ਨਾਰਵੇ ਦੇ ਰਾਜਦੂਤ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ, ਵੱਖ-ਵੱਖ ਸੈਕਟਰਾਂ ਵਿਚ ਨਿਵੇਸ਼ ਬਾਰੇ ਵਿਚਾਰ-ਵਟਾਂਦਰਾ

ਚੰਡੀਗੜ , 14 ਮਾਰਚ(ਪੱਤਰ ਪਰੇਰਕ)-ਭਾਰਤ ਵਿਚ ਨਾਰਵੇ ਦੇ ਰਾਜਦੂਤ ਨਿਲਸ ਰਾਗਨਰ ਕਾਮਸਵਗ ਨੇ ਸੂਬੇ ਦੇ ਵੱਖ-ਵੱਖ ਸੈਕਟਰਾਂ ਵਿਚ ਨਿਵੇਸ਼ ਵਾਸਤੇ ਭਾਰੀ ਦਿਲਚਸਪੀ ਵਿਖਾਈ ਹੈ ਅਤੇ ਖੇਤੀ ਨੂੰ ਆਤਮ-ਨਿਰਭਰ ਅਤੇ ਲਾਭਦਾਇਕ ਧੰਦਾ ਬਣਾਉਣ ਲਈ ਸੂਬਾ ਸਰਕਾਰ ਨੂੰ ਤਕਨੀਕੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ।  ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਨਾਰਵੇ ਦੇ ਰਾਜਦੂਤ ਨੇ ਆਪਣੇ ਸੈਕਿੰਡ ਸਕੱਤਰ ਇਰਲੈਂਡ ਡਰਾਗਟ ਅਤੇ ਸਲਾਹਕਾਰ ੳਨਦਿਸ ਵੀ ਸਿੰਘ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੁਧਵਾਰ ਹੋਈ ਇੱਕ ਮੀਟਿੰਗ ਦੌਰਾਨ ਇਹ ਪੇਸ਼ਕਸ਼ ਕੀਤੀ। ਫੂਡਪ੍ਰੋਸੈਸਿੰਗ, ਫਿਸ਼ਿੰਗ, ਨਵਿਆਉਣਯੋਗ ਊਰਜਾ, ਤੇਲ ਅਤੇ ਗੈਸ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕਰਦੇ ਹੋਏ ਰਾਜਦੂਤ ਨੇ ਕਿਹਾ ਕਿ ਨਾਰਵੇ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਤਿਆਰ ਕੀਤੇ ਹਾਂਪੱਖੀ ਉਦਯੋਗਿਕ ਮਾਹੌਲ ਤੋਂ ਫਾਇਦਾ ਉਠਾਉਣ ’ਚ ਦਿਲਚਸਪੀ ਰੱਖਦਾ ਹੈ। ਦੌਰੇ ਤੇ ਆਏ ਵਫਦ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੀ ਸਰਕਾਰ ਨੇ ਸੂਬੇ ਦੇ ਉਦਯੋਗਿਕ ਖੇਤਰ ਵਿਚ ਸਫਲਤਾਪੂਰਵਕ ਹਾਂਪੱਖੀ ਰੁਝਾਨ ਪੈਦਾ ਕੀਤਾ ਹੈ। ਉੁਨਾਂ ਨੇ ਇਸ ਸਬੰਧ ਵਿਚ ਹਾਲ ਹੀ ਵਿਚ ਲਿਆਂਦੀ ਗਈ ਨਵੀਂ ਉਦਯੋਗਿਕ ਨੀਤੀ ਦਾ ਵੀ ਜ਼ਿਕਰ ਕੀਤਾ ਜਿਸ ਦਾ ਉਦੇਸ਼ ਪੰਜਾਬ ਨੂੰ ਨਿਵੇਸ਼ ਦੇ ਪੱਖੋਂ ਸਭ ਤੋਂ ਪਸੰਦੀਦਾ ਸੂਬਾ ਬਨਾਉਣਾ ਹੈ। ਰਾਜਦੂਤ ਨੇ ਭਾਰਤ-ਨਾਰਵੇ ਵਿਚ ਸਦੀਆਂ ਪੁਰਾਣੇ ਸਬੰਧਾਂ ’ਚ ਦਿਲਚਸਪੀ ਦਿਖਾਈ ਅਤੇ ਦੋਵਾਂ ਦੇ ਸਮੁੱਚੇ ਵਿਕਾਸ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਨਾਰਵੇ ਵੱਖ-ਵੱਖ ਖੇਤਰਾਂ ਖਾਸਕਰ ਖੇਤੀਬਾੜੀ ਸੈਕਟਰ ਵਿਚ ਨਵੀਂਆਂ ਸੰਭਾਵਨਾਵਾਂ ਤਲਾਸ਼ ਸਕਦੇ ਹਨ ਕਿਉਂਕਿ ਦੋਵਾਂ ਦਾ ਇਸ ਖੇਤਰ ਵਿਚ ਵੱਡਾ ਤਜਰਬਾ ਹੈ। ਖੇਤੀਬਾੜੀ ਨੂੰ ਮੁੜ ਲਾਭਦਾਇਕ ਧੰਦਾ ਬਨਾਉਣ ਵਾਸਤੇ ਉਨਾਂ ਦੀ ਸਰਕਾਰ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਕਿਸਾਨ ਪੱਖੀ ਪਹਿਲਕਦਮੀਆਂ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸਤਹਿ ਪਾਣੀ ਦੀ ਸੰਭਾਲ ਨੂੰ ਬੜਾਵਾ ਦੇਣ ਲਈ 600 ਪਿੰਡਾਂ ਵਿਚ 900 ਖੇਤੀ ਟਿਊਬਵੈਲ ਸਥਾਪਿਤ ਕਰਨ ਸਬੰਧੀ ਸ਼ੁਰੂ ਕੀਤੇ ਪਾਇਲਟ ਪ੍ਰੋਜੈਕਟ ਬਾਰੇ ਰਾਜਦੂਤ ਨੂੰ ਵਿਸਤ੍ਰਤ ਜਾਣਕਾਰੀ ਦਿੱਤੀ। ਰਾਜਦੂਤ ਨੇ ਕੱਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਤੇ ਆਪਣੇ ਦੌਰੇ ਬਾਰੇ ਵੀ ਦੱਸਿਆ ਜਿੱਥੇ ਉਨਾਂ ਨੇ ਖੇਤੀ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਵਿਚ ਕੀਤਾ। ਉਨਾਂ ਨੇ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਕਰਜਾ ਮੁਆਫੀ ਸਕੀਮ ਬਾਰੇ ਬਹੁਤ ਜ਼ਿਆਦਾ ਹਾਂਪੱਖੀ ਪ੍ਰਭਾਵ ਗ੍ਰਹਿਣ ਕੀਤਾ। ਉੱਚ ਦਰਜੇ ਦੇ ਸੜਕੀ ਸੰਪਰਕਾਂ ਨੂੰ ਮਾਨਣ ਵਾਲੇ ਪੰਜਾਬ ਦਾ ਜ਼ਿਕਰ ਕਰਦੇ ਹੋਏ ਰਾਜਦੂਤ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਇਕ ਅਜਿਹਾ ਸੈਕਟਰ ਹੈ ਜਿੱਥੋਂ ਵੱਡੀ ਪੱਧਰ ਤੇ ਸਮਰੱਥਾ ਦਾ ਫਾਇਦਾ ਉਠਾਇਆ ਜਾ ਸਕਦਾ ਹੈ। ਮੀਟਿੰਗ ਵਿਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ ਅਤੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਸ੍ਰੀ ਵਿਸ਼ਵਜੀਤ ਸਿੰਘ ਖੰਨਾ ਵੀ ਹਾਜ਼ਰ ਸਨ।