ਮੋਗਾ ਵਿਖੇ ਵਿਸ਼ਵ ਟੀ.ਬੀ.ਦਿਵਸ ’ਤੇ ਜ਼ਿਲਾ ਸਿਹਤ ਸੁਸਾਇਟੀ ਵੱਲੋਂ ਜਾਗਰੂਕਤਾ ਰੈਲੀ ਦਾ ਆਯੋਜਨ

ਮੋਗਾ, 23 ਮਾਰਚ (ਜਸ਼ਨ)- ਅੱਜ ਸਿਹਤ ਵਿਭਾਗ ਵੱਲੋਂ ਮੋਗਾ ਵਿਖੇ ਵਿਸ਼ਵ ਟੀ.ਬੀ.ਦਿਵਸ ’ਤੇ ਜ਼ਿਲਾ ਸਿਹਤ ਸੁਸਾਇਟੀ ਵੱਲੋਂ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ । ਵੱਖ ਵੱਖ ਨਰਸਿੰਗ ਸਕੂਲਾਂ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕੀਤੀ ਇਸ ਰੈਲੀ ਨੂੰ ਸਿਵਲ ਸਰਜਨ ਮੋਗਾ ਡਾ: ਸ਼ੁਸੀਲ ਜੈਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸਿਵਲ ਸਰਜਨ ਡਾ: ਸ਼ੁਸੀਲ ਜੈਨ ਨੇ ਆਖਿਆ ਕਿ ਤਪਦਿਕ ਦੀ ਬੀਮਾਰੀ ਨੂੰ ਜੜੋਂ ਖਤਮ ਕਰਨ ਲਈ ਅਜਿਹੇ ਆਗੂੁਆਂ ਦੀ ਲੋੜ ਹੈ ਜੋ ਨਿਸ਼ਕਾਮ ਸੇਵਾ ਕਰਦਿਆਂ ਇਸ ਭਿਆਨਕ ਬੀਮਾਰੀ ਤੋਂ ਦੇਸ਼ ਨੂੰ ਮੁਕਤ ਕਰਨ ਵਿਚ ਸਹਿਯੋਗ ਦੇ ਸਕਣ। ਰੈਲੀ ਦੀ ਅਗਵਾਈ ਕਰ ਰਹੇ ਜ਼ਿਲਾ ਟੀ .ਬੀ ਅਫਸਰ ਡਾ: ਇੰਦਰਵੀਰ ਸਿੰਘ ਨੇ ਦੱਸਿਆ ਕਿ ਟੀ.ਬੀ. ਦੀ ਗੰਭੀਰ ਸਮੱਸਿਆ ਦਾ ਹੱਲ ਕਰਨ ਲਈ ਪਿਛਲੇ ਕਈ ਸਾਲਾਂ ਤੋਂ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਹਨ । ਉਹਨਾਂ ਦੱਸਿਆ ਕਿ ਤਪਦਿਕ ਇਕ ਛੂਤ ਵਾਲੀ ਬੀਮਾਰੀ ਹੈ ਜੋ ਮੁੱਖ ਤੌਰ ’ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ । ਉਹਨਾਂ ਆਖਿਆ ਕਿ ਜਦੋਂ ਤੋਂ ‘ਰਿਵਾਈਸਡ ਨੈਸ਼ਨਲ ਟੀ ਬੀ ਕੰਟਰੋਲ ਪ੍ਰੋਗਰਾਮ’ (ਆਰ ਐਨ ਟੀ ਸੀ ਪੀ ) ਦੀ ਸ਼ੁਰੂਆਤ ਹੋਈ ਹੈੇ ਟੀ.ਬੀ. ਦੇ ਮਰੀਜ਼ਾਂ ਦੀ ਠੀਕ ਹੋਣ ਦੀ ਸਫਲਤਾ ਦਰ 25 ਪ੍ਰਤੀਸ਼ਤ ਤੋਂ ਵੱਧ ਕੇ 88 ਪ੍ਰਤੀਸ਼ਤ ਤੱਕ ਪਹੁੰਚ ਚੁੱਕੀ ਹੈ ਅਤੇ ਮੌਤ ਦੀ ਦਰ 29 ਤੋਂ ਪ੍ਰਤੀਸ਼ਤ ਤੋਂ ਘੱਟ ਕੇ 4 ਪ੍ਰਤੀਸ਼ਤ ਰਹਿ ਗਈ ਹੈ। ਉਨਾ ਕਿਹਾ ਕਿ ਹੁਣ ਟੀ.ਬੀ. ਦੇ ਮੁੰਕਮਲ ਖਾਤਮੇ ਲਈ ਵਿਸ਼ੇਸ ਉਪਰਾਲੇ ਅਤੇ ਸਖਤ ਕਦਮ ਚੁੱਕੇ ਗਏ ਹਨ, ਜਿਨਾਂ ਵਿੱਚ ਟੀ.ਬੀ. ਦੇ ਮਰੀਜ਼ਾਂ ਨੂੰ 500 ਰੁਪੈ ਮਹੀਨਾ ਵਿੱਤੀ ਸਹਾਇਤਾ ਅਤੇ ਪ੍ਰਾਇਵੇਟ ਸੈਕਟਰ ਵਿੱਚ ਵੀ ਇਲਾਜ ਅਧੀਨ ਮਰੀਜ਼ਾਂ ਦੀ ਸਿਹਤ ਵਿਭਾਗ ਨੂੰ ਸੂਚਨਾ ਦੇਣਾ ਲਾਜ਼ਮੀ ਕੀਤਾ ਗਿਆ ਹੈ। ਡਾ: ਗਿੱਲ ਨੇ ਕਿਹਾ ਕਿ ਟੀ ਬੀ ਦੇ ਮਰੀਜ਼ਾਂ ਦੇ ਇਲਾਜ ਸਮੇਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ‘ਰਿਵਾਈਸਡ ਨੈਸ਼ਨਲ ਟੀ ਬੀ ਕੰਟਰੋਲ ਪ੍ਰੋਗਰਾਮ’ ਵਿੱਚ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿਨਾਂ ਵਿੱਚ ਫਿਕਸ ਡੋਜ਼ ਕੌਮਬੀਨੇਸ਼ਨ, ਇੱਕ ਦਿਨ ਛੱਡ ਕੇ ਦਵਾਈ ਦੇਣ ਵਾਲੀ ਵਿਧੀ ਤੋਂ ਬਦਲ ਕੇ ਹਰ ਰੋਜ਼ ਦਵਾਈ ਦੇਣ ਦੀ ਸਹੂਲਤ ਅਤੇ ਟੀ. ਬੀ.ਜਾਂਚ ਕਰਨ ਦੇ ਹੋਰ ਸੂਖਮ ਤਰੀਕਿਆਂ ਦੀ ਸਹੂਲਤ ਦਾ ਵੀ ਪ੍ਰਬੰਧ ਹੈ । ਅੱਜ ਦੀ ਇਹ ਜਾਗਰੂਕਤਾ ਰੈਲੀ ਸਿਵਲ ਹਸਪਾਤਲ ਤੋਂ ਸੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਕੋਨਿਆਂ ਤੱਕ ਪਹੁੰਚੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਬੀਮਾਰੀ ਦੇ ਲੱਛਣਾਂ , ਸਮੇਂ ਸਿਰ ਜਾਂਚ ਅਤੇ ਇਲਾਜ ਸਬੰਧੀ ਜਾਣਕਾਰੀ ਦਿੰਦੀ ਹੋਈ ਮੁੜ ਸਿਵਲ ਹਸਪਤਾਲ ਵਿਖੇ ਸਮਾਪਤ ਹੋਈ।