ਫ਼ੌਜੀ ਅਧਿਕਾਰੀ ਤੇ ਉਸ ਦਾ ਪਰਿਵਾਰ ਬੇਰੁਜ਼ਗਾਰਾਂ ਲਈ ਬਣਿਆ ਰਾਹ ਦਸੇਰਾ,ਸ਼ੌਕ ਦੇ ਨਾਲ-ਨਾਲ ਮਧੂ-ਮੱਖੀ ਪਾਲਨ ਨੂੰ ਬਣਾਇਆ ਸਹਾਇਕ ਧੰਦਾ

ਫ਼ਿਰੋਜ਼ਪੁਰ,13 ਮਾਰਚ  (ਪੰਕਜ ਕੁਮਾਰ ) ਫ਼ੌਜ ਦੇ ਅਧਿਕਾਰੀ ਕਰਨਲ ਡਾ. ਐੱਸ.ਵੀ.ਐੱਸ ਸੁਧਾਰਕਰ, ਉਨ੍ਹਾਂ ਦੀ ਮਾਤਾ ਸ੍ਰੀਮਤੀ ਐੱਸ.ਵੀ. ਜੈਯਾਲਕਸ਼ਮੀ ਅਤੇ ਸਿੱਖਿਆ ਸ਼ਾਸਤਰੀ ਪਤਨੀ ਸ੍ਰੀਮਤੀ ਮੰਜੂ ਬਾਲਾ ਨੇ ਸ਼ਹਿਦ ਵਾਲੀਆਂ ਮਧੂ ਮੱਖੀਆਂ ਪਾਲਨ ਦਾ ਧੰਦਾ ਸ਼ੁਰੂ ਕਰਕੇ ਅਤੇ ਇਸ ਵਿਚੋਂ ਜ਼ਿਆਦਾ ਆਮਦਨੀ ਪ੍ਰਾਪਤ ਕਰਨ ਲਈ ਨਵੇਂ ਤਜਰਬੇ ਕਰਕੇ ਰਾਜ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਮਾਰਗ ਦਰਸ਼ਕ ਦਾ ਕੰਮ ਕੀਤਾ ਹੈ । ਕਰਨਲ ਡਾ. ਸੁਧਾਰਕਰ ਨੇ ਦੱਸਿਆ ਕਿ ਉਸ ਦੀ ਬਦਲੀ 2015 ਵਿਚ ਮਿਲਟਰੀ ਡੇਅਰੀ ਫਾਰਮ ਫ਼ਿਰੋਜ਼ਪੁਰ ਵਿਖੇ ਹੋਈ ਤੇ ਉਨ੍ਹਾਂ ਨੇ ਪੰਜਾਬ ਦੀ ਖੇਤੀ, ਸਹਾਇਕ ਧੰਦਿਆਂ ਨੂੰ ਨੇੜੇ ਹੋ ਕੇ ਵੇਖਿਆ। ਜ਼ਿਲ੍ਹੇ ਦੇ ਇੱਕ ਕਿਸਾਨ ਤੋਂ ਮਧੂ ਮੱਖੀ ਪਾਲਨ (ਸ਼ਹਿਦ)  ਦੇ ਧੰਦੇ ਤੋਂ ਪ੍ਰੇਰਿਤ ਹੋ ਕੇ ਮੱਖੀ ਪਾਲਨ ਦਾ ਧੰਦਾ ਸ਼ੁਰੂ ਕੀਤਾ ਤੇ ਪਹਿਲਾ 2 ਬਕਸੇ ਖ਼ਰੀਦ ਕੇ ਪਰਿਵਾਰ ਸਮੇਤ ਇਸ ਧੰਦੇ ਦੀਆਂ ਬਾਰੀਕੀਆਂ ਨੂੰ ਸਿੱਖਿਆ। ਹੁਣ ਇਸ ਪਰਿਵਾਰ ਕੋਲ 100 ਤੋਂ ਵੱਧ ਸ਼ਹਿਦ ਵਾਲੀਆਂ ਮੱਖੀਆਂ ਦੇ ਬਕਸੇ ਹਨ ਤੇ ਇਸ ਪਰਿਵਾਰ ਨੇ ਪਹਿਲੀ ਵਾਰ 10 ਫਰੇਮਾਂ ਵਾਲੇ ਬਕਸੇ ਦੀ ਜਗ੍ਹਾ 20 ਫਰੇਮਾਂ ਵਾਲਾ ਬਕਸਾ ਈਜਾਦ ਕੀਤਾ। ਜਿਸ ਵਿਚ ਇੱਕ ਵਾਰ ਵਿਚ 20 ਤੋਂ 22 ਕਿੱਲੋ ਸ਼ਹਿਦ ਇਕੱਠਾ ਹੋ ਜਾਂਦਾ ਹੈ ਅਤੇ ਇਸ ਕਰਕੇ ਇਸ ਬਕਸੇ ਉੱਪਰ ਸੁਪਰ ਬਕਸਾ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ। ਕਰਨਲ ਸੁਧਾਰਕਰ ਨੇ ਦੱਸਿਆ ਕਿ ਇਸ ਕੰਮ ਵਿਚ ਉਸ ਦੀ ਮਾਤਾ ਸ੍ਰੀਮਤੀ ਐੱਸ.ਵੀ. ਜੈਯਾ ਲਕਸ਼ਮੀ ਤੇ ਸੁਪਤਨੀ ਮੰਜੂ ਬਾਲਾ ਦੇ ਨਾਲ ਸਹਿਯੋਗੀ ਰਾਕੇਸ਼ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਕਾਰਨ ਮਧੂ ਮੱਖੀਆਂ ਦੇ ਵੱਡੇ ਬਕਸੇ ਦਾ ਨਾਂ ਵੀ ਜੈਯਾ-ਰਾਕੇਸ਼ ਬਕਸਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਖ਼ਾਸਕਰ ਕਿਸਾਨੀ ਕਿੱਤੇ ਨਾਲ ਸਬੰਧਿਤ ਇਸ ਧੰਦੇ ਨੂੰ ਸਹਾਇਕ ਧੰਦੇ ਵਜੋਂ ਅਪਣਾ ਕੇ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ ਤੇ ਇਸ ਧੰਦੇ ਦੀ ਪ੍ਰਫੁੱਲਤਾ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਉਹ ਸੇਵਾ ਮੁਕਤੀ ਉਪਰੰਤ ਇਸ ਧੰਦੇ ਨੂੰ ਵੱਡੇ ਪੱਧਰ ਤੇ ਕਰਕੇ ਇਸ ਦੀ ਮਾਰਕੀਟਿੰਗ ਕਰਨਗੇ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੀ ਸਵੈ-ਰੁਜ਼ਗਾਰ ਲਈ ਪ੍ਰੇਰਿਤ ਕਰਨਗੇ।