ਪੰਜਾਬ ਵਿੱਚ ਸਫਾਈ ਪੱਖੋਂ ਫਿਰੋਜ਼ਪੁਰ ਜ਼ਿਲਾ ਦੂਸਰੇ ਸਥਾਨ ’ਤੇ , ਦੇਸ਼ ਦੇ 535 ਸ਼ਹਿਰਾਂ ਵਿੱਚੋਂ 20ਵਾਂ ਸਥਾਨ ਹਾਸਲ ਕੀਤਾ

ਫ਼ਿਰੋਜ਼ਪੁਰ ,13 ਮਾਰਚ (ਪੰਕਜ ਕੁਮਾਰ)- ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਸਵੱਛਤਾ ਸਰਵੇਖਣ 2018 ਕਰਵਾਇਆ ਗਿਆ ਜਿਸ ਤਹਿਤ ਵੱਖ-ਵੱਖ ਸ਼ਹਿਰਾਂ ਦੀ ਸੁੰਦਰਤਾ ਅਤੇ ਸਫਾਈ ਦੀ ਸਵੱਛਤਾ ਐਪ ਰਾਹੀਂ ਰੈਕਿੰਗ ਕੀਤੀ ਗਈ। ਇਸ ਸਵੱਛਤਾ ਐਪ ਰੈਕਿੰਗ ਵਿੱਚ ਫਿਰੋਜ਼ਪੁਰ ਜ਼ਿਲੇ ਨੂੰ ਪੂਰੇ ਦੇਸ਼ ਵਿੱਚ 20ਵਾਂ ਅਤੇ ਪੰਜਾਬ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਆਈ.ਏ.ਐੱਸ. ਨੇ ਦਿੱਤੀ।

ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਸਾਲ 2017 ਵਿੱਚ ਸਰਵੇਖਣ ਦੌਰਾਨ ਫ਼ਿਰੋਜ਼ਪੁਰ ਸ਼ਹਿਰ ਨੂੰ ਸਫ਼ਾਈ ਪੱਖੋਂ ਪੂਰੇ ਦੇਸ਼ ਵਿੱਚ 222ਵਾਂ ਅਤੇ ਪੰਜਾਬ ਵਿੱਚ 5ਵਾਂ ਸਥਾਨ ਪ੍ਰਾਪਤ ਹੋਇਆ ਸੀ ਜੋ ਕਿ ਹੁਣ ਜ਼ਿਲਾ ਪ੍ਰਸ਼ਾਸਨ ਦੀ ਮਿਹਨਤ ਅਤੇ ਸਮੂਹ ਜ਼ਿਲਾ ਵਾਸੀਆਂ ਦੇ ਸਹਿਯੋਗ ਨਾਲ ਸਾਲ 2018 ਦੌਰਾਨ ਫਿਰੋਜ਼ਪੁਰ ਜ਼ਿਲੇ ਨੂੰ ਪੂਰੇ ਦੇਸ਼ ਵਿੱਚ 20ਵਾਂ ਅਤੇ ਪੰਜਾਬ ਵਿੱਚ ਦੂਸਰਾ ਸਥਾਨ ਪ੍ਰਾਪਤ ਹੋਇਆ ਹੈ ਜੋ ਕਿ ਬਹੁਤ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ। ਉਨਾਂ ਦੱਸਿਆ ਕਿ ਇਹ ਸਵੱਛਤਾ ਰੈਕਿ ਇੱਕ ਲੱਖ ਤੋਂ 10 ਲੱਖ ਤੱਕ ਦੀ ਆਬਾਦੀ ਦੇ 535 ਸ਼ਹਿਰਾਂ ਦੀ ਹੈ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੀ ਇਹ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਸਮੇਂ ਵਿੱਚ ਫਿਰੋਜ਼ਪੁਰ ਜ਼ਿਲੇ ਨੂੰ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਵੇ। ਉਨਾਂ ਦੱਸਿਆ ਕਿ ਭਾਰਤ ਸਰਕਾਰ ਨੇਂ ਆਮ ਲੋਕਾਂ ਵਾਸਤੇ ਬੜੀ ਵੱਡੀ ਸਹੂਲਤ ਦਿੱਤੀ ਹੈ ਕਿ ਕੋਈ ਵੀ ਵਿਅਕਤੀ ਆਪਣੇ ਆਸ-ਪਾਸ ਸਫ਼ਾਈ ਸਬੰਧੀ ਸ਼ਿਕਾਇਤ ਨੂੰ ਆਪਣੇ ਮੋਬਾਈਲ ਰਾਹੀਂ ਐਪ ਤੇ ਦਰਜ ਕਰਵਾ ਸਕੇ ਜੋ ਇੱਕ ਬਹੁਤ ਵਧੀਆ ਕਾਰਜ ਸਿੱਧ ਹੋਇਆ ਹੈ ਜਿਸ ਤਹਿਤ ਫਿਰੋਜ਼ਪੁਰ ਜ਼ਿਲੇ ਨੂੰ ਪੂਰੇ ਪੰਜਾਬ ਵਿੱਚ ਦੂਸਰਾ ਸਥਾਨ ਪ੍ਰਾਪਤ ਹੋਇਆ ਹੈ। ਉਨਾਂ ਜਿੱਥੇ ਸਮੂਹ ਜ਼ਿਲਾ ਵਾਸੀਆਂ ਨੂੰ ਸਵੱਛਤਾ ਅਭਿਆਨ ਦਾ ਹਿੱਸਾ ਬਣ ਕੇ ਫ਼ਿਰੋਜ਼ਪੁਰ ਨੂੰ ਸਫ਼ਾਈ ਪੱਖੋਂ ਵਧੀਆ ਜ਼ਿਲਾ ਬਣਾਉਣ ਤੇ ਉਨਾਂ ਦਾ ਧੰਨਵਾਦ ਕੀਤਾ, ਉੱਥੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰਾਂ ਹੀ ਆਪਣੇ ਘਰਾਂ ਅਤੇ ਆਲੇ-ਦੁਆਲੇ ਸਫਾਈ ਰੱਖਣ ਤਾਂ ਜੋ ਅਗਲੇ ਸਰਵੇਖਣ ਵਿੱਚ ਫਿਰੋਜ਼ਪੁਰ ਜ਼ਿਲੇ ਨੂੰ ਪਹਿਲਾ ਸਥਾਨ ਹਾਸਲ ਹੋ ਸਕੇ।