ਮੁਫ਼ਤ ਬਿਜਲੀ ਜਾਰੀ ਰਹੇਗੀ, ਕਿਸਾਨਾਂ ਤੋਂ ਬਿੱਲ ਲੈਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ-ਕੈਪਟਨ ਅਮਰਿੰਦਰ ਸਿੰਘ

ਨਕੋਦਰ,14 ਮਾਰਚ (ਪੱਤਰ ਪਰੇਰਕ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਕੀਤੇ ਜਾ ਰਹੇ ਕੋਝੇ ਯਤਨਾਂ ਲਈ ਅਕਾਲੀਆਂ ’ਤੇ ਵਰਦਿਆਂ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਕਾਂਗਰਸ ਪਾਰਟੀ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਰਜ਼ਾ ਮੁਆਫੀ ਦੇ ਕੀਤੇ ਵਾਅਦੇ ਨੂੰ ਪੂਰੀ ਤਰਾਂ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਖੇਤੀਬਾੜੀ ਲਈ ਮੁਫਤ ਬਿਜਲੀ ਨੂੰ ਵਾਪਸ ਲੈਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਸੂਬੇ ਦੇ 10.25 ਲੱਖ ਛੋਟੇ ਤੇ ਸੀਮਾਂਤ ਕਿਸਾਨਾਂ ਲਈ ਕਰਜ਼ਾ ਮੁਆਫੀ ਦੇ ਦੂਜੇ ਪੜਾਅ ਤਹਿਤ ਅੱਜ ਇੱਥੇ ਦਾਣਾ ਮੰਡੀ ਵਿਖੇ 29,192 ਕਿਸਾਨਾਂ ਨੂੰ 162.16 ਕਰੋੜ ਰੁਪਏ ਦੇ ਕਰਜ਼ਾ ਮੁਆਫੀ ਸਰਟੀਫਿਕੇਟਾਂ ਦੀ ਵੰਡ ਲਈ ਰੱਖੇ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। ਅੱਜ ਦੇ ਸਮਾਗਮ ਵਿੱਚ ਜਲੰਧਰ, ਕਪੂਰਥਲਾ, ਲੁਧਿਆਣਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ ਯੋਗ ਕਿਸਾਨ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਦਿੱਤੇ ਗਏ।

ਕਿਸਾਨਾਂ ਨੂੰ ਸਰਟੀਫਿਕੇਟ ਵੰਡਣ ਨੂੰ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਨਾਲ ਕੀਤੇ ਚੋਣ ਵਾਅਦੇ ਨੂੰ ਪੂਰਾ ਕਰਨ ਦੇ ਯਤਨਾਂ ਦਾ ਹਿੱਸਾ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕਰਜ਼ਾ ਮੁਆਫੀ ਵਿੱਚ ਥੋੜੀ-ਬਹੁਤ ਦੇਰੀ ਫੰਡਾਂ ਦੀ ਘਾਟ ਕਰਕੇ ਨਹੀਂ ਹੋ ਰਹੀ ਸਗੋਂ ਯੋਗ ਕਿਸਾਨਾਂ ਦੀ ਸ਼ਨਾਖਤ ਅਤੇ ਤਸਦੀਕ ਦੀ ਪ੍ਰਿਆ ਕਰਕੇ ਹੋ ਰਹੀ ਹੈ। ਪਰ ਉਨਾਂ ਨੇ ਸਪੱਸ਼ਟ ਕੀਤਾ ਕਿ ਉਹ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਪੂਰੀ ਤਰਾਂ ਵਚਨਬੱਧ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਉਨਾਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ-ਜਿੱਥੇ ਵੀ ਸੂਬੇ ਦਾ ਦੌਰਾ ਕੀਤਾ ਸੀ, ਉਥੇ ਕਿਸਾਨ ਖੁਦਕੁਸ਼ੀਆਂ ਦੀਆਂ ਘਟਨਾਵਾਂ ਬਾਰੇ ਸੁਣਨ ਮਗਰੋਂ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ। ਮੁੱਖ ਮੰਤਰੀ ਨੇ ਦੱਸਿਆ ਕਿ ਜਦੋਂ ਤੋਂ ਕਾਂਗਰਸ ਸਰਕਾਰ ਨੇ ਸੂਬੇ ਦੀ ਵਾਗਡੋਰ ਸੰਭਾਲੀ ਹੈ, ਉਸ ਸਮੇਂ ਤੋਂ ਲੈ ਕੇ ਖੁਦਕੁਸ਼ੀਆਂ ਘਟੀਆਂ ਹਨ ਅਤੇ ਸੂਬੇ ਦੀ ਸਥਿਤੀ ਵਿੱਚ ਵੱਡਾ ਸੁਧਾਰ ਹੋਇਆ ਹੈ ਜਿਸ ਦੇ ਤੱਥ ਸਰਕਾਰ ਵੱਲੋਂ ਵਿਧਾਨ ਸਭਾ ਦੇ ਅਗਾਮੀ ਇਜਲਾਸ ਵਿੱਚ ਪੇਸ਼ ਕੀਤੇ ਜਾਣਗੇ। ਟਿੳੂਬਵੈਲਾਂ ’ਤੇ ਮੀਟਰ ਲਾਉਣ ਦੇ ਮੁੱਦੇ ’ਤੇ ਅਕਾਲੀਆਂ ਵੱਲੋਂ ਉਨਾਂ ਦੀ ਸਰਕਾਰ ਖਿਲਾਫ਼ ਕੀਤੇ ਜਾ ਰਹੇ ਕੂੜ ਪ੍ਰਚਾਰ ਅਤੇ ਝੂਠ ਬੋਲਣ ’ਤੇ ਕਰੜੀ ਅਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਸਾਨਾਂ ਦੀ ਮੁਫ਼ਤ ਬਿਜਲੀ ਵਾਪਸ ਲੈਣ ਦੇ ਕਿਸੇ ਵੀ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਸੂਬੇ ਦੇ 13.5 ਲੱਖ ਟਿੳੂਬਵੈਲਾਂ ਵਿੱਚੋਂ ਸਿਰਫ 900 ਟਿੳੂਬਵੈਲਾਂ ’ਤੇ ਮੀਟਰ ਲਾਏ ਜਾਣੇ ਹਨ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਉਦੇਸ਼ ਨਾਲ ਖੋਜ ਪ੍ਰਾਜੈਕਟ ਦੇ ਹਿੱਸੇ ਤਹਿਤ ਕੀਤਾ ਜਾਣਾ ਹੈ। ਉਨਾਂ ਨੇ ਕਿਸਾਨਾਂ ਨੂੰ ਯਕੀਨ ਦਿਵਾਉਂਦਿਆਂ ਕਿਹਾ ਕਿ ਇਨਾਂ ਮੀਟਰਾਂ ਦੇ ਬਦਲੇ ਵਿੱਚ ਕਿਸਾਨਾਂ ਨੂੰ ਨਿੱਜੀ ਵਰਤੋਂ ਲਈ ਨਗਦੀ ਬਚਾਉਣ ਦੇ ਰੂਪ ਵਿੱਚ ਰਿਆਇਤ ਵੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਮਿਸਾਲ ਦਿੰਦਿਆਂ ਆਖਿਆ ਕਿ ਜੇਕਰ ਇਕ ਕਿਸਾਨ ਨੂੰ ਟਿੳੂਬਵੈਲ ਦੀ ਬਿਜਲੀ ਖਪਤ ਲਈ 10 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ ਅਤੇ ਬਿਜਲੀ ’ਤੇ ਖਰਚਾ ਸਿਰਫ 7000 ਰੁਪਏ ਹੁੰਦਾ ਹੈ ਤਾਂ ਬਾਕੀ ਬਚਦਾ 3000 ਰੁਪਏ ਉਸ ਕਿਸਾਨਾਂ ਦੀ ਜੇਬ ਵਿੱਚ ਚਲਾ ਜਾਵੇਗਾ ਅਤੇ ਇਸ ਦੇ ਨਾਲ ਹੀ ਉਹ ਕਿਸਾਨ ਸੂਬੇ ਵਿੱਚ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਵੀ ਆਪਣਾ ਯੋਗਦਾਨ ਪਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮੁੱਦੇ ’ਤੇ ਅਕਾਲੀਆਂ ਵੱਲੋਂ ਕਾਂਗਰਸ ਵਿਰੁੱਧ ਝੂਠੇ ਦੋਸ਼ ਲਾ ਕੇ ਲੋਕਾਂ ਦੇ ਮਨਾਂ ਵਿੱਚ ਗਲਤਫਹਿਮੀ ਪੈਦਾ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਨਾਂ ਮੀਟਰਾਂ ਤੋਂ ਪੈਸੇ ਦੀ ਵਸੂਲੀ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਬਚਾਉਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਉਨਾਂ ਨੇ ਸੁਚੇਤ ਕਰਦਿਆਂ ਆਖਿਆ ਕਿ ਜੇਕਰ ਫੌਰੀ ਤੌਰ ’ਤੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਕੋਈ ਹੀਲਾ-ਵਸੀਲਾ ਨਾ ਕੀਤਾ ਗਿਆ ਤਾਂ ਪੰਜਾਬ ਨੂੰ ਮਾਰੂਥਲ ਬਣਨ ਤੋਂ ਕੋਈ ਨਹੀਂ ਰੋਕ ਸਕਦਾ।

ਉਨਾਂ ਨੇ ਪਟਿਆਲਾ ਦੀ ਮਿਸਾਲ ਵੀ ਦਿੱਤੀ ਜਿੱਥੇ ਸਿਰਫ ਇਕ ਸਾਲ ਵਿੱਚ ਪਾਣੀ ਦਾ ਪੱਧਰ 70 ਫੁੱਟ ਤੋਂ ਡਿੱਗ ਕੇ 700 ਫੁੱਟ ਤੱਕ ਚਲਾ ਗਿਆ ਹੈ। ਲੋਕਾਂ ਨੂੰ ਅਕਾਲੀਆਂ ਦੀ ਝੂਠੀ ਬਿਆਨਬਾਜ਼ੀ ਨਾਲ ਗੁੰਮਰਾਹ ਨਾ ਹੋਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਬਜਾਏ ਅਕਾਲੀਆਂ ਵੱਲੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਭਾਈਵਾਲ ਅਕਾਲੀਆਂ ਨੇ ਪੰਜਾਬ ਦੇ ਖ਼ਜ਼ਾਨੇ ਦੀ ਕੀਮਤ ਉਤੇ ਕੇਵਲ ਆਪਣੀਆਂ ਜੇਬਾਂ ਹੀ ਭਰੀਆਂ ਹਨ। ਉਨਾਂ ਕਿਹਾ ਕਿ ਇਨਾਂ ਦੋਹਾਂ ਪਾਰਟੀਆਂ ਦੀ ਮਿਲੀ-ਭੁਗਤ ਦਾ ਸਬੂਤ ਇਸ ਤੱਥ ਤੋਂ ਮਿਲਦਾ ਹੈ ਕਿ ਅਕਾਲੀ ਲੀਡਰਸ਼ਿਪ ਨੇ ਹਿਮਾਚਲ ਪ੍ਰਦੇਸ਼ ’ਚ ਭਾਜਪਾ ਦੇ ਸੱਤਾ ਵਿੱਚ ਆਉਣ ਬਾਅਦ ਇਸ ਗੁਆਂਢੀ ਸੂਬੇ ਵਿੱਚ ਬੱਸਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮੁੱਖ ਮੰਤਰੀ ਨੇ ਹਰਸਿਮਰਤ ਕੌਰ ਬਾਦਲ, ਜੋ ਕੇਂਦਰੀ ਵਜ਼ਾਰਤ ਵਿੱਚ ਹਨ, ਉਤੇ ਕੇਂਦਰ ਵਿੱਚ ਪੰਜਾਬ ਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਵਿੱਚ ਪੂਰੀ ਤਰਾਂ ਨਾਕਾਮ ਰਹਿਣ ਦਾ ਦੋਸ਼ ਲਾਇਆ। ਐਨਡੀਏ ਸਰਕਾਰ ’ਤੇ ਸਵਾਮੀਨਾਥਨ ਰਿਪੋਰਟ ਲਾਗੂ ਕਰਨ ’ਚ ਨਾਕਾਮ ਰਹਿਣ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੀਬੀ ਬਾਦਲ ਨੇ ਉਦੋਂ ਵੀ ਆਵਾਜ਼ ਨਹੀਂ ਉਠਾਈ ਜਦੋਂ ਆਮ ਬਜਟ ਵਿੱਚ ਕੇਂਦਰ ਸਰਕਾਰ ਨੇ ਕਿਸਾਨ ਭਾਈਚਾਰੇ ਲਈ ਕੋਈ ਕਦਮ ਨਹੀਂ ਚੁੱਕਿਆ। ਉਨਾਂ ਕਿਹਾ ਕਿ ਕੇਵਲ ਸਵਾਮੀਨਾਥਨ ਰਿਪੋਰਟ ਹੀ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਨਾਂ ਨੂੰ ਮੌਜੂਦਾ ਸੰਕਟ ਵਿੱਚੋਂ ਬਾਹਰ ਕੱਢ ਸਕਦੀ ਹੈ। ਮੁੱਖ ਮੰਤਰੀ ਨੇ ਅਕਾਲੀਆਂ ਅਤੇ ਭਾਜਪਾ ਨੂੰ ਚਿਤਾਵਨੀ ਦਿੱਤੀ ਕਿ ਕਾਂਗਰਸ ਸਰਕਾਰ ਹੁਣ ਉਨਾਂ ਨੂੰ ਪੰਜਾਬ ਨੂੰ ਹੋਰ ਬਰਬਾਦ ਨਹੀਂ ਕਰਨ ਦੇੇਵੇਗੀ। ਉਨਾਂ ਨੇ ਭਰੋਸਾ ਦਿੱਤਾ ਕਿ ਕਰਜ਼ਾ ਮੁਆਫ਼ੀ ਦਾ ਵਾਅਦਾ ਲਾਗੂ ਕੀਤਾ ਜਾਵੇਗਾ। ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਸਹਿਕਾਰੀ ਬੈਂਕ ਕਰਜ਼ਾ ਮੁਆਫ਼ੀ ਦੇ ਇਸ ਗੇੜ ਬਾਅਦ ਹੋਰ ਬੈਂਕਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ। ਕਰਜ਼ਾ ਮੁਆਫ਼ੀ ਪ੍ਰਕਿਰਿਆ ਜਾਰੀ ਹੋਣ ਬਾਰੇ ਸਪੱਸ਼ਟ ਕਰਦਿਆਂ ਉਨਾਂ ਦੱਸਿਆ ਕਿ ਤੀਜੇ ਗੇੜ ਵਿੱਚ 50 ਹਜ਼ਾਰ ਕਿਸਾਨਾਂ ਨੂੰ ਮਾਝੇ ਵਿੱਚ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤਾਂ ਬਾਰੇ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕਿਸਾਨ ਪੱਖੀ ਯਤਨਾਂ ਦੀ ਸ਼ਲਾਘਾ ਕਰਦਿਆਂ ਉਨਾਂ ਦੀ ਤੁਲਨਾ ਸਰ ਛੋਟੂ ਰਾਮ ਨਾਲ ਤੁਲਨਾ ਕੀਤੀ, ਜਿਨਾਂ ਨੇ ਕਿਸਾਨਾਂ ਦੀ ਭਲਾਈ ਲਈ ਕਾਫੀ ਕੰਮ ਕੀਤਾ। ਕੈਪਟਨ ਅਮਰਿੰਦਰ ਸਿੰਘ ਨੂੰ ‘ਦੂਜੇ ਛੋਟੂ ਰਾਮ’ ਦੱਸਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੰਡੀਆਂ ਵਿੱਚੋਂ ਫ਼ਸਲਾਂ ਦੀ ਚੁਕਾਈ ਯਕੀਨੀ ਬਣਾਉਣ ਅਤੇ ਸਾਰੇ ਚੋਣ ਵਾਅਦੇ ਲਾਗੂ ਕਰਨ ਦੀ ਪ੍ਰਕਿਰਿਆ ਵਿੱਢਣ ਲਈ ਉਨਾਂ ਦੀ ਸ਼ਲਾਘਾ ਕੀਤੀ, ਜੋ ਕਿ ਸੂਬੇ ਦੀ ਮੰਦੀ ਵਿੱਤੀ ਹਾਲਤ ਕਾਰਨ ਸੌਖਾ ਕੰਮ ਨਹੀਂ ਹੈ। ਉਨਾਂ ਕਿਹਾ ਕਿ ਅਕਾਲੀਆਂ ਨੇ 10 ਸਾਲ ਦੇ ਕਾਰਜਕਾਲ ਵਿੱਚ ਪੰਜਾਬ ਲਈ ਕੱਖ ਨਹੀਂ ਕੀਤਾ ਅਤੇ ਹੁਣ ਕਾਂਗਰਸ ਸਰਕਾਰ ਉਤੇ ਉਂਗਲਾਂ ਉਠਾ ਰਹੇ ਹਨ। ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਕਾਲੀਆਂ ’ਤੇ ਆਪਣਾ ਸਾਮਰਾਜ ਖੜਾ ਕਰਨ ਲਈ ਪੰਜਾਬ ਨੂੰ ਲੁੱਟਣ ਅਤੇ ਸੂਬੇ ਦੀ ਖੇਤੀਬਾੜੀ ਅਤੇ ਸਨਅਤ ਨੂੰ ਤਬਾਹ ਕਰਨ ਲਈ ਕਰੜੇ ਹੱਥੀਂ ਲਿਆ। ਉਨਾਂ ਕਿਹਾ ਕਿ ਪਿਛਲੀ ਸਰਕਾਰ ਨੇ ਲੋਕ ਭਲਾਈ ਲਈ ਕੁਝ ਨਹੀਂ ਕੀਤਾ ਜਦੋਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਵਾ ਅਤੇ ਬੁਢਾਪਾ ਪੈਨਸ਼ਨਾਂ ਸਮੇਤ ਪਹਿਲਾਂ ਹੀ ਕਈ ਭਲਾਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਅਕਾਲੀਆਂ ਨੂੰ ਚੁਣੌਤੀ ਦਿੱਤੀ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਕੋਈ ਪੈਕੇਜ ਨਾ ਦੇਣ ਕਾਰਨ ਉਹ ਤੇਲਗੂ ਦੇਸਮ ਪਾਰਟੀ ਵਾਂਗ ਭਾਜਪਾ ਨਾਲ ਤੋੜ-ਵਿਛੋੜਾ ਕਰੇ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ,ਮਾਰਕਫੈਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਨਵਤੇਜ ਸਿੰਘ ਚੀਮਾ, ਚੌਧਰੀ ਸੁਰਿੰਦਰ ਸਿੰਘ, ਪ੍ਰਗਟ ਸਿੰਘ, ਬਾਵਾ ਹੈਨਰੀ, ਰਾਣਾ ਗੁਰਮੀਤ ਸਿੰਘ ਸੋਢੀ, ਰਾਜ ਕੁਮਾਰ ਚੱਬੇਵਾਲ, ਦਰਸ਼ਨ ਸਿੰਘ ਬਰਾੜ, ਸੰਤ ਸਿੰਘ ਗਿਲਜੀਆਂ, ਰਮਨਜੀਤ ਸਿੰਘ ਸਿੱਕੀ, ਪਰਮਿੰਦਰ ਸਿੰਘ ਪਿੰਕੀ, ਕੁਲਬੀਰ ਸਿੰਘ ਜ਼ੀਰਾ, ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ, ਜੋਗਿੰਦਰ ਸਿੰਘ ਮਾਨ, ਸਰਵਣ ਸਿੰਘ ਫਿਲੌਰ, ਮਲਕੀਤ ਸਿੰਘ ਦਾਖਾ ਅਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਜ਼ਿਲਾ ਕਾਂਗਰਸ ਪ੍ਰਧਾਨ ਦਿਹਾਤੀ ਕੈਪਟਨ ਹਰੀਮਿੰਦਰ ਸਿੰਘ ਅਤੇ ਜ਼ਿਲਾ ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸਹਿਕਾਰਤਾ ਡੀਪੀ ਰੈੱਡੀ, ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ, ਡਿਵੀਜ਼ਨਲ ਕਮਿਸ਼ਨਰ ਰਾਜ ਕਮਲ ਚੌਧਰੀ, ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਹਾਜ਼ਰ ਸਨ।