ਕੇਜਰੀਵਾਲ ਦੀ ਮੁਆਫੀ ਨਾਲ ਮਜੀਠੀਆ ਦੋਸ਼ ਮੁਕਤ ਨਹੀਂ ਹੋ ਜਾਂਦਾ- ਸ: ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ, 16 ਮਾਰਚ(ਪੱਤਰ ਪਰੇਰਕ)-ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਬਿਨਾਂ ਸ਼ਰਤ ਮੰਗੀ ਮੁਆਫੀ ’ਤੇ ਤੰਜ ਕੱਸਦਿਆਂ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਜਰੀਵਾਲ ਨੂੰ ਇੰਨੀ ਕਿਹੜੀ ਕਾਹਲੀ ਸੀ ਕਿ ਉਨਾਂ ਇੰਨੀ ਕਾਹਲ ਵਿੱਚ ਸ਼ਰਮਨਾਕ ਢੰਗ ਨਾਲ ਹਾਰ ਮੰਨ ਲਈ ਜਦੋਂਕਿ ਅਦਾਲਤ ਨੇ ਇਸ ਮਾਮਲੇ ਵਿੱਚ ਅਜੇ ਫੈਸਲਾ ਸੁਨਾਉਣਾ ਹੈ ਅਤੇ ਮਾਮਲਿਆਂ ਦੀ ਜਾਂਚ ਅਜੇ ਚੱਲ ਰਹੀ ਹੈ। ਇਸੇ ਦੌਰਾਨ ਸ. ਰੰਧਾਵਾ ਨੇ ਮਜੀਠੀਆ ਵਿਰੁੱਧ ਉਨਾਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਕੇਜਰੀਵਾਲ ਦੀ ਮੁਆਫੀ ਮਜੀਠੀਆ ਨੂੰ ਪੰਜਾਬ ਵਿੱਚ ਨਸ਼ੇ ਦੀ ਤਸਕਰੀ ਅਤੇ ਪ੍ਰਸਾਰ ਲਈ ਅਪਰਾਧ ਤੋਂ ਮੁਕਤ ਨਹੀਂ ਕਰ ਸਕਦੀ ਅਤੇ ਉਹ ਪਹਿਲਾਂ ਹੀ ਲੋਕਾਂ ਦੀ ਅਦਾਲਤ ਵਿੱਚ ਦੋਸ਼ੀ ਠਹਿਰਾਏ ਗਏ ਹਨ। ਕੇਜਰੀਵਾਲ ਵੱਲੋਂ ਮਜੀਠੀਆ ਨੂੰ ਦਿੱਤੀ ਮੁਆਫੀ ’ਤੇ ਪ੍ਰਤੀਿਆ ਜਾਹਿਰ ਕਰਦੇ ਹੋਏ ਸ. ਰੰਧਾਵਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਮੁਆਫੀ ਮੰਗਣ ਤੋਂ ਪਹਿਲਾਂ ਘੱਟੋ-ਘੱਟ ਇਸ ਮਾਮਲੇ ਵਿੱਚ ਚੱਲ ਰਹੀ ਪੁੱਛਗਿਛ ਦੇ ਪੂਰਾ ਹੋਣ ਦੀ ਉਡੀਕ ਕਰਨੀ ਚਾਹੀਦੀ ਹੈ। ਇਸ ਗੱਲ ’ਤੇ ਜੋਰ ਦਿੰਦਿਆਂ ਕਿ ਆਮ ਆਦਮੀ ਪਾਰਟੀ ਅਤੇ ਅਕਾਲੀਆਂ ਦਰਮਿਆਨ ਅੰਦਰਖਾਤੇ ਗਠਜੋੜ ਸੀ, ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਨੇ ਕਿਹਾ ਕਿ ਇਹ ਮੁਆਫੀ ਜਾਣਬੁੱਝ ਕੇ ਠੀਕ ਉਸੇ ਦਿਨ ਮੰਗੀ ਗਈ ਜਦੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਠਿਤ ਕੀਤੀ ਗਈ ਵਿਸ਼ੇਸ਼ ਟਾਸਕ ਫੋਰਸ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਇਹ ਕਹਿੰਦਿਆਂ ਆਪਣੀ ਰਿਪੋਰਟ ਪੇਸ਼ ਕੀਤੀ ਕਿ ਅਜਿਹੇ ਸਬੂਤ ਹਨ ਜਿੰਨਾਂ ਦੇ ਆਧਾਰ ’ਤੇ ਮਜੀਠੀਆ ਤੋਂ ਪੁੱਛਗਿਛ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਇਹ ਸੱਭ ਕੁਝ ਐਸ.ਆਈ.ਟੀ ਦੀ ਰਿਪੋਰਟ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੀਤਾ ਗਿਆ ਹੈ। ਉਨਾਂ ਅੱਗੇ ਕਿਹਾ ਕਿ ਇਹ ਕੋਈ ਸੰਯੋਗ ਦੀ ਗੱਲ ਨਹੀਂ ਹੋ ਸਕਦੀ ਕਿ ਕੇਜਰੀਵਾਲ ਨੇ ਉਸੇ ਦਿਨ ਮੁਆਫੀ ਮੰਗੀ ਹੈ ਜਿਸ ਦਿਨ ਐਸਟੀਐਫ ਨੇ ਇਕ ਸਾਲ ਦੀ ਸਖਤ ਮਿਹਨਤ ਤੋਂ ਬਾਅਦ ਆਪਣੀ ਰਿਪੋਰਟ ਅਦਾਲਤ ਵਿਚ ਜਮਾਂ ਕਰਵਾਈ। ਉਨਾਂ ਟਿੱਪਣੀ ਕੀਤੀ ਕਿ ਮਜੀਠੀਆ ਨੂੰ ਕੇਜਰੀਵਾਲ ਵੱਲੋਂ ਇਸ ਤੋਂ ਵਧੀਆ ਤਰੀਕਾ ਆਪਣੇ ਬਚਾਅ ਲਈ ਨਹੀਂ ਮਿਲ ਸਕਦਾ ਸੀ। ਉਨਾਂ ਆਪਣੀ ਪਾਰਟੀ ਅਤੇ ਸਰਕਾਰ ਦੀ ਵਚਨਬੱਧਤਾ ਬਾਰੇ ਦੋਹਰਾਉਂਦਿਆਂ ਕਿਹਾ ਕਿ ਨਸ਼ਿਆਂ ਖਿਲਾਫ ਛੇੜੀ ਜੰਗ ਆਪਣੇ ਨਤੀਜੇ ’ਤੇ ਲਿਆ ਕੇ ਸਾਹ ਲਿਆ ਜਾਵੇਗਾ। ਰੰਧਾਵਾ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਉਸ ਵਾਅਦੇ ’ਤੇ ਅਡੋਲ ਖੜੇ ਹਨ ਕਿ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਿਆ ਜਾਵੇਗਾ ਜਦਕਿ ਆਪ ਵਰਗੀਆਂ ਪਾਰਟੀਆਂ ਅਤੇ ਉਸ ਦੇ ਆਗੂਆਂ ਦਾ ਇਸ ਮੁੱਦੇ ’ਤੇ ਅਸਲੀ ਚਿਹਰਾ ਸਾਹਮਣੇ ਆ ਚੁੱਕਾ ਹੈ। ਉਨਾ ਕਿਹਾ ਕਿ ਕੇਜਰੀਵਾਲ ਵੱਲੋਂ ਮੁਆਫੀ ਮੰਗ ਲਏ ਜਾਣ ਨਾਲ ਅੰਤਿਮ ਨਤੀਜੇ ਬਦਲ ਨਹੀਂ ਜਾਣਗੇ ਅਤੇ ਨਸ਼ਿਆਂ ਦਾ ਖਾਤਮਾ ਹੋ ਕੇ ਰਹੇਗਾ ਪਰ ਕੇਜਰੀਵਾਲ ਦੇ ਇਸ ਕਾਰੇ ਨਾਲ ਆਮ ਆਦਮੀ ਪਾਰਟੀ ਦਾ ਦੋਹਰਾ ਚਿਹਰਾ ਸਾਹਮਣੇ ਆ ਗਿਆ ਹੈ। ਇਸ ਨਾਲ ਇਹ ਗੱਲ ਵੀ ਸਪੱਸ਼ਟ ਹੋ ਗਈ ਹੈ ਕਿ ਅਕਾਲੀਆਂ ਅਤੇ ਆਪ ਦਾ ਬਿਨਾਂ ਸ਼ੱਕ ਆਪਸੀ ਗੱਠਜੋੜ ਹੈ। ਮਜੀਠੀਆ ਖਿਲਾਫ ਆਪਣੇ ਦੋਸ਼ ਦੋਹਰਾਉਂਦਿਆਂ ਰੰਧਾਵਾ ਨੇ ਕਿਹਾ ਕਿ, “ਮੈਂ ਇਕ ਕਾਂਗਰਸੀ ਵਿਧਾਇਕ ਹਾਂ ਅਤੇ ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਮਜੀਠੀਆ ਨਸ਼ਿਆਂ ਦੇ ਧੰਦੇ ਵਿਚ ਸ਼ਾਮਲ ਹੈ। ਮੈਂ ਹੀ 2015 ਵਿਚ ਇਸ ਮਾਮਲੇ ਨੂੰ ਸਾਹਮਣੇ ਲਿਆਂਦਾ ਸੀ ਅਤੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਸੇ ਮੁੱਦੇ ਦੁਆਲੇ ਆਪਣੀ ਪ੍ਰਚਾਰ ਮੁਹਿੰਮ ਬੁਣੀ। ਪੰਜਾਬ ਦੇ ਲੋਕ ਜਾਣਦੇ ਹਨ ਕਿ ਮਜੀਠੀਆ ਦੀ ਨਸ਼ਿਆਂ ਦੇ ਕੰਮ ਵਿਚ ਸ਼ਮੂਲੀਅਤ ਹੈ।ਸਾਡੀ ਸਰਕਾਰ ਹਾਈ ਕੋਰਟ ਨਾਲ ਮਿਲ ਕੇ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਕੰਮ ਕਰ ਰਹੀ ਹੈ।“ਉਨਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕੇਜਰੀਵਾਲ ਡਰ ਗਿਆ ਹੈ ਜਾਂ ਉਸ ਨੇ ਪੈਸਾ ਲੈ ਲਿਆ ਹੈ ਪਰ ਇਹ ਪੱਕਾ ਹੈ ਕਿ ਉਸ ਨੇ ਪੰਜਾਬ ਦੇ ਲੋਕਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ।