ਸਰਹੱਦ ‘ਤੇ ਆਪਣੀ ਜਾਨ ਦੀ ਬਾਜ਼ੀ ਲਾਉਣ ਵਾਲੇ ਬਹਾਦਰ ਫੌਜੀ ਨੂੰ ਕੀਤਾ ਗਿਆ ਸਨਮਾਨਿਤ

ਸਮਾਲਸਰ, 20 ਮਾਰਚ (ਗਗਨਦੀਪ)- ਗੁਆਂਢੀ ਪਿੰਡ ਲੰਡੇ ਦਾ ਜੰਮਪਲ ਬਹਾਦਰ ਨੌਜਵਾਨ ਗੁਰਚਰਨ ਸਿੰਘ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ, ਸਿੱਖ ਯੂਨਿਟ ਦੋ ਦਾ ਸਿਪਾਹੀ ਹੈ। ਜਿਸ ਨੇ ਜੰਮੂ ਦੇ ਕੇਰੀ ਸੈਕਟਰ ਵਿੱਚ ਸਰਹੱਦ ‘ਤੇ ਤਾਇਨਾਤੀ ਦੌਰਾਨ ਦੁਸ਼ਮਣ ਫੌਜ ਦੇ ਹਮਲੇ ਦਾ ਬਹਾਦਰੀ ਨਾਲ ਜਵਾਬ ਦਿੱਤਾ ਅਤੇ ਆਪਣੇ ਦੇਸ਼ ਅੰਦਰ ਵੜਣ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀਆਂ ਨੂੰ ਸਾਥੀ ਜਵਾਨਾਂ ਨਾਲ ਮਿਲ ਕੇ ਮਾਰ ਮੁਕਾਇਆ ਸੀ। ਇਸ ਮੁਕਾਬਲੇ ਵਿੱਚ ਦੁਸ਼ਮਣ ਦੀ ਬੰਦੂਕ ਵਿੱਚੋਂ ਨਿਕਲੀ ਇੱਕ ਗੋਲੀ ਗੁਰਚਰਨ ਸਿੰਘ ਦੇ ਦਿਲ ਦੇ ਕਰੀਬ ਤੋਂ ਹਿੱਕ ਵਿੱਚ ਦੀ ਪਾਰ ਕਰ ਗਈ ਤਾਂ ਵੀ ਭਾਰਤੀ ਜਵਾਨਾਂ ਨੇ ਹੌਂਸਲਾ ਨਹੀਂ ਛੱਡਿਆ ਅਤੇ ਦੁਸ਼ਮਣ ਦੇ ਦੰਦ ਖੱਟੇ ਕਰਕੇ ਮੈਦਾਨ ਸਾਹ ਲਿਆ। ਗੁਰਚਰਨ ਸਿੰਘ ਦਾ ਇਲਾਜ ਆਰਮੀ ਹਸਪਤਾਲ ਵਿੱਚੋਂ ਚੱਲ ਰਿਹਾ ਹੈ ਅਤੇ ਹਜੇ ਉਸ ਨੂੰ ਠੀਕ ਹੋਣ ਵਿੱਚ ਸਮਾਂ ਲੱਗ ਸਕਦਾ ਹੈ। ਇਸ ਮੌਕੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਡਾਕਟਰ ਰਾਜਦੁਲਾਰ ਸਿੰਘ ਸੇਖਾ ਕਲਾਂ ਨੇ ਕਿਹਾ ਕਿ ਅਸੀਂ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਇੱਕ ਦਿਨ ਗਲੇ ਵਿੱਚ ਹਾਰ ਪਾਉਣ ਨਾਲ ਸਾਡੀ ਜਿੰਮੇਵਾਰੀ ਪੂਰੀ ਨਹੀਂ ਹੋ ਜਾਂਦੀ। ਅੱਜ ਲੋੜ ਹੈ ਜਿਹੜੇ ਨੌਜਵਾਨ ਘਰਾਂ ਤੋਂ ਸੈਂਕੜੇ ਮੀਲ ਦੂਰ ਦੇਸ਼ ਦੀ ਡਿਊਟੀ ਕਰ ਰਹੇ ਹਨ ਅਸੀਂ ਉਹਨਾਂ ਦੇ ਪਰਿਵਾਰਾਂ ਦੀ ਬਣਦੀ ਮਦਦ ਕਰੀਏ। ਕਈ ਵਾਰ ਦੇਖਿਆ ਜਾਂਦਾ ਹੈ ਕਿ ਘਰ ਦਾ ਇੱਕਲਾ ਮੁੰਡਾ ਬਾਰਡਰ ‘ਤੇ ਤਾਇਨਾਤ ਹੁੰਦਾ ਹੈ ਤੇ ਉਹਦਾ ਬਜੁਰਗ ਬਾਪ ਗੈਸ ਸਲੰਡਰ ਵਾਲੀ ਲਾਈਨ ਵਿੱਚ ਸਾਰੀ ਦੁਪਹਿਰ ਖੜਾ ਰਹਿੰਦਾ ਹੈ। ਅਜਿਹੇ ਕੰਮਾਂ ਵਿੱਚ ਨੌਜਵਾਨਾਂ ਦੇ ਸਮਾਜ ਸੇਵੀ ਕਲੱਬ ਅੱਗੇ ਆਉਣ, ਪਿੰਡਾਂ ਦੀਆਂ ਪੰਚਾਇਤਾਂ ਨੂੰ ਜੁੰਮੇਵਾਰੀ ਲੈਣੀ ਚਾਹੀਦੀ ਹੈ। ਖੇਡ ਮੇਲੇ, ਟੂਰਨਾਮੈਂਟ ਮੌਕੇ ਅਜਿਹੇ ਬਹਾਦਰ ਨੌਜਵਾਨਾਂ ਦਾ ਸਨਮਾਣ ਹੋਣਾ ਚਾਹੀਦਾ ਹੈ ਤਾਂ ਜੋ ਨਸ਼ਿਆਂ ਆਦਿ ਗਲਤ ਕੰਮਾਂ ਦੀ ਦਲਦਲ ਵਿੱਚ ਫਸਦੇ ਜਾ ਨੌਜਵਾਨਾਂ ਨੂੰ ਪ੍ਰੇਰਣਾ ਮਿਲ ਸਕੇ। ਉਹਨਾਂ ਅੱਗੇ ਬੇਨਤੀ ਕਰਦਿਆਂ ਕਿਹਾ ਕਿ ਆਪਣੇ ਇਲਾਕੇ ਅੰਦਰ ਭਾਰਤੀ ਫੌਜ ਵਿੱਚ ਡਿਊਟੀ ਨਿਭਾਅ ਜਵਾਨਾਂ ਦੇ ਪਰਿਵਾਰ ਕਿਸੇ ਵੀ ਕਿਸਮ ਦੀ ਸਹਾਇਤਾ ਲਈ ਨਿੱਜੀ ਤੌਰ ‘ਤੇ ਆ ਕੇ ਕਲੀਨਿਕ ਵਿੱਚ ਮਿਲ ਸਕਦੇ ਹਨ। ਡਾਕਟਰ ਰਾਜਦੁਲਾਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਭਾਰਤੀ ਫੌਜ ਵਿੱਚ ਸੇਵਾ ਨਿਭਾਅ ਰਹੇ ਕਿਸੇ ਵੀ ਜਵਾਨ ਦੇ ਪਰਿਵਾਰ ਨੂੰ ਨਿਰਾਸ਼ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਜਵਾਨ ਗੁਰਚਰਨ ਸਿੰਘ ਅਤੇ ਉਸਦੇ ਪਿਤਾ ਹਰਨੇਕ ਸਿੰਘ ਜੈਦ ਨੂੰ ਡਾਕਟਰ ਰਾਜਦੁਲਾਰ ਸਿੰਘ. ਗੁਰਮੀਤ ਸਿੰਘ ਲੰਡੇ, ਗੁਰਤੇਜ ਸਿੰਘ ਮਾੜੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ