ਮੋਗਾ ਸਮੇਤ ਚਾਰ ਜ਼ਿਲਿਆਂ ਦੇ ਨੌਜਵਾਨਾਂ ਦੀ ਫੌਜ਼ ਲਈ ਭਰਤੀ ਰੈਲੀ 4 ਅਪ੍ਰੈੱਲ ਤੋਂ-ਮੇਜਰ ਤੇਜਪਾਲ ਸਿੰਘ ਬੇਦੀ

ਮੋਗਾ 21 ਮਾਰਚ:-(ਜਸ਼ਨ)-ਜ਼ਿਲਾ ਮੋਗਾ, ਲੁਧਿਆਣਾ, ਰੂਪਨਗਰ ਅਤੇ ਅਜੀਤਗੜ (ਮੋਹਾਲੀ) ਦੇ ਨੌਜਵਾਨਾਂ ਨੂੰ ਫੌਜ਼ ਵਿੱਚ ਭਰਤੀ ਕਰਨ ਲਈ ਫੌਜ਼ ਭਰਤੀ ਦਫ਼ਤਰ, ਢੋਲੇਵਾਲ ਕੰਪਲੈਕਸ, ਲੁਧਿਆਣਾ ਵੱਲੋਂ 4 ਅਪ੍ਰੈਲ ਤੋਂ 8 ਅਪ੍ਰੈਲ, 2018 ਤੱਕ ਭਰਤੀ ਰੈਲੀ ਕੀਤੀ ਜਾ ਰਹੀ ਹੈ। ਇਸ ਭਰਤੀ ਰੈਲੀ ਵਿੱਚ ਸਿਪਾਹੀ (ਜਨਰਲ ਡਿਊਟੀ), ਸਿਪਾਹੀ (ਕਲਰਕ/ਸਟੋਰ ਕੀਪਰ ਟੈਕਨੀਕਲ), ਸਿਪਾਹੀ ਨਰਸਿੰਗ ਸਹਾਇਕ ਅਤੇ ਸਿਪਾਹੀ ਤਕਨੀਕੀ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਇਸ ਸੰਬੰਧੀ ਮੇਜਰ ਤੇਜਪਾਲ ਸਿੰਘ ਬੇਦੀ ਨੇ ਦੱਸਿਆ ਕਿ ਇਸ ਭਰਤੀ ਵਿੱਚ ਹਿੱਸਾ ਲੈਣ ਵਾਲੇ ਨੌਜਵਾਨਾਂ ਨੇ ਫੌਜ ਦੀ ਵੈੱਬਸਾਈਟ www.joinindianarmy.nic.in ’ਤੇ ਅਪਲਾਈ ਕੀਤਾ ਸੀ। ਉਨਾਂ ਦੱਸਿਆ ਕਿ 4 ਅਪ੍ਰੈਲ ਨੂੰ ਜ਼ਿਲਾ ਰੂਪਨਗਰ ਦੀਆਂ ਸਾਰੀਆਂ ਤਹਿਸੀਲਾਂ, 5 ਅਪ੍ਰੈਲ ਨੂੰ ਜ਼ਿਲਾ ਲੁਧਿਆਣਾ ਦੀਆਂ ਸਾਰੀਆਂ ਤਹਿਸੀਲਾਂ ਅਤੇ ਮਿਤੀ 6 ਅਪ੍ਰੈਲ ਨੂੰ ਜ਼ਿਲਾ ਮੋਗਾ ਅਤੇ ਅਜੀਤਗੜ (ਮੋਹਾਲੀ) ਦੀਆਂ ਸਾਰੀਆਂ ਤਹਿਸੀਲਾਂ ਦੇ ਨੌਜਵਾਨਾਂ ਦੀ ਭਰਤੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਅਪਲਾਈ ਕਰਨ ਵਾਲੇ ਨੌਜਵਾਨ ਆਪਣੇ ਦਾਖ਼ਲਾ ਕਾਰਡ ਵੈੱਬਸਾਈਟ www.joinindianarmy.nic.in ਤੋਂ ਡਾਊਨਲੋਡ ਕਰ ਸਕਦੇ ਹਨ ਅਤੇ ਸਬੰਧਤ ਮਿਤੀ ਨੂੰ ਸਵੇਰੇ 3.00 ਵਜੇ ਪਹੁੰਚਣਾ ਯਕੀਨੀ ਬਣਾਉਣ। ਸਫ਼ਲ ਉਮੀਦਵਾਰਾਂ ਦੀ ਸਾਂਝੀ ਪ੍ਰਵੇਸ਼ ਪ੍ਰੀਖਿਆ ਦੀ ਮਿਤੀ ਬਾਅਦ ਵਿੱਚ ਸੂਚਿਤ ਕੀਤੀ ਜਾਵੇਗੀ।


