ਮੋਗਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਯੁਵਾ ਸਸ਼ਕਤੀਕਰਨ ਦਿਵਸ

ਮੋਗਾ 23 ਮਾਰਚ: (ਜਸ਼ਨ)ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਜ਼ਿਲਾ ਪੱਧਰੀ ਯੁਵਾ ਸਸ਼ਕਤੀਕਰਨ ਦਿਵਸ ਸਥਾਨਕ ਅਨਾਜ ਮੰਡੀ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਖਟਕੜ ਕਲਾਂ ਤੋਂ ਸਿੱਧੇ ਪ੍ਰਸਾਰਣ ਰਾਹੀਂ ਡੇਪੋ ਵਲੰਟੀਅਰਾਂ, ਨੌਜਵਾਨਾਂ ਅਤੇ ਹਾਜ਼ਰ ਨਾਗਰਿਕਾਂ ਨੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਪ੍ਰਣ ਲਿਆ।ਇਸ ਮੌਕੇ ਵਿਧਾਇਕ ਮੋਗਾ ਡਾ: ਹਰਜੋਤ ਕਮਲ, ਡਿਪਟੀ ਕਮਿਸ਼ਨਰ ਦਿਲਰਾਜ ਸਿੰਘ, ਸੀਨੀਅਰ ਕਪਤਾਨ ਪੁਲਿਸ ਰਾਜ ਜੀਤ ਸਿੰਘ ਹੁੰਦਲ, ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ, ਜਿਲਾ ਪ੍ਰਧਾਨ ਕਾਂਗਰਸ ਕਰਨਲ ਬਾਬੂ ਸਿੰਘ ਅਤੇ ਸ਼ਹਿਰੀ ਪ੍ਰਧਾਨ ਕਾਂਗਰਸ ਵਿਨੋਦ ਬਾਂਸਲ ਵੀ ਮੌਜੂਦ ਸਨ।
        ਇਸ ਮੌਕੇ ਵਿਧਾਇਕ ਮੋਗਾ ਡਾ: ਹਰਜੋਤ ਕਮਲ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਦਾ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਦਿ੍ਰੜ ਸੰਕਲਪ ਹੈ ਅਤੇ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚੁੱਕੇ ਗਏ ਕਦਮਾਂ ਸਦਕਾ ਸੂਬੇ ਵਿੱਚੋਂ ਨਸ਼ਿਆਂ ਨੂੰ ਠੱਲ ਵੀ ਪਈ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ‘ਤੇ ਨੌਜਵਾਨਾਂ ‘ਚੋਂ ਨਸ਼ਿਆਂ ਦੇ ਖਾਤਮੇ ਦਾ ਲਿਆ ਗਿਆ ਇਤਿਹਾਸਕ ਫ਼ੈਸਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨਾਂ ਕਿਹਾ ਕਿ ਸਮਾਜ ਵਿੱਚੋਂ ਨਸ਼ਿਆਂ ਦੀ ਲਾਹਣਤ ਦਾ ਖਾਤਮਾ ਕਰਕੇ ਹੀ ਸੂਬੇ ਦਾ ਆਰਥਿਕ ਵਿਕਾਸ ਸੰਭਵ ਹੈ। ਉਨਾਂ ਨੌਜਵਾਨਾਂ ਨੂੰ ਪ੍ਰੇਰਣਾ ਦਿੰਦਿਆਂ ਕਿਹਾ ਕਿ ਇਨਾਂ ਮਹਾਨ ਸ਼ਹੀਦਾਂ ਦੇ ਪੂਰਨਿਆਂ ‘ਤੇ ਚੱਲਦੇ ਹੋਏ ਉਨਾਂ ਦੇ ਨਸ਼ਾ ਮੁਕਤ ਪੰਜਾਬ ਦੇ ਸਿਰਜੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਇਹ ਸੁਨਿਹਰੀ ਅਵਸਰ ਹੈ, ਇਸ ਲਈ ਯੁਵਾ ਵਰਗ ਨੂੰ ਡਟ ਕੇ ਪੰਜਾਬ ਸਰਕਾਰ ਦੀ ਇਸ ਮੁਹਿੰਮ ‘ਚ ਮੋਢੇ ਨਾਲ ਮੋਢਾ ਜੋੜ ਕੇ ਭਰਪੂਰ ਯੋਗਦਾਨ ਪਾਉਣਾ ਚਾਹੀਦਾ ਹੈ।    
        ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰ (ਡੇਪੋ) ਵਜੋਂ ਰਜਿਸਟ੍ਰੇਸ਼ਨ ਕਰਵਾਉਣ ਲਈ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਹੁਣ ਤੱਕ ਲਗਭੱਗ 12 ਹਜ਼ਾਰ ਨੌਜਵਾਨਾਂ ਵੱਲੋਂ ਡੈਪੋ ਵਾਲੰਟੀਅਰ ਵਜੋਂ ਰਜਿਸਟ੍ਰੇਸ਼ਨ ਕਰਵਾਈ ਜਾ ਚੁੱਕੀ ਹੈ।ਉਨਾਂ ਕਿਹਾ ਕਿ ਇਹ ਡੈਪੋ ਵਲੰਟੀਅਰ ਜ਼ਿਲੇ ਦੇ ਪਿੰਡਾਂ ‘ਚ ਤਨ-ਮਨ ਨਾਲ ਨਸ਼ਿਆਂ ਖਿਲਾਫ਼ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਅਤੇ ਸਰਕਾਰ ਦੀਆਂ ਨੀਤੀਆਂ ਦੀ ਸਫਲਤਾ ਲਈ ਆਪਣਾ ਯੋਗਦਾਨ ਪਾਉਣਗੇ। ਉਨਾਂ ਜ਼ਿਲੇ ਦੇ ਸਮੁੱਚੇ ਨਾਗਰਿਕਾਂ ਨੂੰ ਨਸ਼ਾ-ਮੁਕਤ ਅਤੇ ਨਰੋਆ ਸਮਾਜ ਸਿਰਜਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨਾਂ ਦੱਸਿਆ ਕਿ ਜ਼ਿਲਾ ਪੱਧਰ ਤੋਂ ਇਲਾਵਾ ਸਬ ਡਵੀਜ਼ਨ ਪੱਧਰ ’ਤੇ ਵੀ ਯੁਵਾ ਸ਼ਸ਼ਕਤੀਕਰਨ ਦਿਵਸ ਮਨਾਇਆ ਗਿਆ ਹੈ।
        ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਮੋਗਾ ਸੁਖਪ੍ਰੀਤ ਸਿੰਘ ਸਿੱਧੂ, ਐਸ.ਪੀ. ਵਜ਼ੀਰ ਸਿੰਘ ਤੇ ਪਿ੍ਰਥੀਪਾਲ ਸਿੰਘ, ਸਕੱਤਰ ਪੰਜਾਬ ਕਾਂਗਰਸ ਜਗਸੀਰ ਸਿੰਘ ਮੰਗੇਵਾਲ,  ਜਨਰਲ ਸਕੱਤਰ ਪੰਜਾਬ ਕਾਂਗਰਸ ਡਾਕਟਰ ਤਾਰਾ ਸਿੰਘ, ਵਾਈਸ ਚੇਅਰਮੈਨ ਗੁਰਸੇਵਕ ਸਿੰਘ ਚੀਮਾ, ਸੁਖਦੇਵ ਸਿੰਘ ਖੋਸਾ ਸਾਬਕਾ ਚੇਅਰਮੈਨ ਕੌਪਰੈਟਿਵ ਬੈਂਕ ,ਸਾਬਕਾ ਜਿਲਾ ਪ੍ਰਧਾਨ ਕਾਂਗਰਸ ਸ਼ਹਿਰੀ ਓਪਿੰਦਰ ਸਿੰਘ ਗਿੱਲ,  ਸਰਬਜੀਤ ਕੌਰ ਬਰਾੜ ਮਾਹਲਾ ਵਾਈਸ ਚੇਅਰਮੈਨ ਸੋਸ਼ਲ ਮੀਡੀਆ ਪੰਜਾਬ ਕਾਂਗਰਸ  ,ਸੁਮਨ ਕੁਮਾਰੀ, ਕਮਲਦੀਪ ਕੌਰ ਧੱਲਕੇ,ਰਾਜ ਕੌਰ, ਸਰਬਜੀਤ ਕੌਰ , ਚਰਨਜੀਤ ਕੌਰ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ , ਡੇਪੋ ਵਲੰਟੀਅਰ, ਨੌਜਵਾਨ ਅਤੇ ਜ਼ਿਲੇ ਦੇ ਨਾਗਰਿਕ ਹਾਜ਼ਰ ਸਨ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ