ਡਿਪਟੀ ਕਮਿਸ਼ਨਰ ਨੇ ਜ਼ਿਲਾ ਪੱਧਰੀ ਬੈਂਕਰਜ਼ ਰੀਵਿਊ ਕਮੇਟੀ ਦੀ ਤਿਮਾਹੀ ਮੀਟਿੰਗ ਦੀ ਕੀਤੀ ਪ੍ਰਧਾਨਗੀ

ਮੋਗਾ,16 ਮਾਰਚ (ਜਸ਼ਨ)-ਸਮੂਹ ਬੈਂਕ ਅਧਿਕਾਰੀ ਗਰੀਬ ਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਆਸਾਨ ਵਿਆਜ਼ ਦਰਾਂ ‘ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਨੂੰ ਤਰਜੀਹ ਦੇਣ, ਤਾਂ ਜੋ ਲੋੜਵੰਦ ਵਿਅਕਤੀ ਸਵੈ-ਰੋਜ਼ਗਾਰ ਅਪਣਾ ਕੇ ਆਪਣਾ ਜੀਵਨ ਨਿਰਬਾਹ ਬਿਹਤਰ ਢੰਗ ਨਾਲ ਕਰ ਸਕਣ। ਇਹ ਪ੍ਰੇਰਣਾ ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਨੇ ਜ਼ਿਲਾ ਪੱਧਰੀ ਬੈਂਕਰਜ਼ ਰੀਵਿਊ ਕਮੇਟੀ ਦੀ ਤਿਮਾਹੀ ਮੀਟਿੰਗ ਦੌਰਾਨ ਮੀਟਿੰਗ ‘ਚ ਹਾਜ਼ਰ ਜ਼ਿਲੇ ਦੇ ਸਮੂਹ ਬੈਂਕ ਅਧਿਕਾਰੀਆਂ ਨੂੰ ਦਿੱਤੀ। ਸ. ਦਿਲਰਾਜ ਸਿੰਘ ਨੇ ਦੱਸਿਆ ਕਿ ਪੰਜਾਬ ਸਿੰਧ ਬੈਂਕ ਲੀਡ ਬੈਂਕ ਮੋਗਾ ਵੱਲੋਂ 40 ਫ਼ੀਸਦੀ ਰਾਸ਼ਟਰੀ ਟੀਚੇ ਦੇ ਮੁਕਾਬਲੇ 88.78 ਫ਼ੀਸਦੀ ਟੀਚਾ ਪ੍ਰਾਪਤ ਕੀਤਾ ਗਿਆ ਹੈ। ਇਸੇ ਤਰਾਂ ਕਰੈਡਿਟ ਡਿਪਾਜ਼ਿਟ 60 ਫ਼ੀਸਦੀ ਦੇ ਮੁਕਾਬਲੇ 64 ਫ਼ੀਸਦੀ ਅਤੇ ਖੇਤੀਬਾੜੀ ਖੇਤਰ ਵਿੱਚ 18 ਫ਼ੀਸਦੀ ਰਾਸ਼ਟਰੀ ਟੀਚੇ ਦੇ ਮੁਕਾਬਲੇ 54.83 ਫ਼ੀਸਦੀ ਉਪਲੱਭਧੀ ਕੀਤੀ ਗਈ ਹੈ, ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਉਨਾਂ ਪੰਜਾਬ ਸਿੰਧ ਬੈਂਕ ਲੀਡ ਬੈਂਕ ਦੀਆਂ ਸਮੁੱਚੀਆਂ ਪ੍ਰਾਪਤੀਆਂ ਲਈ ਬੈਂਕ ਦੇ ਸੈਲ ਦੀ ਅਗਵਾਈ ਹੇਠ ਸਾਰੇ ਬੈਂਕਰਜ ਦੀ ਸ਼ਲਾਘਾ ਕਰਦੇ ਹੋਏ ਆਮ ਜਨਤਾ ਨੂੰ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਆਉਂਦੇ ਪੰਜ ਸਾਲਾਂ 2018 ਤੋਂ 2023 ਤੱਕ ਡੇਅਰੀ ਪਦਾਰਥਾਂ ਅਤੇ ਸ਼ਬਜ਼ੀਆਂ ਦੀ ਸੁਰੱਖਿਆ ਲਈ ਏਰੀਆ ਡੀਵੈਲਪਮੈਂਟ ਸਕੀਮ (ਏ.ਡੀ.ਐਸ) ਵੀ ਲਾਂਚ ਕੀਤੀ ਗਈ। ਇਸ ਮੌਕੇ ਲੀਡ ਬੈਂਕ ਮੈਨੇਜਰ ਮੋਗਾ ਸਵਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਸਾਲ 2017-2018 ਦੀਆਂ ਪ੍ਰਾਪਤੀਆਂ ਦੇ ਸਾਰੇ ਰਾਸ਼ਟਰੀ ਟੀਚੇ ਹਾਸਲ ਕੀਤੇ ਗਏ ਹਨ। ਉਨਾਂ ਦੱਸਿਆ ਕਿ ਮੁੱਕਦੀ ਤਿਮਾਹੀ ਦਸੰਬਰ, 2017 ਵਿੱਚ ਸਲਾਨਾ ਕਰਜ਼ਾ ਯੋਜਨਾ ਤਹਿਤ ਖੇਤੀਬਾੜੀ ਖੇਤਰ ਵਿੱਚ 104 ਫ਼ੀਸਦੀ, ਸਿੱਖਿਆ ਦੇ ਖੇਤਰ ‘ਚ 61 ਫ਼ੀਸਦੀ ਅਤੇ ਹਾਊਸਿੰਗ ਦੇ ਖੇਤਰ ਵਿੱਚ 72 ਫ਼ੀਸਦੀ ਦਾ ਟੀਚਾ ਪ੍ਰਾਪਤ ਕੀਤਾ ਗਿਆ ਹੈ। ਆਰਸੇਟੀ ਦੇ ਡਾਇਰੈਕਟਰ ਹਰਜਿੰਦਰ ਸਿੰਘ ਕੰਡਾ ਨੇ ਦੱਸਿਆ ਕਿ ਆਰਸੇਟੀ ਮੋਗਾ ਵੱਲੋਂ 4,670 ਬੇਰੋਜ਼ਗਾਰ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦੀ ਸਿਖਲਾਈ ਦਿੱਤੀ ਗਈ ਹੈ ਅਤੇ 1,359 ਨੌਜਵਾਨਾਂ ਨੂੰ ਬੈਂਕਾਂ ਵੱਲੋਂ ਸਵੈ-ਰੋਜ਼ਗਾਰ ਲਈ ਕਰਜ਼ੇ ਮੁਹੱਈਆ ਕਰਵਾਏ ਗਏ, ਜਦ ਕਿ 3,479 ਨੌਜਵਾਨਾਂ ਨੇ ਸਵੈ-ਰੋਜ਼ਗਾਰ ਅਪਣਾ ਕੇ ਆਤਮ-ਨਿਰਭਰਤਾ ਪ੍ਰਾਪਤ ਕੀਤੀ ਹੈ। ਲੀਡ ਬੈਂਕ ਮੈਨੇਜਰ ਸ: ਗਿੱਲ ਨੇ ਮੀਟਿੰਗ ‘ਚ ਹਾਜ਼ਰ ਸਮੁੱਚੇ ਮੈਂਬਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਡੀ.ਡੀ.ਐਮ ਨਾਬਾਰਡ ਨਰਿੰਦਰ ਕੁਮਾਰ, ਆਰ.ਬੀ.ਆਈ ਏ.ਜੀ.ਐਮ ਸੰਜੀਵ ਕੈਨ, ਜ਼ਿਲਾ ਲੀਡ ਬੈਂਕ ਮੈਨੇਜਰ ਸਵਰਨਜੀਤ ਸਿੰਘ ਗਿੱਲ, ਡਾਇਰੈਕਟਰ ਆਰਸੇਟੀ ਹਰਜਿੰਦਰ ਸਿੰਘ ਕੰਡਾ, ਜੀ.ਐਮ ਜ਼ਿਲਾ ਉਦਯੋਗ ਕੇਂਦਰ ਨਿਰਵੈਰ ਸਿੰਘ ਅਤੇ ਸਮੂਹ ਬੈਂਕਾਂ ਦੇ ਤਾਲਮੇਲ ਅਫ਼ਸਰ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ/ਨੁਮਾਇੰਦੇ ਹਾਜ਼ਰ ਸਨ।


