ਜਿੰਦਾ ਹੈਂਡ ਗਰਨੇਡ ਅਤੇ 150 ਕਾਰਤੂਸ ਮਿਲਣ ਨਾਲ ਮੋਗਾ ਦੇ ਪਿੰਡ ਮਾਹਲਾ ਕਲਾਂ ਵਿਖੇ ਦਹਿਸ਼ਤ ਦਾ ਮਾਹੌਲ

ਮੋਗਾ,13 ਮਾਰਚ (ਜਸ਼ਨ)-ਮੋਗਾ ਜ਼ਿਲੇ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਮਾਹਲਾ ਕਲਾਂ ਵਿਖੇ ਅੱਜ ਇੱਕ ਪਲਾਟ ਦੀ  ਖੁਦਾਈ ਦੌਰਾਨ ਦੋ ਜਿੰਦਾ ਹੱਥ ਗੋਲੇ (ਗਰਨੇਡ) ਅਤੇ 150 ਦੇ ਕਰੀਬ ਜਿੰਦਾ ਕਾਰਤੂਸ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ।   ਘਟਨਾਕ੍ਰਮ ਅਨੁਸਾਰ ਮਾਹਲਾ ਕਲਾਂ ਦੇ ਵਸਨੀਕ ਸਾਬਕਾ ਸਰਪੰਚ ਗੁਰਦੀਪ ਸਿੰਘ ਨੇ ਆਪਣੇ ਘਰ ਨਾਲ ਲਗਦੀ ਕੁਝ ਜਗਹ ਪਿੰਡ ਦੇ ਹੀ ਵਸਨੀਕ ਗੁਰਨਾਮ ਸਿੰਘ ਕੋਲੋ ਪ੍ਰਾਪਤ ਕੀਤੀ ਸੀ,ਜਿਸ  ਨੇ ਇਹ ਪਲਾਟ ਆਪਣੇ ਸਵਰਗੀ ਚਾਚੇ ਬੰਤਾ ਸਿੰਘ ਕੋਲੋ ਖਰੀਦਿਆ ਸੀ ਜਿਸ ਦੇ ਪਰਿਵਾਰਕ ਮੈਂਬਰ ਫੌਜ ਵਿੱਚ ਨੌਕਰੀ ਕਰਦੇ ਰਹੇ ਸਨ। ਅੱਜ ਜਦੋਂ ਸਾਬਕਾ ਸਰਪੰਚ ਗੁਰਦੀਪ ਸਿੰਘ ਉਸ ਜਗਹ ਦੀ ਢਾਹ ਢੁਆਈ ਕਰਨ ਉਪਰੰਤ ਆਪਣੇ ਪਸ਼ੂਆਂ ਵਾਸਤੇ ਬਰਾਂਡਾਂ ਬਣਾਉਣ ਲਈ ਖੁਦਾਈ ਕਰਵਾ ਰਿਹਾ ਸੀ ਤਾਂ ਖੁਦਾਈ ਦੌਰਾਨ ਇੱਕ ਝੋਲਾ ਪ੍ਰਾਪਤ ਹੋਇਆ ਜਿਸ ਨੂੰ ਖੋਲਣ ਤੇ ਉਸ ਵਿੱਚ ਅਸਲਾ ਦੇਖਣ ’ਤੇ ਮੌਕੇ ’ਤੇ ਮੌਜੂਦ ਲੋਕਾਂ ਦੇ ਹੱਥਾਂ ਦੇ ਤੋਤੇ ਉੱਡ ਗਏ। ਉਹਨਾਂ ਇਸ ਅਸਲੇ ਦੀ ਸੂਚਨਾ ਪਿੰਡ ਦੇ ਸਰਪੰਚ ਅਤੇ ਮੋਹਤਬਰਾਂ ਨੂੰ ਦਿੱਤੀ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਸੂੁਚਿਤ ਕੀਤਾ ਗਿਆ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਬਾਘਾਪੁਰਾਣਾ ਥਾਣੇ ਦੇ ਮੁੱਖ ਜੰਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਹ ਤੁਰੰਤ ਮੌਕੇ ’ਤੇ ਪਹੰੁਚੇ ਅਤੇ ਉਕਤ ਅਸਲੇ ਦੁਆਲੇ ਰੇਤੇ ਦੀਆਂ ਬੋਰੀਆਂ ਲਗਵਾ ਕੇ ਇਸ ਨੂੰ ਸੁਰੱਖਿਅਤ ਕਰ ਦਿੱਤਾ ਤਾਂ ਕਿ ਫੌਜ ਦੇ ਮਾਹਿਰਾਂ ਦੀ ਦੇਖਰੇਖ ਵਿਚ ਇਸ ਅਸਲੇ ਨੂੰ ਨਸ਼ਟ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਆਰਮੀ ਦੀ ਟੀਮ ਦੇ ਮਾਹਿਰ ਅਧਿਕਾਰੀਆਂ ਦਾ  ਇੰਤਜ਼ਾਰ ਕੀਤਾ ਜਾ ਰਿਹਾ ਸੀ । ਜ਼ਿਕਰਯੋਗ ਹੈ ਕਿ ਮਾਹਲਾ ਪਿੰਡ ਚੀਨ ਦੀ ਲੜਾਈ ਵਿੱਚ ਸ਼ਹੀਦ ਹੋਏ ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੋਗਿੰਦਰ ਸਿੰਘ ਦਾ ਜੱਦੀ ਪਿੰਡ ਹੈ। ਇਸ ਅਸਲੇ ਸਬੰਧੀ ਲੋਕਾਂ ਵਿਚ ਤਰਾਂ ਤਰਾਂ ਦੇ ਚਰਚੇ ਛਿੜ ਗਏ ਹਨ । ਕਈ ਲੋਕ ਇਸ ਅਸਲੇ ਦਾ ਸਬੰਧ 1984 ਤੋਂ ਬਾਅਦ ਪੰਜਾਬ ਦੇ ਕਾਲੇ ਦੌਰ ਦੇ ਅੱਤਵਾਦ ਨਾਲ ਜੋੜ ਰਹੇ ਹਨ ਅਤੇ ਕਈ ਇਸ ਨੂੰ ਫੌਜੀ ਬੰਤ ਸਿੰਘ ਵੱਲੋਂ ਸੰਭਾਲੇ ਅਸਲੇ ਵਜੋਂ ਦੇਖ ਰਹੇ ਹਨ । ਇਹ ਵੀ ਵਰਨਣਯੋਗ ਹੈ ਕਿ ਫੌਜੀ ਬੰਤ ਸਿੰਘ ਦੇਸ਼ ਪ੍ਰਸਤ ਵਜੋਂ ਜਾਣਿਆ ਜਾਂਦਾ ਸੀ ਅਤੇ ਪਿੰਡ ਮਾਹਲਾ ਅੱਤਵਾਦ ਵੇਲੇ ਪ੍ਰਭਾਵਿਤ ਪਿੰਡਾਂ ਵਿਚ ਸ਼ਾਮਲ ਸੀ ।