ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ ,ਵੱਖ ਵੱਖ ਜ਼ਿਲਿਆਂ ਦੇ ਗੋਦਾਮਾਂ ’ਚੋਂ ਚੌਲ ਚੋਰੀ ਕਰਨ ਵਾਲਾ ਗਿਰੋਹ ਕਾਬੂ

ਮੋਗਾ, 12 ਮਾਰਚ (ਜਸ਼ਨ)-ਜਿਲਾ ਪੁਲਿਸ ਮੁਖੀ ਰਾਜਜੀਤ ਸਿੰਘ ਹੁੰਦਲ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਗਾ ਪੁਲਿਸ ਨੇ ਵੱਖ-ਵੱਖ ਜ਼ਿਲਿਆਂ ਦੇ ਗੋਦਾਮਾਂ ‘ਚੋਂ ਚੌਲ ਚੋਰੀ ਕਰਨ ਵਾਲੇ ਇਕ ਵੱਡੇ ਗਰੋਹ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਏ। ਉਹਨਾਂ ਦੱਸਿਆ ਕਿ ਬੀਤੀ 22-23 ਫਰਵਰੀ ਦੀ ਦਰਮਿਆਨੀ ਰਾਤ ਨੂੰ ਬਾਘਾਪੁਰਾਣਾ ਦੇ ਜੈ ਸਿੰਘ ਵਾਲਾ ਰੋਡ ‘ਤੇ ਬਣੇ ਵੇਅਰ ਹਾਊਸ ਦੇ ਗੋਦਾਮ ‘ਚੋਂ 1500 ਦੇ ਕਰੀਬ ਚੌਲਾਂ ਦੀਆਂ ਬੋਰੀਆਂ ਚੋਰੀ ਕਰ ਲਈਆਂ ਸਨ ਅਤੇ ਇਸ ਮਾਮਲੇ ਨੂੰ ਲੈ ਕੇ ਐਸ. ਪੀ. ਇੰਨਵੈਸਟੀਗੇਸਨ ਵਜੀਰ ਸਿੰਘ, ਸਰਬਜੀਤ ਸਿੰਘ ਬਾਹੀਆ ਡੀ. ਐਸ. ਪੀ. ਇੰਨਵੈਸਟੀਗੇਸਨ ਤੇ ਸਪੈਸਲ ਸਟਾਫ ਮੋਗਾ ਦੇ ਇੰਸਪੈਕਟਰ ਕਿੱਕਰ ਸਿੰਘ ਅਤੇ ਥਾਣਾ ਬਾਘਾ ਪੁਰਾਣਾ ਦੇ ਇੰਸਪੈਕਟਰ ਜੰਗਜੀਤ ਸਿੰਘ ਵਲੋਂ ਦੀ ਜਾਂਚ ਬਾਰੀਕੀ ਨਾਲ ਕੀਤੀ ਜਾ ਰਹੀ ਸੀ । ਉਹਨਾਂ ਦੱਸਿਆ ਕਿ ਇਸ ਇੰਨਵੈਸਟੀਗੇਸ਼ਨ ਦੌਰਾਨ ਮੋਗਾ ਪੁਲਿਸ ਨੇ ਉਕਤ ਚੋਰ ਗਰੋਹ ਤੱਕ ਪਹੁੰਚ ਕਰ ਲਈ । ਉਨਾਂ ਦੱਸਿਆ ਕਿ ਬੀਤੇ ਦਿਨ ਪੁਲਿਸ ਨੂੰ ਮਿਲੀ ਮੁਖਬਰੀ ਦੇ ਆਧਾਰ ‘ਤੇ ਕੀਤੀ ਗਈ ਸਪੈਸ਼ਲ ਨਾਕੇਬੰਦੀ ਕੀਤੀ ਗਈ ਸੀ। ਇਸ ਨਾਕਾਬੰਦੀ ਦੌਰਾਨ ਫੂਲੇਵਾਲਾ ਨਹਿਰ ‘ਤੇ ਜਦ ਇਕ ਆ ਰਹੇ ਟਰੱਕ ਨੂੰ ਰੋਕਿਆ ਤਾਂ ਉਸ ‘ਚ ਸਵਾਰ 8 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਗਿ੍ਰਫਤ ਵਿਚ ਆਏ ਵਿਅਕਤੀਆਂ ਨੂੰ ਅਦਾਲਤ ’ਚੇ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਜ਼ਿਲਾ ਪੁਲਿਸ ਮੁਖੀ ਰਾਜਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਕੁਲਦੀਪ ਸਿੰਘ ਕੋਲੋਂ 400 ਗੱਟੇ ਬਰਾਮਦ ਕਰ ਲਏ ਗਏ ਹਨ।  ਕੁਲਦੀਪ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਸਾਰੇ ਗੱਟੇ ਰਾਜਾ ਰਾਮ ਪੁੱਤਰ ਸੰਤੋਖ ਸਿੰਘ ਤੇ ਸੰਤੋਖ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਤਰਨਤਾਰਨ ਨੂੰ ਵੇਚੇ ਹਨ।  ਜਦ ਮੋਗਾ ਪੁਲਿਸ ਪਾਰਟੀ ਦੋਸੀ ਕੁਲਦੀਪ ਸਿੰਘ ਨੂੰ ਲੈ ਕੇ ਤਰਨਤਾਰਨ ਪਹੁੰਚੀ ਤਾਂ ਉਥੇ ਦਸ਼ਮੇਸ਼ ਐਗਰੋ ਸਪੋਟ ਦੇ ਕੰਡੇ ‘ਤੇ ਚੋਰੀ ਕੀਤੀਆਂ ਬੋਰੀਆਂ ਲੁਕਾ ਕੇ ਰੱਖੀਆਂ ਹੋਈਆਂ ਸਨ। ਉਕਤ ਸ਼ੈਲਰ ਮਾਲਕ ਰਾਜਾ ਰਾਮ ਕੋਲੋਂ 766 ਬੋਰੀਆਂ ਚੌਲ ਬਰਾਮਦ ਕੀਤੇ ਤੇ 264 ਬੋਰੀਆਂ ਸਤਿਗੁਰੂ ਰਾਈਸ ਮਿੱਲ ਜੰਡਿਆਲਾ ਗੁਰੂ ਤੋਂ ਬਰਾਮਦ ਕਰ ਲਈਆਂ ਗਈਆਂ ਹਨ। ਜ਼ਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਉਕਤ ਗਰੋਹ ਦੇ ਮੈਂਬਰ ਜਿਨਾਂ ਦੀ ਅਜੇ ਗਿ੍ਰਫਤਾਰੀ ਹੋਣੀ ਬਾਕੀ ਹੈ, ਉਹ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਗੋਦਾਮਾਂ ‘ਚੋਂ ਚੌਕੀਦਾਰਾਂ ਨੂੰ ਬੰਨ ਕੇ ਹੀ ਚੌਲ ਚੋਰੀ ਕਰਦੇ ਸਨ ਅਤੇ ਇਸ ਗਰੋਹ ਨੇ ਜਗਰਾਉਂ, ਲੁਧਿਆਣਾ, ਸਾਹਕੋਟ ਤੇ ਜਲੰਧਰ ਦੇ ਗੋਦਾਮਾਂ ‘ਚੋਂ ਵੀ ਚੌਲ ਚੋਰੀ ਕੀਤੇ ਸਨ । ਉਹਨਾਂ ਦੱਸਿਆ ਕਿ ਹੁਣ ਤੱਕ ਮੋਗਾ ਪੁਲਿਸ ਨੇ ਚੋਰੀ ਕੀਤੇ ਚੌਲਾਂ ਦੇ 1474 ਗੱਟੇ ਬਰਾਮਦ ਕਰ ਲਏ ਹਨ । ਉਨਾਂ ਇਹ ਵੀ ਦੱਸਿਆ ਕਿ ਗਿ੍ਰਫਤਾਰ ਦਿਲਬਾਗ ਸਿੰਘ ਦੇ ਖਿਲਾਫ 3 ਚੋਰੀ ਦੇ ਮੁਕੱਦਮੇ ਦਰਜ ਹਨ ਅਤੇ ਭਗੌੜੇ ਦੋਸ਼ੀ ਜਸਵੀਰ ਸਿੰਘ ਉਰਫ ਜੱਸਾ ਦੇ ਖਿਲਾਫ 5 ਚੋਰੀ ਦੇ ਮੁਕੱਦਮੇ ਦਰਜ ਹਨ ਤੇ ਚੰਨਣ ਸਿੰਘ ਪੁੱਤਰ ਸੁਬੇਗ ਸਿੰਘ ਦੇ ਖਿਲਾਫ ਚੋਰੀ ਦੇ 2 ਮੁਕੱਦਮੇ ਦਰਜ ਹਨ ਅਤੇ ਗੁਰਮੀਤ ਸਿੰਘ ਉਰਫ ਬੀਤਾ ਪੁੱਤਰ ਬਲਬੀਰ ਸਿੰਘ ਦੇ ਖਿਲਾਫ ਵੀ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਹਨ । ਜ਼ਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਸ਼ੈਲਰ ਮਾਲਕ ਰਾਜਾ ਰਾਮ ਨੂੰ ਅਦਾਲਤ ਪੇਸ਼ ਕਰ ਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਉਸ ਕੋਲੋਂ ਹੋਰ ਵੀ ਸੁਰਾਗ ਮਿਲ ਸਕੇ। ਇਸ ਮੌਕੇ ਡੀ. ਐਸ. ਪੀ. ਸਰਬਜੀਤ ਸਿੰਘ ਬਾਹੀਆ, ਡੀ. ਐਸ. ਪੀ. ਬਾਘਾ ਪੁਰਾਣਾ ਸੁਖਦੀਪ ਸਿੰਘ, ਸਪੈਸ਼ਲ ਸਟਾਫ ਦੇ ਐਸ. ਐਚ. ਓ. ਕਿੱਕਰ ਸਿੰਘ ਹਾਜ਼ਰ ਸਨ ।