ਗੋਡਿਆਂ ਦੇ ਦਰਦ ਤੋਂ ਘਬਰਾਉਣਾ ਨਹੀਂ, ਬਲਕਿ ਜਾਗਰੂਕ ਹੋਣਾ ਜ਼ਰੂਰੀ : ਡਾ. ਅਸ਼ੀਸ਼ ਪਾਸੀ

ਮੋਗਾ, 14 ਮਾਰਚ (ਜਸ਼ਨ)-ਗੋਡਿਆਂ ਦੇ ਦਰਦ ਤੋਂ ਪ੍ਰੇਸ਼ਾਨ ਮਰੀਜਾਂ ਨੂੰ ਗੋਡਿਆਂ ਦੇ ਅਪ੍ਰੇਸ਼ਨ ਤੋਂ ਘਬਰਾਉਣਾ ਨਹੀਂ, ਬਲਕਿ ਇਸ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ: ਅਸ਼ੀਸ਼ ਪਾਸੀ ਨੇ ਅੱਜ ਸ਼ਾਮ ਨਰਸਿੰਗ ਹੋਮ ਰੇਲਵੇ ਰੋਡ ਤੇ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਭਾਰਤ ਮਾਤਾ ਮੰਦਰ ਵੱਲੋਂ 18 ਮਾਰਚ ਨੂੰ ਲਗਾਏ ਜਾਣ ਵਾਲੇ ਗੋਡਿਆਂ ਦੇ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ। 18 ਮਾਰਚ ਨੂੰ ਲਗਾਏ ਜਾਣੇ ਗੋਡਿਆਂ ਦੇ ਕੈਂਪ ਦੇ ਸੱਦਾ ਪੱਤਰ ਡਾ: ਸੀਮਾਂਤ ਗਰਗ, ਦਿਨੇਸ਼ ਬਾਂਸਲ ਅਤੇ ਰਜਿੰਦਰ ਕੋਹਲੀ ਦੀ ਅਗਵਾਈ ਵਿਚ ਜਾਰੀ ਕਰਦਿਆਂ ਮਰੀਜਾਂ ਦੀ ਜਾਂਚ ਕਰਨ ਲਈ ਪਹੁੰਚਣ ਵਾਲੇ ਰਿਪਲੇਸਮੈਂਟ ਸਰਜਨ ਡਾ. ਅਸ਼ੀਸ਼ ਪਾਸੀ ਨੇ ਦੱਸਿਆ ਕਿ ਗੋਡਿਆਂ ਦੇ ਰੋਗ ਅਤੇ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਰਹਿਣ ਵਾਲੇ ਮਰੀਜਾਂ ਨੂੰ ਗੋਡਿਆਂ ਦੇ ਅਪ੍ਰੇਸ਼ਨ ਤੋਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਚੰਗੀ ਅਤੇ ਵਧੀਆ ਤਕਨੀਕ ਨਾਲ ਗੋਡੇ ਬਦਲੇ ਜਾਂਦੇ ਹਨ। ਉਨਾਂ ਕਿਹਾ ਕਿ 95 ਪ੍ਰਤੀਸ਼ਤ ਗੋਡਿਆਂ ਦੇ ਅਪ੍ਰੇਸ਼ਨ ਸਫਲਤਾਪੂਰਵਕ ਕੀਤੇ ਜਾਂਦੇ ਹਨ। ਉਮਰ ਦੇ ਨਾਲ ਨਾਲ ਗੋਡਿਆਂ ’ਚ ਬਦਲਾਅ ਆਉਣ ਦੇ ਕਾਰਨ ਇਸ ਵਿਚ ਦਰਦ ਹੋਣ ਲੱਗਦਾ ਹੈ। ਜਿਸ ਦੇ ਕਾਰਨ ਮਰੀਜਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਹਾ ਕਿ ਇਸ ਤੋਂ ਡਰਣ ਦੀ ਕੋਈ ਜ਼ਰੂਰਤ ਨਹੀਂ। ਗੋਡਿਆਂ ਦੇ ਬਦਲਣ ਵਿਚ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਂਦੀ ਅਤੇ ਗੋਡਿਆਂ ਦੇ ਅਪ੍ਰੇਸ਼ਨ ਦੇ 24 ਘੰਟਿਆਂ ਦੇ ਅੰਦਰ ਮਰੀਜ ਚੱਲਣ ਫਿਰਣ ਦਾ ਕਾਬਲ ਬਣਾ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਕਿਡਨੀ ਹਸਪਤਾਲ ਜਲੰਧਰ ਵਿਚ ਗੋਡਿਆਂ ਦੇ ਬਦਲਣ ਦੀ ਯੂ.ਐਸ. ਤਕਨੀਕ ਦੇ ਦੁਆਰਾ ਮਰੀਜ ਦੇ ਗੋਡੇ ਬਦਲੇ ਜਾਂਦੇ ਹਨ। ਉਨਾਂ ਕਿਹਾ ਕਿ ਜੇਕਰ ਸਰਜੀਕਲ ਤਕਨੀਕ ਚੰਗੀ ਹੈ ਤਾਂ ਗੋਡੇ ਬੜੇ ਆਸਾਨੀ ਨਾਲ ਬਦਲੇ ਜਾ ਸਕਦੇ ਹਨ। ਉਨਾਂ ਕਿਹਾ ਕਿ ਗੋਡਿਆਂ ਦੇ ਬਦਲਣ ਦਾ ਖਰਚ ਘੱਟ ਰੇਟਾਂ ਤੇ ਕੀਤਾ ਜਾਵੇਗਾ। ਜਿਸ ਵਿਚ 1 ਗੋਡੇ ਦਾ 80,000 ਰੁਪਏ ਅਤੇ ਦੋਨਾਂ ਗੋਡਿਆਂ ਦਾ ਖਰਚ ਮਰੀਜ ਤੋਂ 1 ਲੱਖ 50 ਹਜ਼ਾਰ ਲਿਆ ਜਾਵੇਗਾ, ਜਿਸ ਵਿਚ ਮਰੀਜ ਤੋਂ ਕਿਸੇ ਹੋਰ ਪ੍ਰਕਾਰ ਦਾ ਖਰਚਾ ਨਹੀਂ ਲਿਆ ਜਾਂਦਾ। ਇਹ ਕੈਂਪ ਭਾਰਤ ਮਾਤਾ ਮੰਦਰ ਵਿਖੇ 18 ਮਾਰਚ ਨੂੰ ਲਗਾਇਆ ਜਾਵੇਗਾ। ਇਸ ਮੌਕੇ ਡਾ. ਸੀਮਾਂਤ ਗਰਗ, ਰਜਿੰਦਰ ਕੋਹਲੀ, ਦਿਨੇਸ਼ ਬਾਂਸਲ, ਹਰਸ਼ ਗੋਇਲ, ਰਿੱਕੀ ਨਾਰੰਗ, ਮੇਜਰ ਪ੍ਰਦੀਪ, ਯੋਗੇਸ਼ ਗੋਇਲ, ਅਮਨ ਸਿੰਗਲਾ, ਸੰਦੀਪ ਸੇਠੀ, ਦੀਪਕ ਮਹਿੰਦੀਰਤਾ ਆਦਿ ਹਾਜ਼ਰ ਸਨ।