ਐੱਮ ਬੀ ਬੀ ਐੱਸ ਡਾਕਟਰਾਂ ਨੂੰ ਪੂਰੀ ਤਨਖਾਹ ਦੇਣ ਦਾ ਫੈਸਲਾ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਦਾ ਵਚਨ ਪੂਰਾ ਕੀਤਾ- ਕਰਨਲ ਬਾਬੂ ਸਿੰਘ

ਮੋਗਾ, 19 ਮਾਰਚ (ਜਸ਼ਨ)-ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਪੰਜਾਬ ਵਿਚ ਭਰਤੀ ਹੋਣ ਵਾਲੇ ਨਵੇਂ ਐੱਮ ਬੀ ਬੀ ਐੱਸ ਡਾਕਟਰਾਂ ਨੂੰ ਪੂਰੀ ਤਨਖਾਹ ਦੇਣ ਦੇ ਮੰਤਰੀ ਮੰਡਲ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਸੂਬੇ ’ਚ ਯੋਗ ਅਤੇ ਪ੍ਰਭਾਵਸ਼ਾਲੀ ਮੈਡੀਕਲ ਸਟਾਫ਼ ਦੀ ਘਾਟ ਪੂਰੀ ਕਰਨ ਅਤੇ ਡਾਕਟਰਾਂ ਨੂੰ ਭਰਤੀ ਦੇ ਦਿਨ ਤੋਂ ਹੀ ਪੂਰੀ ਤਨਖਾਹ ਮਿਲਣ ਦੇ ਐਲਾਨ ਨਾਲ ਸੂਬੇ ਵਿਚ ਆਮ ਲੋਕਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਲਈ ਕਾਂਗਰਸ ਸਰਕਾਰ ਨੇ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ ਵਾਅਦਾ ਪੂਰਾ ਕੀਤਾ ਹੈ। ਕਰਨਲ ਬਾਬੂ ਸਿੰਘ ਨੇ ਆਖਿਆ ਕਿ ਪਿਛਲੇ ਸਮੇਂ ਦੌਰਾਨ ਡਾਕਟਰਾਂ ਦੀ ਭਰਤੀ ਸਮੇਂ ਉਹਨਾਂ ਨੂੰ ਉੱਕੀ ਪੁੱਕੀ ਮਹਿਜ਼ 15 ਹਜ਼ਾਰ ਰੁਪਏ ਤਨਖਾਹ ਹੀ ਦਿੱਤੀ ਜਾ ਰਹੀ ਸੀ ਜਿਸ ਕਾਰਨ ਪੰਜਾਬ ਵਿਚ ਡਾਕਟਰਾਂ ਦੀ ਭਰਤੀ ਸਮੇਂ ਕਿਸੇ ਵੀ ਡਾਕਟਰ ਦਾ ਸਰਕਾਰੀ ਨੌਕਰੀ ਲਈ ਅਪਲਾਈ ਹੀ ਨਾ ਕਰਨਾ ਚਿੰਤਾ ਦਾ ਵਿਸ਼ਾ ਮੰਨਿਆ ਜਾ ਰਿਹਾ ਸੀ । ਕਰਨਲ ਬਾਬੂ ਸਿੰਘ ਨੇ ਕਿਹਾ ਕਿ ਡਾਕਟਰੀ ’ਚ ਦਾਖਲੇ ਲਈ ਪਹਿਲਾਂ ਵਿਦਿਆਰਥੀਆਂ ਵੱਲੋਂ ਸਖਤ ਪ੍ਰੀਖਿਆ ਪਾਸ ਕਰਨੀ ਤੇ ਫੇਰ ਲੰਬਾ ਸਮਾਂ ਇਸ ਕਿੱਤੇ ਵਿਚ ਪਰਪੱਕ ਹੋਣ ਲਈ ਪੜਾਈ ਕਰਨ ਦੇ ਬਾਅਦ ਨਿਗੂਣੀ ਤਨਖਾਹ ’ਤੇ ਕੰਮ ਕਰਨ ਕਾਰਨ ਡਾਕਟਰੀ ਪੇਸ਼ੇ ਨਾਲ ਜੁੜੇ ਨੌਜਵਾਨ ਭਾਰੀ ਨਿਰਾਸ਼ਤਾ ਦੇ ਆਲਮ ਵਿਚ ਸਨ । ਕਰਨਲ ਬਾਬੂ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਇਕ ਸਾਲ ਵਿਚ ਇਤਿਹਾਸਕ ਫੈਸਲੇ ਲਏ ਜਾ ਰਹੇ ਹਨ ਜੋ ਕਿ ਸੂਬੇ ਦੇ ਲੋਕਾਂ ਲਈ ਸ਼ੁੱਭ ਸੰਕੇਤ ਹਨ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ