ਗੈਂਗਸਟਰ ਨੇ ਨਗਰ ਕੌਂਸਲ ਪ੍ਰਧਾਨ ਦੀ ਗੱਡੀ ਨੂੰ ਲਗਾਈ ਅੱਗ

ਨਿਹਾਲ ਸਿੰਘ ਵਾਲਾ 13 ਮਾਰਚ ( )-ਨਗਰ ਕੌਂਸਲ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਗਰਗ ਨੂੰ ਪੰਜਾਬ ਦੇ ਨਾਮੀ ਗੈਗਸਟਰ ਵੱਲੋਂ ਪਿਛਲੇ  ਦਿਨਾਂ ਤੋਂ ਲਗਾਤਾਰ ਮਿਲ ਰਹੀਆ ਧਮਕੀਆ ਤੋਂ ਬਾਅਦ ਉਸ ਦੀ ਅਨੋਵਾ ਗੱਡੀ ਨੂੰ ਲੰਘੀ ਰਾਤ ਅੱਗ ਲਗਾ ਕੇ ਸਾੜਣ ਤੋਂ ਬਾਅਦ ਹਲਕੇ ਅੰਦਰ ਭਾਰੀ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ। ਪੁਲਿਸ ਪਾਸ ਦਰਜ਼ ਕਰਵਾਏ ਬਿਆਨ ਵਿਚ ਪ੍ਰਧਾਨ ਇੰਦਰਜੀਤ ਜੌਲੀ ਨੇ ਕਿਹਾ ਕਿ 13 ਦਿਨ ਤੋਂ ਗੈਂਗਸਟਰ ਵੱਲੋਂ ਲਗਾਤਾਰ ਮੈਨੂੰ ਮੇਰੇ ਮੋਬਾਇਲ ਫ਼ੋਨ ਤੇ ਵੱਟਸਐਪ ਨੰਬਰ ਤੋਂ ਧਮਕੀਆ ਮਿਲ ਰਹੀਆ ਸਨ ਅਤੇ ਫਰੌਤੀ ਦੀ ਮੰਗ ਕੀਤੀ ਜਾ ਰਹੀ ਸੀ । ਇਸ ਸਬੰਧੀ ਮੈਂ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ  ਸੀ ਅਤੇ ਲੰਘੀ ਰਾਤ ਮੈਂ ਆਪਣੀ ਗੱਡੀ ਆਪਣੇ ਗੇਟ ਅੱਗੇ ਖੜਾ ਕੇ ਸੁੱਤਾ ਪਿਆ ਸੀ ਕਿ ਮੇਰੀ ਗੱਡੀ ਨੂੰ ਰਾਤ ਸਮੇਂ ਅੱਗ ਲਗਾ ਦਿੱਤੀ ਗਈ ।  ਉਨਾਂ ਕਿਹਾ ਕਿ ਮੈਨੂੰ ਹੁਣ ਵੀ ਲਗਾਤਾਰ ਧਮਕੀਆਂ ਮਿਲ ਰਹੀਆ ਹਨ।    ਇਸ ਘਟਨਾ ਤੋਂ ਬਾਅਦ ਐਸ.ਪੀ.ਡੀ. ਮੋਗਾ ਵਜੀਰ ਸਿੰਘ , ਡੀ.ਐਸ.ਪੀ. ਡੀ. ਸਰਬਜੀਤ ਸਿੰਘ ਵਾਹੀਆ , ਡੀ.ਐਸ.ਪੀ. ਸੁਬੇਗ ਸਿੰਘ ਨਿਹਾਲ ਸਿੰਘ ਵਾਲਾ , ਸਪੈਸ਼ਲ ਸਟਾਫ਼ ਮੋਗਾ ਦੇ ਇੰਚਾਰਜ਼ ਕਿੱਕਰ ਸਿੰਘ , ਥਾਣਾ ਮੁੱਖੀ ਨਿਹਾਲ ਸਿੰਘ ਵਾਲਾ ਜਸਵੰਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ । ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆ ਦੀ ਫੁਟੇਜ਼ ਨੂੰ ਕਬਜੇ ਵਿਚ ਲੈ ਕੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫੁਟੇਜ਼ ਵਿਚ ਇਹ ਗੱਲ ਸਾਹਮਣੇ ਆਈ ਕਿ ਗੱਡੀ ਨੂੰ ਅੱਗ ਲਗਾਉਣ ਵਾਲੇ ਦੋ ਅਣਪਛਾਤੇ ਨੌਜਵਾਨ ਮੋਟਰਸਾਇਕਲ ਤੇ ਸਵਾਰ ਸਨ।