂ ਦੀ ਨਿੱਜੀ ਜੇਬ ਤੇ ਕੋਈ ਬੋਝ ਪਵੇਗਾ ਸਗੋਂ ਇਹ ਸਮਝਣ ਕੇ ਪੰਜਾਬ ਦੀ ਤਰੱਕੀ ਵਿੱਚ ਉਹ ਵਿਸ਼ੇਸ਼ ਯੋਗਦਾਨ ਦੇ ਰਹੇ ਹਨ, ਜਿਸਦਾ ਸਾਰਥਕ ਨਤੀਜਾ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆਵੇਗਾ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਲਦ ਹੀ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਮੋਗਾ ਲਈ ਵਿਸ਼ੇਸ਼ ਪੈਕੇਜ ਲਿਆਉਣਗੇ ਅਤੇ ਮੋਗਾ ਨੂੰ ਲੋੜੀਂਦੇ ਫੰਡ ਮੁਹੱਈਆ ਕਰਵਾ ਕੇ ਮੋਗਾ ਦੇ ਨੁਹਾਰ ਬਦਲਣਗੇ।