ਮੰਤਰੀ ਮੰਡਲ ਵੱਲੋਂ ਐਮ.ਬੀ.ਬੀ.ਐਸ. ਡਾਕਟਰਾਂ ਨੂੰ ਪਰਖਕਾਲ ਦੇ ਸਮੇਂ ਦੌਰਾਨ ਪੂਰੀ ਤਨਖ਼ਾਹ ਦੇਣ ਲਈ ਰਾਹ ਪੱਧਰਾ

ਚੰਡੀਗੜ੍ਹ 19 ਮਾਰਚ,(ਜਸ਼ਨ): ਡਾਕਟਰੀ ਸਟਾਫ ਦੀ ਕਮੀ ਨਾਲ ਨਿਪਟਣ ਅਤੇ ਹੁਨਰ ਨੂੰ ਆਪਣੇ ਕੋਲ ਬਣਾਈ ਰੱਖਣ ਦੀ ਕੋਸ਼ਿਸ਼ ਵਜੋਂ ਪੰਜਾਬ ਮੰਤਰੀ ਮੰਡਲ ਨੇ ਐਮ.ਬੀ.ਬੀ.ਐਸ. ਡਾਕਟਰਾਂ ਨੂੰ ਹੁਣ ਪਰਖਕਾਲ ਦੇ ਸਮੇਂ ਦੌਰਾਨ ਸਾਰੇ ਭੱਤਿਆਂ ਸਣੇ ਪੂਰੀ ਤਨਖ਼ਾਹ ਦੇਣ ਦਾ ਫੈਸਲਾ ਕੀਤਾ ਹੈ।
        ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਸਿਹਤ ਅਤੇ ਪਰਿਵਾਰ ਭਲਾਈ ’ਚ ਨਵ-ਨਿਯੁਕਤ ਮੈਡੀਕਲ ਅਫਸਰਾਂ ਨੂੰ ‘‘ਸਿਰਫ਼ ਮੁਢਲੀ ਤਨਖ਼ਾਹ’’ ਦੇਣ ਦੀ ਸ਼ਰਤ ਹਟਾਉਣ ਦਾ ਫੈਸਲਾ ਕੀਤਾ ਹੈ।
        ਮੀਟਿੰਗ ਤੋਂ ਬਾਅਦ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਪੰਜਾਬ ਸਿਵਲ ਸਰਵਿਸਜ਼ (ਜੁਡੀਸ਼ਿਅਲ ਬਰਾਂਚ), ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਸਿਸਟੈਂਟ ਟੀਚਰਾਂ/ਸਾਇੰਟਿਸਟਾਂ ਸਣੇ ਵੱਖ-ਵੱਖ ਹੋਰ ਸ਼੍ਰੇਣੀਆਂ ਵਿਚ ਪਹਿਲਾਂ ਹੀ ਅਪਣਾਏ ਜਾ ਰਹੇ ਅਮਲ ਦੀ ਤਰਜ਼ ਉੱਤੇ ਕੀਤਾ ਗਿਆ ਹੈ।
        ਵਿੱਤ ਵਿਭਾਗ ਵੱਲੋਂ 15 ਜਨਵਰੀ 2015 ਨੂੰ ਜਾਰੀ ਕੀਤੇ ਇੱਕ ਨੋਟੀਫਿਕੇਸ਼ਨ ਦੇ ਅਨੁਸਾਰ ਉਪਰੋਕਤ ਸ਼੍ਰੇਣੀਆਂ ਤੋਂ ਇਲਾਵਾ ਐਮ.ਬੀ.ਬੀ.ਐਸ. ਡਾਕਟਰਾਂ ਸਣੇ ਪੰਜਾਬ ਸਰਕਾਰ ਵਿਚ ਨਿਯੁਕਤ ਸਾਰੇ ਨਵੇਂ ਮੁਲਾਜ਼ਮਾਂ/ਅਫਸਰਾਂ ਨੂੰ ਪਰਖਕਾਲ ਦੇ ਸਮੇਂ ਦੌਰਾਨ ਸਿਰਫ ਮੁਢਲੀ ਤਨਖ਼ਾਹ ਦਿੱਤੀ ਜਾਂਦੀ ਹੈ।
        ਮੈਡੀਕਲ ਅਫਸਰਾਂ (ਐਮ.ਬੀ.ਬੀ.ਐਸ.) ਦੇ ਨਾਲ ਭਰਤੀ ਹੋਏ ਸਪੈਸ਼ਲਿਸਟ ਡਾਕਟਰਾਂ, ਮੈਡੀਕਲ ਅਫਸਰਾਂ (ਸਪੈਸ਼ਲਿਸਟਾਂ) ਨੂੰ ਦਿੱਤੀ ਗਈ ਢਿੱਲ ਦੇ ਆਧਾਰ ’ਤੇ ਉਹ ਸਾਰੇ ਭੱਤਿਆਂ ਸਮੇਤ ਪੂਰੀ ਤਨਖ਼ਾਹ ਲੈ ਰਹੇ ਹਨ ਜਦਕਿ ਐਮ.ਬੀ.ਬੀ.ਐਸ. ਡਾਕਟਰ ਮੁਢਲੀ ਤਨਖ਼ਾਹ ਦੇ 25 ਫੀਸਦੀ ਐਨ.ਪੀ.ਏ. ਸਣੇ ਮੁਢਲੀ ਤਨਖ਼ਾਹ ਪ੍ਰਾਪਤ ਕਰ ਰਹੇ ਹਨ। ਇਸ ਦੇ ਕਾਰਨ ਐਮ.ਬੀ.ਬੀ.ਐਸ. ਡਾਕਟਰ ਸਰਕਾਰੀ ਹਸਪਤਾਲ ਵਿਚ ਬਣੇ ਰਹਿਣ ਜਾਂ ਜੁਆਇਨ ਕਰਨ ਤੋਂ ਹਿਚਕਚਾਉਂਦੇ ਹਨ।
        ਮੰਤਰੀ ਮੰਡਲ ਦਾ ਇਹ ਫੈਸਲਾ ਐਮ.ਬੀ.ਬੀ.ਐਸ. ਡਾਕਟਰਾਂ ਨੂੰ 15600-39100+5400 ਗ੍ਰੇਡ ਪੇਅ ਦੇ ਨਾਲ ਪੂਰੀ ਤਨਖ਼ਾਹ ਪ੍ਰਾਪਤ ਕਰਨ ਲਈ ਸੁਵਿਧਾ ਪ੍ਰਦਾਨ ਕਰੇਗਾ। ਪੰਜਾਬ ਲੋਕ ਸੇਵਾ ਕਮਿਸ਼ਨ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿਚ ਮੈਡੀਕਲ ਅਫਸਰਾਂ (ਜਨਰਲ) ਦੀਆਂ 306 ਅਸਾਮੀਆਂ ਦੀ ਭਰਤੀ ਲਈ 21 ਫਰਵਰੀ 2018 ਨੂੰ ਇਸ਼ਤਿਹਾਰ ਦਿੱਤਾ ਹੈ ਤਾਂ ਜੋ ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿਚ ਡਾਕਟਰਾਂ ਦੀ ਕਮੀ ਨਾਲ ਨਿਪਟਿਆ ਜਾ ਸਕੇ।
        ਗ਼ੌਰਤਲਬ ਹੈ ਕਿ ਮੈਡੀਕਲ ਅਫਸਰ ਆਮ ਲੋਕਾਂ ਨੂੰ ਸੇਵਾਵਾਂ ਦੇਣ ਤੋਂ ਇਲਾਵਾ ਵੀ.ਵੀ.ਆਈ.ਪੀ. ਡਿਊਟੀ, ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੇ ਸਿਹਤ ਪ੍ਰੋਗਰਾਮਾਂ ਤੋਂ ਇਲਾਵਾ ਮੈਡੀਕੋ-ਲੀਗਲ, ਪੋਸਟ ਮੋਰਟਮ, ਐਮਰਜੈਂਸੀ ਡਿਊਟੀਆਂ ਅਤੇ ਓ.ਪੀ.ਡੀ. ਡਿਊਟੀਆਂ ਦਿੰਦੇ ਹਨ। ਡਾਕਟਰਾਂ ਦੀ ਕਮੀ ਦੇ ਕਾਰਨ ਵਿਭਾਗ ਆਮ ਲੋਕਾਂ ਨੂੰ 24 ਘੰਟੇ ਸੱਤੇ ਦਿਨ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ।
        ਇਸ ਕਮੀ ਦੇ ਬਾਰੇ ਪੰਜਾਬ ਵਿਧਾਨ ਸਭਾ ਐਸ਼ੋਰੈਂਸ ਕਮੇਟੀ ਨੇ ਵੀ ਗੰਭੀਰ ਨੋਟਿਸ ਲਿਆ ਹੈ ਅਤੇ ਸਰਕਾਰ ਨੂੰ ਜਲਦੀ ਤੋਂ ਜਲਦੀ ਖਾਲੀ ਅਸਾਮੀਆਂ ਭਰਨ ਲਈ ਕਿਹਾ ਹੈ। ਇਸ ਰੌਸ਼ਨੀ ਵਿਚ ਨਵ-ਨਿਯੁਕਤ ਐਮ.ਬੀ.ਬੀ.ਐਸ. ਡਾਕਟਰਾਂ ਨੂੰ ਪੂਰੀ ਤਨਖ਼ਾਹ ਦੇ ਭੁਗਤਾਨ ਦਾ ਪ੍ਰਸਤਾਵ ਕੀਤਾ ਗਿਆ।
        ਇਕ ਹੋਰ ਫੈਸਲਾ ਲੈਂਦੇ ਹੋਏ ਮੰਤਰੀ ਮੰਡਲ ਨੇ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ, ਤਕਨੀਕੀ (ਗਰੁੱਪ-ਬੀ) ਸੇਵਾ ਨਿਯਮ 2018 ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਖਾਲੀ ਅਸਾਮੀਆਂ ਉੱਤੇ ਤਕਨੀਕੀ ਗਰੁੱਪ-ਬੀ ਦੀਆਂ ਵੱਖ-ਵੱਖ ਅਸਾਮੀਆਂ ਨੂੰ ਭਰਿਆ ਅਤੇ ਪੱਦ ਉਨਤ ਕੀਤਾ ਜਾ ਸਕੇ। ਇਹ ਨਿਯਮ ਸਿਹਤ ਅਤੇ ਪਰਿਵਾਰ ਭਲਾਈ ਦੇ  ਪੈਰਾਮੈਡੀਕਲ ਅਤੇ ਤਕਨੀਕੀ ਸਟਾਫ ਲਈ ਪਦਉਨਤੀ ਦੇ ਹੋਰ ਰਾਹ ਖੋਲ੍ਹੇਗਾ। ਇਸ ਦੇ ਨਾਲ ਲੰਬਿਤ ਪਏ ਸੇਵਾ ਮਾਮਲਿਆਂ ਦੇ ਬਿਨਾਂ ਅੜਚਨ ਅਤੇ ਕੁਸ਼ਲਤਾਪੂਰਨ ਨਿਪਟਾਰੇ ਵਿਚ ਵੀ ਮਦਦ ਮਿਲੇਗੀ। ਇਸ ਤੋਂ ਇਲਾਵਾ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣਗੀਆਂ।   
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ