23 ਮਾਰਚ ਨੂੰ ਦਿੱਲੀ ਵਿੱਚ ਡਰਾਈਵਰਾਂ ਦੇ ਹੱਕਾਂ ਲਈ ਸੰਘਰਸ਼ ਵਿੱਚ ਸ਼ਾਮਿਲ ਹੋਣ ਦਾ ਸੱਦਾ

ਸਮਾਲਸਰ, 16 ਮਾਰਚ (ਗਗਨਦੀਪ)- ਯੂਨਾਈਟਡ ਡਰਾਈਵਰ ਯੂਨੀਅਨ ਪੰਜਾਬ ਜਿਲਾ ਮੋਗਾ ਦੇ ਪ੍ਰਧਾਨ ਕੁਲਦੀਪ ਸਿੰਘ ਕੀਪਾ ਵੈਰੋਕੇ ਤੇ ਮੁੱਖ ਸਲਾਹਕਾਰ ਕੁਲਵੰਤ ਸਿੰਘ ਬਿੱਟੂ ਰੋਡੇ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ 23 ਮਾਰਚ ਨੂੰ ਦਿੱਲੀ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਵਾਲੇ ਦਿਨ ਪੰਜਾਬ ਭਰ ਦੇ ਡਰਾਈਵਰ ਵੀਰਾਂ ਹੱਕਾਂ ਵਾਸਤੇ ਸੰਘਰਸ਼ ਸ਼ੁਰੂ ਕਰ ਰਹੇ ਹਾਂ ਇਸ ਲਈ ਸਭ ਨੂੰ ਬੇਨਤੀ ਹੈ ਕਿ ਸਾਰੇ ਡਰਾਈਵਰ ਵੀਰ ਇਸ ਸੰਘਰਸ਼ ਵਿੱਚ ਸਾਥ ਦਿਉ ਤਾਂ ਜੋ ਨੀਂਦ ਵਿੱਚ ਸੁੱਤੀਆਂ ਸਰਕਾਰਾਂ ਦੇ ਕੰਨਾਂ ਤੱਕ ਆਪਣੀਆਂ ਮੁਸ਼ਕਿਲਾਂ ਦੀ ਆਵਾਜ ਸੁਣਾਈ ਜਾ ਸਕੇ। ਦਿਨ ਰਾਤ ਸਫਰ ਵਿੱਚ ਰਹਿਣ ਵਾਲਾ ਡਰਾਈਵਰ ਆਪਣਾ ਘਰ ਪਰਿਵਾਰ ਚਲਾਉਣ ਤੋਂ ਅਸਮਰੱਥ ਹੈ। ਇਸ ਸੰਘਰਸ਼ ਵਿੱਚ ਹਿੱਸਾ ਲੈਣ ਵਾਸਤੇ 22 ਮਾਰਚ ਦੀ ਸ਼ਾਮ ਨੂੰ ਜਿਲਾ ਮੋਗਾ ਦੇ ਮੁੱਖ ਦਫਤਰ ਗੁੱਡਵਿਲ ਟੂਰ ਐਂਡ ਟਰੈਵਲ ਮੁੱਦਕੀ ਰੋਡ ਬਾਘਾਪੁਰਾਣਾ ਤੋਂ ਪ੍ਰਧਾਨ ਕੁਲਦੀਪ ਸਿੰਘ ਕੀਪਾ, ਮੁੱਖ ਸਲਾਹਕਾਰ ਕੁਲਵੰਤ ਸਿੰਘ ਬਿੱਟੂ ਰੋਡੇ ਦੀ ਅਗਵਾਈ ਵਿੱਚ ਦਿੱਲੀ ਪਹੁੰਚਣ ਵਾਸਤੇ ਕਾਫਿਲੇ ਦੇ ਰੂਪ ਵਿੱਚ ਗੱਡੀਆਂ ਰਵਾਨਾ ਹੋਣਗੀਆਂ। ਦਿੱਲੀ ਵਿੱਚ ਸੰਘਰਸ਼ ਦੀ ਅਗਵਾਈ ਬਲਵੰਤ ਸਿੰਘ ਭੁੱਲਰ, ਗੁਰਮੀਤ ਸਿੰਘ ਔਲਖ ਕਰਨਗੇ। ਇਸ ਲਈ ਇਲਾਕੇ ਦੇ ਸਮੂਹ ਡਰਾਈਵਰ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵਹੀਰਾਂ ਘੱਤ ਕੇ ਸਮੇਂਂ ਸਿਰ ਬਾਘਾਪੁਰਾਣਾ ਪਹੁੰਚੋ ਤਾਂ ਕਿ ਦਿੱਲੀ ਵਾਸਤੇ ਵਿਸ਼ਾਲ ਜੱਥਾ ਰਵਾਨਾ ਹੋ ਸਕੇ। ਇਸ ਮੌਕੇ ਸੁਖ ਬਰਾੜ ਐਕਸ਼ਨ ਕਮੇਟੀ ਮੈਂਬਰ, ਚਮਕੌਰ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਮਾਨ ਰਾਜੇਆਣਾ, ਮਹਿੰਦਰਪਾਲ ਬੁੱਧ ਸਿੰਘ ਵਾਲਾ ਵੀ ਹਾਜ਼ਰ ਸਨ।